- ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਪਿੰਡ ਘੜੁੰਮ ਨੇੜੇ ਦਰਿਆ ਸਤਲੁਜ ਵਿੱਚ ਪਏ ਪਾੜ ਨੂੰ ਪੂਰਨ ਲਈ ਸੰਗਤਾਂ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਕਾਰਜਾਂ ਨੂੰ ਦੇਖਣ ਲਈ ਪਹੁੰਚੇ
- ਸੰਗਤਾਂ ਦੇ ਸਹਿਯੋਗ ਨਾਲ ਇੱਕ-ਦੋ ਦਿਨਾਂ ਵਿੱਚ ਬੰਨ੍ਹ ਨੂੰ ਪੂਰਨ ਦਾ ਕੰਮ ਚਾੜ੍ਹ ਲਿਆ ਜਾਵੇਗਾ ਨੇਪਰੇ
- ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਬੰਨ੍ਹ ਨੂੰ ਪੁਰ ਕਰਨ ਲਈ ਕੀਤੇ ਜਾ ਰਹੇ ਕੰਮਾਂ ਲਈ ਸਮੂਹ ਸੰਗਤਾਂ ਦਾ ਕੀਤਾ ਧੰਨਵਾਦ
ਤਰਨ ਤਾਰਨ, 24 ਅਗਸਤ : ਸ੍ਰੀ ਸੰਦੀਪ ਕੁਮਾਰ ਆਈ. ਏ. ਐੱਸ. ਨੇ ਅੱਜ ਜ਼ਿਲ੍ਹਾ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ।ਇਸ ਤੋਂ ਪਹਿਲਾ ਉਹ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਲੁਧਿਆਣਾ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।ਸ੍ਰੀ ਸੰਦੀਪ ਕੁਮਾਰ 2015 ਬੈਚ ਦੇ ਆਈ. ਏ. ਐੱਸ. ਅਧਿਕਾਰੀ ਹਨ ਅਤੇ ਸਾਲ 2019 ਦੌਰਾਨ ਉਹ ਵਧੀਕ ਡਿਪਟੀ ਕਮਿਸ਼ਨਰ ਜਨਰਲ ਵਜੋਂ ਵੀ ਜ਼ਿਲ੍ਹਾ ਤਰਨ ਤਾਰਨ ਵਿੱਚ ਤਾਇਨਾਤ ਰਹੇ ਹਨ।
ਜ਼ਿਲ੍ਹਾ ਪ੍ਰਬਧੰਕੀ ਕੰਪਲੈਕਸ ਤਰਨ ਤਾਰਨ ਵਿਖੇ ਪਹੁੰਚਣ ‘ਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀਮਤੀ ਅਮਨਿੰਦਰ ਕੌਰ, ਐੱਸ. ਡੀ. ਐੱਮ. ਤਰਨ ਤਾਰਨ ਸ੍ਰੀ ਰਜਨੀਸ਼ ਅਰੋੜਾ ਅਤੇ ਐੱਸ. ਡੀ. ਐੱਮ. ਖਡੂਰ ਸਾਹਿਬ ਸ੍ਰੀ ਦੀਪਕ ਭਾਟੀਆ ਤੋਂ ਇਲਾਵਾ ਹੋਰ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਅਤੇ ਉਹਨਾਂ ਪੰਜਾਬ ਪੁਲਿਸ ਦੀ ਟੁਕੜੀ ਤੋਂ ਸਲਾਮੀ ਵੀ ਲਈ। ਇਸ ਉਪਰੰਤ ਸ੍ਰੀ ਸੰਦੀਪ ਕੁਮਾਰ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਅਤੇ ਓਟ ਆਸਰਾ ਲੈਣ ਲਈ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਜਾ ਕੇ ਨਤਮਸਤਕ ਹੋਏ। ਆਪਣਾ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਪਿੰਡ ਘੜੁੰਮ ਨੇੜੇ ਦਰਿਆ ਸਤਲੁਜ ਵਿੱਚ ਪਏ ਪਾੜ ਨੂੰ ਪੂਰਨ ਲਈ ਸੰਗਤਾਂ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਕਾਰਜਾਂ ਨੂੰ ਦੇਖਣ ਲਈ ਪਹੁੰਚੇ।ਇਸ ਮੌਕੇ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਬੰਨ੍ਹ ਨੂੰ ਪੁਰ ਕਰਨ ਲਈ ਕੀਤੇ ਜਾ ਰਹੇ ਕੰਮਾਂ ਸ਼ਲਾਘਾ ਕਰਦਿਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ।ਉਹਨਾਂ ਦੱਸਿਆ ਕਿ ਸੰਗਤਾਂ ਦੇ ਸਹਿਯੋਗ ਨਾਲ ਇੱਕ-ਦੋ ਦਿਨਾਂ ਵਿੱਚ ਬੰਨ੍ਹ ਨੂੰ ਪੂਰਨ ਦਾ ਕੰਮ ਨੇਪਰੇ ਚਾੜ੍ਹ ਲਿਆ ਜਾਵੇਗਾ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਇਸ ਬੰਨ੍ਹ ਦੇ ਟੁੱਟਣ ਨਾਲ ਦਰਿਆ ਸਤਲੁਜ ਨਾਲ ਲੱਗਦੇ ਲੱਗਭੱਗ 20 ਪਿੰਡ ਪ੍ਰਭਾਵਿਤ ਹੋਏ ਹਨ।ਉਹਨਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵੱਲੋਂ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਸੁਵਿਧਾ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ।ਉਹਨਾਂ ਦੱਸਿਆ ਕਿ ਹੜ੍ਹ ਪੀੜ੍ਹਤਾਂ ਲਈ 07 ਰਾਹਤ ਕੇਂਦਰ ਬਣਾਏ ਗਏ ਹਨ।ਹੜ੍ਹ ਪ੍ਰਭਾਵਿਤ ਲੋਕਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵੱਲੋਂ ਬਣਾਏ ਗਏ ਰਾਹਤ ਕੇਂਦਰਾਂ ਵਿੱਚ ਲੋੜੀਂਦੀਆਂ ਸੁਵਿਧਾਵਾਂ ਮੁਹੱਈਆ ਕਰਵਾਈਆ ਜਾ ਰਹੀਆਂ ਹਨ।ਉਹਨਾਂ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਮੈਡੀਕਲ ਟੀਮਾਂ ਵੱਲੋਂ ਲੋੜੀਂਦੀਆਂ ਦਵਾਈਆਂ ਅਤੇ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਪਸ਼ੂਆਂ ਦੀਆਂ ਬਿਮਾਰੀਆਂ ਦੇ ਇਲਾਜ ਲਈ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਲਗਾਤਾਰ ਫੀਲਡ ਵਿੱਚ ਕੰੰਮ ਕਰ ਰਹੀਆਂ ਹਨ ਅਤੇ ਪਸ਼ੂ ਪਾਲਕਾਂ ਨੂੰ ਜਾਨਵਰਾਂ ਲਈ ਲੋੜੀਂਦਾ ਚਾਰਾ ਤੇ ਫੀਡ ਮੁਹੱਈਆ ਕਰਵਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਦਰਿਆ ਸਤਲੁਜ ਨਾਲ ਲੱਗਦੇ ਪਿੰਡਾਂ ਸਮੇਤ ਪਾਣੀ ਦੀ ਮਾਰ ਹੇਠ ਆਏ ਵੱਖ-ਵੱਖ ਪਿੰਡਾਂ ਵਿੱਚ ਰਾਹਤ ਕਾਰਜ ਲਗਾਤਾਰ ਜਾਰੀ ਹਨ।ਉਹਨਾਂ ਦੱਸਿਆ ਕਿ ਹੜ੍ਹ ਪੀੜ੍ਹਤਾਂ ਲਈ ਲੰਗਰ, ਪਸ਼ੂਆਂ ਲਈ ਚਾਰਾ, ਤਰਪਾਲਾਂ, ਮੱਛਰਦਾਨੀਆਂ, ਪੀਣ ਵਾਲਾ ਪਾਣੀ ਆਦਿ ਦੀਆਂ ਸੁਵਧਿਾਵਾਂ ਨਾਲ ਲੋਕਾਂ ਦੀ ਮੱਦਦ ਕੀਤੀ ਜਾ ਰਹੀ ਹੈ ਤੇ ਇਹ ਸੰਸਥਾਵਾਂ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਦਾ ਪੂਰਨ ਸਹਿਯੋਗ ਕਰ ਰਹੀਆਂ ਹਨ।