- ਪੰਜਾਬ ਸਰਕਾਰ ਦੇ ਸ਼ਾਸਨ 'ਚ ਕਾਨੂੰਨ ਵਿਵਸਥਾ ਦੇ ਢਹਿ-ਢੇਰੀ ਹੋਣ 'ਤੇ ਅਸ਼ਵਨੀ ਸ਼ਰਮਾ ਨੇ ਚੁੱਕੇ ਸਵਾਲ
- ਕਿਹਾ: ਅਪਰਾਧੀਆਂ ਨੂੰ ਕਾਬੂ ਨਾ ਕਰਨ ਕਾਰਨ ਪੰਜਾਬ ਸਰਕਾਰ ਅਤੇ ਪੁਲਿਸ ਦੀ ਕਾਰਜਸ਼ੈਲੀ ਸ਼ੱਕ ਦੇ ਘੇਰੇ 'ਚ
- ਅਸ਼ਵਨੀ ਸ਼ਰਮਾ ਨੇ ਜ਼ਖਮੀ ਬਲਵਿੰਦਰ ਗਿੱਲ ਦਾ ਹਸਪਤਾਲ ਪੁੱਜ ਪੁਛਿਆ ਹਾਲ
- ਜਲੰਧਰ ਲੋਕ ਸਭਾ ਜ਼ਿਮਨੀ ਚੋਣ 'ਚ ਭਾਜਪਾ ਰਚੇਗੀ ਇਤਿਹਾਸ
ਜਲੰਧਰ 17 ਅਪ੍ਰੈਲ : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਅਤੇ ਮੁੱਖ ਮੰਤਰੀ ਭਗਵੰਤ ਮਾਨ, ਜੋ ਕਿ ਪੰਜਾਬ ਦੇ ਮੌਜੂਦਾ ਗ੍ਰਹਿ ਮੰਤਰੀ ਵੀ ਹਨ, ਨੂੰ ਗ੍ਰਹਿ ਮੰਤਰੀ ਵਜੋਂ ਪੂਰੀ ਤਰ੍ਹਾਂ ਫੇਲ੍ਹ ਕਰਾਰ ਦਿੰਦਿਆਂ ਉਹਨਾਂ ਦੀ ਕਾਰਜਸ਼ੈਲੀ ‘ਤੇ ਸਵਾਲੀਆ ਨਿਸ਼ਾਨ ਲਾਏ ਹਨ। ਅਸ਼ਵਨੀ ਸ਼ਰਮਾ ਨੇ ਅੱਜ ਜਲੰਧਰ ਵਿਖੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਦੀ ਪ੍ਰਧਾਨਗੀ ਹੇਠ ਉਲੀਕੀ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਦੋਂ ਤੋਂ ਪੰਜਾਬ ਵਿੱਚ ਅਮਨ-ਕਾਨੂੰਨ ਨਾਮ ਦੀ ਚੀਜ਼ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੀ ਹੈ। ਪਿਛਲੇ ਇੱਕ ਸਾਲ ਵਿੱਚ ਆਮ ਆਦਮੀ ਪਾਰਟੀ ਦੇ ਸ਼ਾਸਨ ਵਿੱਚ ਪੰਜਾਬ ਦੇ ਹਾਲਾਤ ਯੂਪੀ-ਬਿਹਾਰ ਨਾਲੋਂ ਵੀ ਬਦਤਰ ਹੋ ਗਏ ਹਨ। ਹਰ ਪਾਸੇ ਡਰ ਦਾ ਮਾਹੌਲ ਹੈ। ਇਹ ਬਹੁਤ ਚਿੰਤਾਜਨਕ ਹੈ ਕਿ ਅੱਜ ਪੰਜਾਬ ਸਮੇਤ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਸੈਲਾਨੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਨ ਲੱਗੇ ਹਨ। ਇਸ ਮੌਕੇ ਅਸ਼ਵਨੀ ਸ਼ਰਮਾ ਦੇ ਨਾਲ ਮੰਚ ‘ਤੇ ਬਿਕਰਮਜੀਤ ਸਿੰਘ ਚੀਮਾ, ਮਨਜਿੰਦਰ ਸਿੰਘ ਸਿਰਸਾ, ਡਾ: ਰਾਜ ਕੁਮਾਰ ਵੇਰਕਾ, ਡਾ: ਸੁਭਾਸ਼ ਸ਼ਰਮਾ, ਜਨਾਰਦਨ ਸ਼ਰਮਾ ਆਦਿ ਵੀ ਹਾਜ਼ਰ ਸਨ, ਅਸ਼ਵਨੀ ਸ਼ਰਮਾ ਬੀਤੀ ਰਾਤ ਕੁਝ ਅਣਪਛਾਤੇ ਨਕਾਬਪੋਸ਼ਾਂ ਵੱਲੋਂ ਚਲਾਈਆਂ ਗੋਲੀਆਂ ਨਾਲ ਗੰਭੀਰ ਜ਼ਖ਼ਮੀ ਹੋਏ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਪੰਜਾਬ ਦੇ ਜਨਰਲ ਸਕੱਤਰ ਬਲਵਿੰਦਰ ਗਿੱਲ, ਜੋ ਕਿ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ, ਦਾ ਹਾਲ ਚਾਲ ਜਾਣਨ ਲਈ ਵਿਸ਼ੇਸ਼ ਤੌਰ 'ਤੇ ਗੁਰੂਨਗਰੀ ਪੁੱਜੇ। ਇਸ ਦੇ ਨਾਲ ਹੀ ਉਹ ਜ਼ਖਮੀ ਬਲਵਿੰਦਰ ਗਿੱਲ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਮਿਲੇ ਅਤੇ ਘਟਨਾ ਸਬੰਧੀ ਜਾਣਕਾਰੀ ਹਾਸਲ ਕੀਤੀ ਅਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਇਸ ਮੌਕੇ ਉਹਨਾਂ ਦੇ ਨਾਲ ਬਿਕਰਮਜੀਤ ਸਿੰਘ ਚੀਮਾ, ਰਾਜੇਸ਼ ਬਾਘਾ, ਡਾ: ਸੁਭਾਸ਼ ਸ਼ਰਮਾ, ਇੰਦਰ ਇਕਬਾਲ ਸਿੰਘ ਅਟਵਾਲ, ਸੁੱਚਾ ਰਾਮ ਲੱਧੜ, ਮਨਜੀਤ ਸਿੰਘ ਮੰਨਾ, ਮੁਨੀਸ਼ ਸ਼ਰਮਾ, ਸੰਜੀਵ ਕੁਮਾਰ, ਬਲਦੇਵ ਰਾਜ ਬੱਗਾ, ਡਾ: ਰਾਮ ਚਾਵਲਾ, ਕੇਵਲ ਕੁਮਾਰ ਗਿੱਲ ਆਦਿ ਵੀ ਹਾਜ਼ਰ ਸਨ, ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਵਿੱਚ ਦੇਸ਼ ਵਿਰੋਧੀ ਅਤੇ ਅਪਰਾਧੀਆਂ ਦੀਆਂ ਗਤੀਵਿਧੀਆਂ ਵਿੱਚ ਜਿਨਾਂ ਵਾਧਾ ਹੋਇਆ ਹੈ, ਉਹ ਇਸ ਤੋਂ ਪਹਿਲਾਂ ਕਦੀ ਨਹੀਂ ਹੋਇਆ। ਮੁੱਖ ਮੰਤਰੀ ਭਗਵੰਤ ਮਾਨ ਖੁਦ ਪੰਜਾਬ ਨੂੰ ਰੱਬ ਆਸਰੇ ਛੱਡ ਕੇ ਦੂਜੇ ਸੂਬਿਆਂ ਦੇ ਦੌਰੇ 'ਤੇ ਕਰ ਰਹੇ ਹਨ। ਅੱਜ ਪੰਜਾਬ ਦੇ ਲੋਕ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਕੋਈ ਦਿਨ ਅਜਿਹਾ ਨਹੀਂ ਲੰਘਦਾ ਜਦੋਂ ਕਤਲ ਨਾ ਹੁੰਦਾ ਹੋਵੇ। ਪੰਜਾਬ ਸਰਕਾਰ ਅੰਨੀ-ਬੋਲੀ ਹੋ ਕੇ ਤਮਾਸ਼ਾ ਦੇਖ ਰਹੀ ਹੈ ਅਤੇ ਪੰਜਾਬ ਦੀ ਆਮ ਜਨਤਾ ਇਸ ਦਾ ਸੰਤਾਪ ਭੋਗ ਰਹੀ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪਾਰਟੀ ਦੇ ਨਿਰਦੇਸ਼ਾਂ 'ਤੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੇ ਪ੍ਰਚਾਰ 'ਚ ਲੱਗੇ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦੇ ਜਨਰਲ ਸਕੱਤਰ ਬਲਵਿੰਦਰ ਗਿੱਲ ਨੂੰ ਘਰੋਂ ਬਾਹਰ ਬੁਲਾ ਕੇ ਗੋਲੀ ਮਾਰ ਦਿੱਤੀ ਗਈ। ਕੀ ਇਸ ਪਿੱਛੇ ਕੋਈ ਸਿਆਸੀ ਸਾਜ਼ਿਸ਼ ਹੈ? ਕੀ ਇਹ ਹਮਲਾ ਮੌਜੂਦਾ ਪੰਜਾਬ ਸਰਕਾਰ ਵੱਲੋਂ ਉਸ ਨੂੰ ਚੋਣ ਪ੍ਰਚਾਰ ਕਰਨ ਤੋਂ ਰੋਕਣ ਦੀ ਕੋਸ਼ਿਸ਼ ਵਿੱਚ ਕੀਤਾ ਗਿਆ ਸੀ? ਇਸ ਦੀ ਹਰ ਪਹਿਲੂ ਤੋਂ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੀ ਭੂਮਿਕਾ ਵੀ ਸ਼ੱਕ ਦੇ ਘੇਰੇ 'ਚ ਆ ਜਾਂਦੀ ਹੈ ਕਿਉਂਕਿ ਉਹ ਅਪਰਾਧੀਆਂ 'ਤੇ ਸ਼ਿਕੰਜਾ ਕੱਸਣ 'ਚ ਵਾਰ-ਵਾਰ ਨਾਕਾਮ ਸਾਬਿਤ ਹੋ ਰਹੀ ਹੈ। ਇਸ ਕਾਰਨ ਸਮਾਜ ਵਿਰੋਧੀ ਅਨਸਰਾਂ ਦਾ ਮਨੋਬਲ ਇੰਨਾ ਵੱਧ ਗਿਆ ਹੈ ਕਿ ਉਹ ਦਿਨ-ਦਿਹਾੜੇ ਅਤੇ ਪੁਲਿਸ ਦੀ ਨੱਕ ਹੇਠਾਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਅਪਰਾਧੀਆਂ ‘ਚ ਕਾਨੂੰਨ ਦਾ ਡਰ ਖਤਮ ਹੋ ਚੁੱਕਾ ਹੈ, ਜੋ ਸਾਰਿਆਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇੰਝ ਜਾਪਦਾ ਹੈ ਕਿ ਭਗਵੰਤ ਮਾਨ ਸਰਕਾਰ ਨੇ ਸਮਾਜ ਵਿਰੋਧੀ ਅਨਸਰਾਂ ਅਤੇ ਅਪਰਾਧੀਆਂ ਅੱਗੇ ਗੋੱਡੇ ਟੇਕ ਦਿੱਤੇ ਹਨ। ਭਗਵੰਤ ਮਾਨ ਅਤੇ ਕੇਜਰੀਵਾਲ ਦੋਵੇਂ ਹੀ ਪੰਜਾਬ ਨੂੰ ਕਾਲੇ ਦੌਰ ਵੱਲ ਧੱਕਣ 'ਤੇ ਤੁਲੇ ਹੋਏ ਹਨ। ਭਗਵੰਤ ਮਾਨ ਪੰਜਾਬ ਦੀ ਵਾਗਡੋਰ ਸੰਭਾਲਣ ਵਿੱਚ ਨਾਕਾਮ ਰਹੇ ਹਨ। ਅਜਿਹੇ ਅਸਫਲ ਮੁੱਖ ਮੰਤਰੀ ਨੂੰ ਨੈਤਿਕਤਾ ਦੇ ਆਧਾਰ 'ਤੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਮਨਜਿੰਦਰ ਸਿੰਘ ਸਿਰਸਾ ਨੇ ਬੀਤੀ ਰਾਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਸ਼ ਦੇ ਕਿਸੇ ਹੋਰ ਸੂਬੇ ਤੋਂ ਆਈ ਇਕ ਮੁਟਿਆਰ, ਜਿਸ ਨੇ ਆਪਣੇ ਮੂੰਹ 'ਤੇ ਭਾਰਤ ਦੇ ਕੌਮੀ ਝੰਡੇ ਦੀ ਨਿਸ਼ਾਨ ਬਣਾਈਆ ਹੋਈਆ ਸੀ, ਨਾਲ ਸ਼੍ਰੋਮਣੀ ਕਮੇਟੀ ਦੇ ਸੇਵਾਦਾਰ ਵੱਲੋਂ ਬਦਸਲੂਕੀ ਕੀਤੇ ਜਾਣ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਾਹਿਬ ਦੇ ਦਰਸ਼ਨਾਂ ਤੋਂ ਰੋਕੇ ਜਾਣ ਦੇ ਸਵਾਲ 'ਤੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਾਂਝੀ ਵਾਲਤਾ ਦਾ ਪ੍ਰਤੀਕ ਹੈ ਅਤੇ ਇਸ ਘਟਨਾ ਦੇ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਨੂੰ ਉਕਤ ਲੜਕੀ ਅਤੇ ਸਾਰਿਆਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ ਅਤੇ ਦੋਸ਼ੀ ਸੇਵਾਦਾਰ ਵਿਰੁਧ ਕਾਰਵਾਈ ਕਰਨੀ ਚਾਹਿਦੀ ਹੈ, ਤਾਂ ਜੋ ਅੱਗੇ ਤੋਂ ਕੋਈ ਅਜਿਹਾ ਕਰਨ ਦੀ ਗਲਤੀ ਨਾ ਕਰੇ।