- ਡਿਸ਼ ਦਾ ਕੋਈ ਮਹੀਨਾਵਾਰ ਜਾਂ ਸਲਾਨਾ ਖਰਚਾ ਕਿਸੇ ਵੀ ਲਾਭਪਾਤਰੀ ਪਾਸੋਂ ਨਹੀਂ ਵਸੂਲਿਆ ਜਾਵੇਗਾ
- ਮੁਫ਼ਤ ਡਿਸ਼ ਅਤੇ ਸੈੱਟ ਟਾੱਪ ਬਾੱਕਸ ਦਾ ਲਾਭ ਲੈਣ ਲਈ 31 ਅਗਸਤ ਤੱਕ ਕੀਤਾ ਜਾ ਸਕਦਾ ਅਪਲਾਈ
ਤਰਨ ਤਾਰਨ, 28 ਅਗਸਤ : ਤਰਨ ਤਾਰਨ ਜ਼ਿਲੇ੍ਹ ਦੇ ਸਰਹੱਦ ਨਾਲ ਲੱਗਦੇ ਪਿੰਡਾਂ ਵਿੱਚ ਭਾਰਤ ਸਰਕਾਰ ਵੱਲੋਂ ਵਿਸੇਸ਼ ਸਕੀਮ ਤਹਿੱਤ ਮੁਫ਼ਤ ਡਿਸ਼ ਸਮੇਤ ਸੈਟ ਟਾਪ ਬਾਕਸ ਮੁਹੱਈਆ ਕਰਵਾਏ ਜਾਣਗੇ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਸੰਦੀਪ ਕੁਮਾਰ, ਆਈ. ਏ. ਐੱਸ. ਵਲੋਂ ਦੱਸਿਆ ਗਿਆ ਕਿ ਭਾਰਤ ਸਰਕਾਰ ਵਲੋਂ ਤਰਨ ਤਾਰਨ ਜਿਲੇ ਦੇ ਬਾਰਡਰ ਦੇ ਪਿੰਡਾਂ ਦੇ ਵਸਨੀਕ ਜਿੰਨ੍ਹਾ ਕੋਲ ਡਿਸ਼ ਕੁਨੈਕਸ਼ਨ ਨਹੀਂ ਹੈ ਉਹਨਾ ਨੂੰ ਮੁਫ਼ਤ ਡਿਸ਼ ਸਮੇਤ ਸੈੱਟ ਟਾੱਪ ਬਾੱਕਸ ਮੁਹੱਈਆ ਕਰਵਾਏ ਜਾ ਰਹੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਡਿਸ਼ ਦਾ ਕੋਈ ਮਹੀਨਾਵਾਰ ਜਾਂ ਸਲਾਨਾ ਖਰਚਾ ਕਿਸੇ ਵੀ ਲਾਭਪਾਤਰੀ ਪਾਸੋਂ ਨਹੀਂ ਵਸੂਲਿਆ ਜਾਵੇਗਾ।ਉਹਨਾਂ ਦੱਸਿਆ ਕਿ ਇਸ ਕੰਮ ਤਹਿਤ ਕੇਵਲ ਆੱਨਲਾਈਨ ਹੀ ਅਪਲਾਈ ਕੀਤਾ ਜਾ ਸਕਦਾ ਹੈ।ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ 31 ਅਗਸਤ, 2023 ਹੈ। ਉਹਨਾਂ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਤਹਿਸੀਲਦਾਰ, ਤਰਨ ਤਾਰਨ (ਬਲਾਕ ਗੰਡੀਵਿੰਡ ਲਈ), ਪੱਟੀ, ਭਿਖੀਵਿੰਡ ਅਤੇ ਵਲਟੋਹਾ ਨੂੰ ਤਹਿਸੀਲ ਪੱਧਰ ਅਤੇ ਬੀ. ਡੀ. ਪੀ. ਓ. ਭਿਖੀਵਿੰਡ, ਗੰਡੀਵਿੰਡ, ਵਲਟੋਹਾ ਅਤੇ ਪੱਟੀ ਨੂੰ ਬਤੌਰ ਬਲਾਕ ਪੱਧਰ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ।ਇਸ ਸਕੀਮ ਤਹਿਤ ਤਰਨ ਤਾਰਨ ਜਿਲੇ ਦੇ ਬਾਰਡਰ ਬਲਾਕ ਭਿੱਖੀਵਿੰਡ, ਗੰਡੀਵਿੰਡ, ਵਲਟੋਹਾ ਅਤੇ ਪੱਟੀ ਦੇ ਪਿੰਡਾਂ ਦੇ ਵਸਨੀਕ ਲਾਭ ਲੈ ਸਕਦੇ ਹਨ।ਬਾਰਡਰ ਦੇ ਸਭ ਤੋਂ ਨਜ਼ਦੀਕ ਵਸੋਂ ਵਾਲੇ ਪਿੰਡਾਂ ਦੇ ਵਸਨੀਕਾਂ ਨੂੰ ਪਹਿਲ ਦਿੱਤੀ ਜਾਵੇਗੀ।ਇਹ ਲਾਭ ਪ੍ਰਾਪਤ ਕਰਨ ਲਈ ਸਬੰਧਤ ਵਿਅਕਤੀ ਵਲੋਂ ਆਪਣੇ ਅਧਾਰ ਕਾਰਡ ਰਾਹੀਂ ਵੇਰਵਾ ਆਨ ਲਾਈਨ ਪੋਰਟਲ ‘ਤੇ ਦਰਜ ਕਰਵਾਉਣਾ ਪੇਵਾਗਾ, ਜਿਸ ਲਈ ਸਬੰਧਤ ਤਹਿਸਲਦਾਰ ਜਾਂ ਬੀ. ਡੀ. ਪੀ. ਓ. ਦਫਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਸ਼੍ਰੀ ਸੰਦੀਪ ਕੁਮਾਰ, ਆਈ. ਏ. ਐਸ, ਡਿਪਟੀ ਕਮਿਸ਼ਨਰ, ਤਰਨ ਤਾਰਨ ਵੱਲੋਂ ਜ਼ਿਲੇ ਦੇ ਬਾਰਡਰ ਏਰੀਆ ਦੇ ਵਸਨੀਕਾਂ ਨੂੰ ਸਰਕਾਰ ਦੀ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਅਪੀਲ ਕੀਤੀ ।