ਗੁਰਦਾਸਪੁਰ, 17 ਫਰਵਰੀ : ਬੀਤੀ ਦੇਰ ਰਾਤ ਅੰਮ੍ਰਿਤਸਰ-ਪਠਾਨਕੋਟ ਹਾਈਵੇ ਤੇ ਸੰਘਣੀ ਧੁੰਦ ਹੋਣ ਦੇ ਚਲਦੇ ਨੈਸ਼ਨਲ ਹਾਈਵੇ ਪਿੰਡ ਗਿੱਲਾਵਾਲੀ ਦੇ ਨਜ਼ਦੀਕ ਸੜਕੀ ਹਾਦਸਾ ਹੋਇਆ ਅਤੇ ਹਾਦਸੇ ਚ ਸੜਕ ਤੇ ਖੜੇ ਗੰਨੇ ਨਾਲ ਭਰੇ ਟਰੈਕਟਰ ਟਰਾਲੀ ਚ ਪਿੱਛੋਂ ਆ ਰਹੀਆਂ ਵੱਖ ਵੱਖ ਤਿੰਨ-ਚਾਰ ਹੋਰ ਗੱਡੀਆਂ ਟਕਰਾ ਗਈਆਂ, ਜਦਕਿ ਇਸ ਹਾਦਸੇ ਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਉਥੇ ਹੀ ਹਾਈਵੇ ਤੇ ਤੈਨਾਤ ਪੁਲਿਸ ਅਧਿਕਾਰੀ ਅਮਰੀਕ ਸਿੰਘ ਨੇ ਦੱਸਿਆ ਕਿ ਹਾਈਵੇ ਤੇ ਬੀਤੀ ਰਾਤ ਇਕ ਗੰਨੇ ਨਾਲ ਭਰੀ ਟਰੈਕਟਰ ਟਰਾਲੀ ਨੂੰ ਟਿੱਪਰ ਸਾਈਡ ਮਾਰ ਗਿਆ ਜਿਸ ਨਾਲ ਉਹ ਹਾਦਸਾਗ੍ਰਸਤ ਹੋ ਗਈ ਅਤੇ ਸੜਕ ਵਿਚਕਾਰ ਪਈ ਸੀ। ਇਸ ਦੌਰਾਨ ਸੰਘਣੀ ਧੁੰਦ ਹੋਣ ਦੇ ਚਲਦੇ ਕਰੀਬ ਦੇਰ ਰਾਤ 3 ਵਜੇ ਉਸ ਟਰੈਕਟਰ ਟਰਾਲੀ ਚ ਇਕ ਮੁਰਗੀਆਂ ਵਾਲਾ ਛੋਟਾ ਟਰੱਕ ਅਤੇ ਮੁੜ ਉਸਦੇ ਪਿੱਛੇ ਦੋ ਹੋਰ ਗੱਡੀਆਂ ਆ ਟਕਰਾਈਆਂ ਜਿਸ ਨਾਲ ਗਡੀਆਂ ਦਾ ਤਾਂ ਵੱਡਾ ਨੁਕਸਾਨ ਹੋਇਆ ਹੈ ਲੇਕਿਨ ਸਵਾਰ ਲੋਕਾਂ ਦਾ ਬਚਾਅ ਹੀ ਰਿਹਾ। ਉਥੇ ਹੀ ਇਸ ਹਾਦਸੇ ਤੋਂ ਬਾਅਦ ਹਾਈਵੇ ਤੇ ਆਵਾਜਾਈ ਪ੍ਰਭਾਵਿਤ ਹੋਈ ਅਤੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਵਲੋਂ ਰਸਤਾ ਸਾਫ ਕਰਵਾਇਆ ਜਾ ਰਿਹਾ ਹੈ ਤਾਂ ਜੋ ਹੋਰ ਹਾਦਸਾ ਨਾ ਵਾਪਰੇ।