ਬਟਾਲਾ, 27 ਦਸੰਬਰ : ਸਿਟੀਜ਼ਨ ਸੋਸ਼ਲ ਵੈੱਲਫੇਅਰ ਫੋਰਮ (ਰਜਿ), ਬਟਾਲਾ ਵੱਲੋਂ ਤੀਸਰਾ ਕਰਨਲ ਗੁਰਦਰਸ਼ਨਪਾਲ ਸਿੰਘ ਵੜੈਚ ਯਾਦਗਾਰੀ ਅਧਿਆਪਕ ਸਨਮਾਨ ਸਮਾਰੋਹ ਕਰਵਾਇਆ ਗਿਆ। ਲੈਫਟੀਨੈਂਟ ਕਰਨਲ ਗੁਰਦਰਸ਼ਨਪਾਲ ਸਿੰਘ ਵੜੈਚ ਅਧਿਆਪਕ ਵਰਗ ਲਈ ਇਕ ਰਾਹ-ਦਸੇਰਾ ਸਨ। ਉਹਨਾਂ ਦੇ ਜੀਵਨ ਉਦੇਸ਼ "ਵਿਦਿਆ ਨਾਲ ਪਿਆਰ" ਸੀ। ਉਹਨਾਂ ਨੇ 1953 ਵਿੱਚ ਭਾਰਤੀ ਫੌਜ ਵਿੱਚ ਕਮਿਸ਼ਨ ਲਿਆ। ਫੌਜ ਵਿੱਚ ਆਪਣੀ ਸੇਵਾ ਦੌਰਾਨ ਉਹਨਾਂ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਉਹਨਾਂ ਐੱਮ.ਏ ਪੁਲੀਟੀਕਲ ਸਾਇੰਸ ਅਤੇ ਐੱਮ.ਏ ਇਕਨਾਮਿਕਸ ਦੀਆਂ ਡਿਗਰੀਆਂ ਪ੍ਰਾਪਤ ਕਰ ਲਈਆਂ। ਉਹਨਾਂ ਨੇ 1970 ਵਿੱਚ ਸਾਗਰ ਯੂਨੀਵਰਸਿਟੀ ਤੋਂ ਪੁਲੀਟੀਕਲ ਸਾਇੰਸ ਵਿਸ਼ੇ ਵਿੱਚ ਪੀ.ਐੱਚ. ਡੀ ਦੀ ਡਿਗਰੀ ਪ੍ਰਾਪਤ ਕੀਤੀ। ਉਸ ਸਮੇਂ ਉਹ ਭਾਰਤੀ ਫੌਜ ਦੇ ਪਹਿਲੇ ਅਜਿਹੇ ਅਫਸਰ ਸਨ, ਜਿੰਨ੍ਹਾਂ ਨੇ ਪੀ.ਐੱਚ.ਡੀ ਦੀ ਡਿਗਰੀ ਪ੍ਰਾਪਤ ਕੀਤੀ ਸੀ। 1973 ਵਿੱਚ ਉਹ ਰਾਸ਼ਟਰੀ ਇੰਡੀਅਨ ਮਿਲਟਰੀ ਕਾਲਜ, ਡੇਹਰਾਦੂਨ ਦੇ ਕਮਾਂਡੈਂਟ ਬਣ ਗਏ। ਆਰਮੀ ਐਜੂਕੇਸ਼ਨ ਕੋਰ ਵਿੱਚ ਲਗ-ਭਗ 14 ਸਾਲ ਸੇਵਾ ਕਰਨ ਤੋਂ ਬਾਅਦ, ਉਹਨਾਂ ਨੇ ਦਸੰਬਰ 1978 ਵਿੱਚ, ਸਮੇਂ ਤੋਂ ਪਹਿਲਾਂ ਹੀ ਫੌਜ ਵਿੱਚੋਂ ਰਿਟਾਇਰਮੈਂਟ ਲੈ ਲਈ। ਉਹ ਉਸ ਸਮੇਂ ਭਾਰਤੀ ਫ਼ੌਜ ਦੀ ਈਸਟਰਨ ਕਮਾਂਡ ਵਿੱਚ ਐਜੂਕੇਸ਼ਨ ਦੇ ਮੁੱਖੀ ਸਨ। ਇਹ ਵੀ ਇਤਫ਼ਾਕ ਹੀ ਸਮਝੋ ਕਿ ਜਿਸ ਅਹੁਦੇ ਤੋਂ ਉਹਨਾਂ ਦੇ ਪਿਤਾ ਜੀ ਸਃ ਕੈਪਟਨ ਭਾਗ ਸਿੰਘ ਵੜੈਚ (ਲੱਧੇਵਾਲਾ- ਗੁਜਰਾਂਵਾਲਾ)1924 ਵਿੱਚ ਆਪਣੀ ਰਿਟਾਇਰਮੈਂਟ ਵੇਲੇ ਵੀ ਭਾਰਤੀ ਫ਼ੌਜ ਦੀ ਈਸਟਰਨ ਕਮਾਂਡ ਵਿੱਚ ਐਜੂਕੇਸ਼ਨ ਦੇ ਮੁਖੀ ਸਨ, ਉਸੇ ਹੀ ਅਹੁਦੇ ਤੋਂ 54 ਸਾਲ ਬਾਅਦ ਕਰਨਲ ਵੜੈਚ ਰਿਟਾਇਰ ਹੋਏ। ਆਪਣੀ ਦਸੰਬਰ 1978 ਵਿੱਚ ਇੱਛਤ ਰਿਟਾਇਰਮੈਂਟ ਤੋਂ ਬਾਅਦ ਉਹ ਦਿੱਲੀ ਪਬਲਿਕ ਸਕੂਲ, ਮਥਰਾ ਰੋਡ, ਨਵੀਂ ਦਿੱਲੀ ਦੇ ਪ੍ਰਿੰਸੀਪਲ ਨਿਯੁਕਤ ਹੋਏ। 1983 ਵਿੱਚ ਉਹਨਾਂ ਨੇ ਇਸ ਸਕੂਲ ਅੰਦਰ ਤੀਸਰੀ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਕੰਪਿਊਟਰ ਦੀ ਪੜ੍ਹਾਈ ਸ਼ੁਰੂ ਕਰਵਾ ਦਿੱਤੀ। ਉਸ ਸਮੇਂ ਦਿੱਲੀ ਪਬਲਿਕ ਸਕੂਲ, ਮਥਰਾ ਰੋਡ ਪੂਰੇ ਭਾਰਤ ਦਾ ਪਹਿਲਾ ਇੱਕਲਾ ਅਜਿਹਾ ਸਕੂਲ ਸੀ, ਜਿਸ ਸਕੂਲ ਅੰਦਰ ਤੀਸਰੀ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਕੰਪਿਊਟਰ ਦੀ ਪੜ੍ਹਾਈ ਸ਼ੁਰੂ ਕਰਵਾਈ ਗਈ ਸੀ। ਉਹਨਾਂ ਦੀ ਇਸ ਪਹਿਲ ਕਦਮੀ ਦਾ ਉਸ ਸਮੇਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਇਕ ਹਿੱਸੇ ਵੱਲੋਂ ਬੜਾ ਵਿਰੋਧ ਹੋਇਆ, ਪਰ ਅੱਜ ਇਹ ਕੰਪਿਊਟਰ ਸਿਖਿਆ ਦੇ ਸਕੂਲੀ ਇਤਿਹਾਸ ਵਿੱਚ ਮੋਢੀ ਸਕੂਲ ਬਣ ਚੁੱਕਾ ਹੈ। 1984 ਦੇ ਦਿੱਲੀ ਕਤਲੇਆਮ ਤੋਂ ਬਾਅਦ 1985 ਵਿੱਚ ਉਹ ਡਾਇਰੈਕਟਰ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਜ਼ ਨਵੀਂ ਦਿੱਲੀ ਬਣੇ। ਆਖਰਕਾਰ 1987 ਵਿੱਚ ਉਹਨਾਂ ਜੀ ਟੀ ਰੋਡ ਕਰਨਾਲ ਵਿਖੇ ਹਿਮਾਲਿਆ ਪਬਲਿਕ ਸਕੂਲ ਦੀ ਸਥਾਪਨਾ ਕੀਤੀ। ਪਰ ਮਾਰਚ 1999 ਵਿੱਚ ਅਧਰੰਗ ਦੇ ਹਮਲੇ ਕਾਰਨ 14 ਨਵੰਬਰ 2015 ਨੂੰ ਸੁਰਗਵਾਸ ਹੋ ਗਏ। ਉਹਨਾਂ ਦੀ ਅੰਤਿਮ ਇੱਛਾ ਅਨੁਸਾਰ ਪਰਿਵਾਰ ਵੱਲੋਂ ਉਹਨਾਂ ਦੀ ਮ੍ਰਿਤਕ ਦੇਹ ਪੀ ਜੀ ਆਈ ਚੰਡੀਗੜ੍ਹ ਨੂੰ ਖੋਜ ਕਾਰਜਾਂ ਲਈ ਦਾਨ ਕਰ ਦਿੱਤੀ ਗਈ। ਕਰਨਲ ਗੁਰਦਰਸ਼ਨਪਾਲ ਸਿੰਘ ਵੜੈਚ ਅਧਿਆਪਕ ਸਨਮਾਨ ਸਮਾਰੋਹ" ਭੈਣ ਜੀ ਪ੍ਰਿੰਸੀਪਲ ਮਨਜੀਤ ਕੌਰ ਵੜੈਚ ਅਤੇ ਪਰਿਵਾਰ ਵੱਲੋਂ ਮਿਲੀ ਪ੍ਰੇਰਨਾ ਨਾਲ 2020 ਵਿੱਚ ਸ਼ੁਰੂ ਕੀਤਾ ਗਿਆ ਸੀ। ਇਸ ਸਾਲ ਇਸ ਤੀਸਰੇ ਕਰਨਲ ਗੁਰਦਰਸ਼ਨਪਾਲ ਸਿੰਘ ਵੜੈਚ ਸਨਮਾਨ ਸਮਾਰੋਹ ਵਿੱਚ, ਸਾਡੇ ਵਿੱਛੜ ਚੁੱਕੇ ਸਾਥੀ ਸ੍ਰ ਪਿਆਰਾ ਸਿੰਘ ਮਾਨਵ ਦੇ ਬੇਟੇ ਡਾ ਸਰਬਜੀਤ ਸਿੰਘ ਰੰਧਾਵਾ ਰਿਟਾਇਰਡ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਸਨਮਾਨ ਸਮਾਗਮ ਦੌਰਾਨ ਸਨਮਾਨਿਤ ਕੀਤੇ ਜਾਣ ਵਾਲੇ ਅਧਿਆਪਕਾਂ ਵਿੱਚ ਡਾ ਸਤਿੰਦਰ ਸਿੰਘ ਪੰਜਾਬੀ ਅਧਿਆਪਕ, ਸਰਕਾਰੀ ਹਾਈ ਸਕੂਲ ਖੁਸ਼ੀ ਪੁਰ, ਸ਼੍ਰੀਮਤੀ ਰਣਜੀਤ ਕੌਰ ਬਾਜਵਾ, ਸਰਕਾਰੀ ਮਿਡਲ ਸਕੂਲ, ਬਹਾਦਰ ਹੁਸੈਨ, ਸ਼੍ਰੀਮਤੀ ਗੁਰਜਿੰਦਰ ਕੌਰ ਸਰਕਾਰੀ ਮਿਡਲ ਸਕੂਲ, ਚਾਹਲ ਕਲਾਂ, ਸ਼੍ਰੀ ਰਕੇਸ਼ ਮਲਹੋਤਰਾ ਸਰਕਾਰੀ ਪ੍ਰਾਇਮਰੀ ਸਕੂਲ, ਬਲਾਕ ਦੀਨਾ ਨਗਰ -1, ਸ਼੍ਰੀਮਤੀ ਰਮਨਦੀਪ ਕੌਰ ਜੈਸਮਨ ਸਕੂਲ ਫ਼ਾਰ ਡੈੱਫ, ਬਟਾਲਾ, ਸ਼੍ਰੀਮਤੀ ਹਰਜੀਤ ਕੌਰ ਜੈਸਮਨ ਸਕੂਲ ਫ਼ਾਰ ਡੈੱਫ, ਬਟਾਲਾ, ਸ਼੍ਰੀਮਤੀ ਪਰਵੀਨ ਕੌਰ ਜੈਸਮਨ ਸਕੂਲ ਫ਼ਾਰ ਡੈੱਫ, ਬਟਾਲਾ, ਸ੍ਰ ਮਨਜਿੰਦਰ ਸਿੰਘ ਅਠਵਾਲ ਸਰਕਾਰੀ ਪ੍ਰਾਇਮਰੀ ਸਕੂਲ ਨੜ੍ਹਾਂਵਾਲੀ, ਸ਼੍ਰੀ ਦਲਜੀਤ ਪਾਲ ਪੰਜਾਬੀ ਅਧਿਆਪਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਲਾਨੌਰ ਅਤੇ ਸ੍ਰ ਚਰਨਜੀਤ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਨੜ੍ਹਾਂਵਾਲੀ ਸ਼ਾਮਲ ਹਨ। ਇਹਨਾਂ ਤੋਂ ਬਿਨਾਂ ਸ਼੍ਰੀ ਪਰਮਜੀਤ ਮਹਾਜਨ ਅਤੇ ਸ੍ਰ ਗੁਰਸ਼ਰਨ ਸਿੰਘ ਗਿੱਲ ਨੂੰ ਸਮਾਜ ਅੰਦਰ ਲੋੜਵੰਦ ਅੰਗਹੀਣਾਂ ਦੀ ਸਹਾਇਤਾ ਕਰਨ ਲਈ ਪ੍ਰਸ਼ੰਸਾ ਪੱਤਰ ਦਿੱਤੇ ਗਏ। ਇਸ ਤੋਂ ਇਲਾਵਾ ਸਨਮਾਨਿਤ ਵਿਅਕਤੀਆਂ ਅਤੇ ਹਾਜ਼ਰ ਸਖਸ਼ੀਅਤਾਂ ਨੂੰ ਪੁਸਤਕਾਂ ਦੇ ਸੈੱਟ ਭੇਂਟ ਕੀਤੇ ਗਏ। ਇਸ ਮੌਕੇ ਸਿਟੀਜ਼ਨ ਸੋਸ਼ਲ ਵੈੱਲਫੇਅਰ ਫੋਰਮ (ਰਜਿ) ਬਟਾਲਾ ਵੱਲੋਂ ਆਪਣੇ ਵਿੱਛੜ ਚੁੱਕੇ ਸਾਥੀਆਂ, ਸ਼੍ਰੀ ਅਮਰਜੀਤ ਗੁਰਦਾਸਪੁਰੀ, ਸ੍ਰ ਅਮਰੀਕ ਸਿੰਘ ਮੱਲ੍ਹੀ, ਸ਼੍ਰੀ ਭਜਨ ਮਲਕਪੁਰੀ, ਸ੍ਰ ਨਿਰਮਲ ਸਿੰਘ ਮੱਲ੍ਹੀ, ਸ਼੍ਰੀ ਮਨਮੋਹਨ ਕਪੂਰ, ਸ੍ਰ ਪਿਆਰਾ ਸਿੰਘ ਮਾਨਵ, ਸ਼੍ਰੀ ਅਸ਼ੋਕ ਭਾਰਦਵਾਜ, ਸ਼੍ਰੀਮਤੀ ਪ੍ਰਕਾਸ਼ ਕੌਰ ਨਾਰੂ, ਸ਼੍ਰੀ ਕੇ ਸ਼ਰਨਜੀਤ ਸਿੰਘ, ਮਾਸਟਰ ਕਰਮ ਸਿੰਘ ਖਹਿਰਾ, ਪਹਿਲਵਾਨ ਸ੍ਰ ਬਲਕਾਰ ਸਿੰਘ ਬੋਪਾਰਾਏ, ਡਾ ਸ਼ਸ਼ੀ ਪਾਲ ਨੇਬ, ਸ੍ਰ ਪਰਮਜੀਤ ਸਿੰਘ ਕਾਹਲੋਂ ਅਤੇ ਕਾਮਰੇਡ ਮਦਨ ਮਸੀਹ ਨੂੰ ਵੀ ਯਾਦ ਕਰ ਰਹੇ ਹਾਂ। ਇਹਨਾਂ ਆਪਣੇ ਵਿੱਛੜ ਚੁੱਕੇ ਸਾਥੀਆਂ ਵਿੱਚੋਂ ਸਿਟੀਜ਼ਨਜ਼ ਸੋਸ਼ਲ ਵੈਲਫੇਅਰ ਫੋਰਮ (ਰਜਿ) ਬਟਾਲਾ ਵੱਲੋਂ ਸ਼੍ਰੀ ਅਮਰਜੀਤ ਸਿੰਘ ਗੁਰਦਾਸਪੁਰੀ ਜੀ ਦੇ ਪਰਿਵਾਰ ਦੇ ਸਹਿਯੋਗ ਨਾਲ ਉਨ੍ਹਾਂ ਦੀ ਯਾਦ ਵਿੱਚ "ਸ਼੍ਰੀ ਅਮਰਜੀਤ ਗੁਰਦਾਸਪੁਰੀ ਯਾਦਗਾਰੀ ਐਵਾਰਡ" ਸਥਾਪਤ ਕੀਤਾ ਗਿਆ ਹੈ। ਇਹ ਐਵਾਰਡ ਹਰ ਸਾਲ ਸਾਫ ਸੁਥਰੀ ਗਾਇਕੀ ਵਾਲੇ ਕਿਸੇ ਚੰਗੇ ਗਾਇਕ ਨੂੰ ਦਿੱਤਾ ਜਾਇਆ ਕਰੇਗਾ। ਇਸ ਐਵਾਰਡ ਵਿੱਚ 5100 ਰੁਪਏ ਦੀ ਰਾਸ਼ੀ ਸ਼ਾਮਲ ਕੀਤੀ ਗਈ ਹੈ। ਇਸ ਸਾਲ ਇਹ ਐਵਾਰਡ ਪ੍ਰਸਿੱਧ ਲੋਕ ਗਾਇਕ ਸ੍ਰ ਬਲਦੇਵ ਸਿੰਘ ਰੰਧਾਵਾ ਜੀ ਨੂੰ ਦਿੱਤਾ ਗਿਆ ਹੈ। ਇਸ ਮੌਕੇ ਸਾਡੇ ਦੂਸਰੇ ਸਨਮਾਨ ਸਮਾਰੋਹ 2021 ਵਿੱਚ ਸਨਮਾਨਿਤ ਅਧਿਆਪਕ ਸ਼੍ਰੀ ਗੁਰਮੇਲ ਸਿੰਘ ਸ਼ਾਮ ਨਗਰ (ਸ਼ਹੀਦ ਕੈਪਟਨ ਅਮਰਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਮਜੀਠਾ) ਦੀ ਨਾਟ-ਮੰਡਲੀ ਨੇ ਬੱਚਿਆਂ ਨਾਲ ਸਬੰਧਤ ਇੱਕ ਨਾਟਕ "ਗਿਲੀ ਮਿੱਟੀ" ਪੇਸ਼ ਕੀਤਾ, ਜੋ ਬੇਹੱਦ ਸਲਾਹਿਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰ ਅਮਰਜੀਤ ਸਿੰਘ ਭਾਟੀਆ, ਜ਼ਿਲਾ ਸਿੱਖਿਆ ਅਫਸਰ (ਐਲੀਮੈਂਟਰੀ) ਗੁਰਦਾਸਪੁਰ, ਡਾ ਪਰਮਜੀਤ ਸਿੰਘ ਕਲਸੀ, ਜ਼ਿਲਾ ਭਾਸ਼ਾ ਅਫ਼ਸਰ ਗੁਰਦਾਸਪੁਰ, ਸ੍ਰ ਗੁਰਮੀਤ ਸਿੰਘ ਬਾਜਵਾ ਸਟੇਟ ਐਵਾਰਡੀ, ਸ੍ਰ ਜਸਵਿੰਦਰ ਸਿੰਘ ਭੁੱਲਰ ਸਟੇਟ ਐਵਾਰਡੀ, ਪ੍ਰਿੰਸੀਪਲ ਸੁਲੱਖਣ ਸਿੰਘ ਗੁਰਾਇਆ, ਪ੍ਰਿੰਸੀਪਲ ਹਰਿਭਜਨ ਸਿੰਘ ਭਾਗੋਵਾਲੀਆ, ਪ੍ਰਿੰਸੀਪਲ ਕੁਲਵੰਤ ਕੌਰ ਗਿੱਲ, ਸ਼੍ਰੀਮਤੀ ਜਾਗੀਰ ਕੌਰ, ਸਾਬਕਾ ਬੀ ਪੀ ਈ ਓ, ਸ੍ਰ ਹਰਨੇਕ ਸਿੰਘ ਰੰਧਾਵਾ ਸਾਬਕਾ ਜ਼ਿਲ੍ਹਾ ਸਮਾਜਿਕ ਭਲਾਈ ਅਫ਼ਸਰ, ਸ਼੍ਰੀਮਤੀ ਨੀਲਮ ਮਹਾਜਨ, ਸਾਬਕਾ ਕੌਂਸਲਰ, ਸ਼੍ਰੀਮਤੀ ਮੰਜੂ ਮਹਾਜਨ, ਵਿਸ਼ਵਾਸ ਫਾਊਂਡੇਸ਼ਨ ਬਟਾਲਾ ਦੇ ਪ੍ਰਧਾਨ ਸ਼੍ਰੀ ਸ਼ੰਮੀ ਕਪੂਰ,ਪੰਜਾਬੀ ਲੋਕ ਸ਼ਾਇਰ ਸ਼੍ਰੀ ਵਿਜੇ ਅਗਨੀਹੋਤਰੀ, ਸ੍ਰ ਮਹਿੰਦਰ ਸਿੰਘ ਰਿਆੜ, ਸ੍ਰ ਸੰਤੋਖ ਸਿੰਘ ਰੰਧਾਵਾ ਰਿਟਾਇਰਡ ਐਸ ਡੀ ਓ, ਸ੍ਰੀ ਸੁਭਾਸ਼ ਚੰਦਰ ਧੋਨੀ, ਸ੍ਰ ਪਲਵਿੰਦਰ ਸਿੰਘ ਸਟੇਟ ਐਵਾਰਡੀ, ਸ਼੍ਰੀ ਅਮਰਜੀਤ ਸਿੰਘ ਗੁਰਦਾਸਪੁਰੀ ਜੀ ਦੀ ਨੂੰਹ ਸ਼੍ਰੀਮਤੀ ਅਰਜਿੰਦਰ ਕੌਰ ਰੰਧਾਵਾ, ਸ਼੍ਰੀਮਤੀ ਸੁਖਪ੍ਰੀਤ ਗਿੱਲ ਹੈੱਡ ਟੀਚਰ ਗੌਰਮਿੰਟ ਪ੍ਰਾਇਮਰੀ ਸਕੂਲ, ਮੰਜਿਆਂਵਾਲੀ, ਬਲਾਕ ਫਤਿਹਗੜ੍ਹ ਚੂੜ੍ਹੀਆਂ, ਸ਼੍ਰੀਮਤੀ ਰਣਜੀਤ ਕੌਰ, ਈ.ਟੀ.ਟੀ ਟੀਚਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਭੰਗਵਾਂ ਬਲਾਕ ਕਾਹਨੂੰਵਾਨ-2 ਅਤੇ ਸ਼੍ਰੀ ਰੌਸ਼ਨ ਲਾਲ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਸਮਾਗਮ ਦੇ ਅੰਤ ਵਿੱਚ ਫੋਰਮ ਦੇ ਪ੍ਰਧਾਨ ਪ੍ਰੋ ਸੁਖਵੰਤ ਸਿੰਘ ਗਿੱਲ ਨੇ ਸਭ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਸਮਾਗਮ ਲਈ ਪ੍ਰਿੰਸੀਪਲ ਸਟੇਜ ਸਕੱਤਰ ਦੀ ਸੇਵਾ ਪ੍ਰਿੰਸੀਪਲ ਹਰਿਭਜਨ ਸਿੰਘ ਭਾਗੋਵਾਲੀਆ ਅਤੇ ਸ੍ਰ ਗੁਰਮੀਤ ਸਿੰਘ ਬਾਜਵਾ ਸਟੇਟ ਐਵਾਰਡੀ ਨੇ ਸਾਂਝੇ ਤੌਰ 'ਤੇ ਬਾਖੂਬੀ ਨਿਭਾਈ।