
ਸ੍ਰੀ ਅੰਮ੍ਰਿਤਸਰ, 5 ਮਈ 2025 : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਸਰਕਾਰ ਨੂੰ ਆਖਿਆ ਹੈ ਕਿ ਉਹ ਪੰਜਾਬੀਆਂ ਅਤੇ ਖ਼ਾਸਕਰ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਸ੍ਰੀ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਪ੍ਰਦੂਸ਼ਣ ਫੈਲਾਉਣ ਵਾਲੀ ਫੈਕਟਰੀ ਲਗਵਾਉਣ ਤੋਂ ਪਿਛਾਂਹ ਹਟੇ। ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਬਿਆਨ ਵਿੱਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪੰਜਾਬ ਦੀ ਧਰਤੀ ਗੁਰੂ ਸਾਹਿਬਾਨ ਦੇ ਨਾਮ ਉੱਤੇ ਵੱਸਦੀ ਹੈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿੱਚ ਪਵਣ, ਪਾਣੀ ਅਤੇ ਧਰਤੀ ਨੂੰ ਗੁਰੂ, ਪਿਤਾ ਅਤੇ ਮਾਤਾ ਦਾ ਦਰਜਾ ਦਿੱਤਾ ਹੈ, ਜਿਸ ਕਰਕੇ ਸਾਡੀ ਪਵਣ, ਪਾਣੀ (ਦਰਿਆਵਾਂ) ਤੇ ਧਰਤੀ ਨੂੰ ਸੁਰੱਖਿਅਤ ਰੱਖਣਾ ਅਤੇ ਇਨ੍ਹਾਂ ਦਾ ਸਤਿਕਾਰ ਕਰਨਾ ਸਾਡਾ ਸਾਂਝਾ ਫ਼ਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀ ਇਹ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਲੋਕ ਪੱਖੀ ਸੰਪੂਰਨ ਦ੍ਰਿਸ਼ਟੀਕੋਣ ਨਾਲ ਵਿਕਾਸ ਕਰੇ ਜਿਸ ਵਿੱਚ ਲੋਕਾਂ ਦੇ ਜੀਵਨ ਅਤੇ ਸਿਹਤ ਦਾ ਪੂਰਾ ਧਿਆਨ ਰੱਖਿਆ ਜਾਵੇ, ਨਾ ਕਿ ਲੋਕਾਂ ਦੇ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਨ ਵਾਲੀ ਪਹੁੰਚ ਅਪਣਾਈ ਜਾਵੇ। ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ੍ਰੀ ਚਮਕੌਰ ਸਾਹਿਬ ਉਹ ਇਲਾਕਾ ਹੈ ਜਿੱਥੇ ਚਮਕੌਰ ਦੀ ਜੰਗ ਵਿੱਚ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਦੋ ਵੱਡੇ ਸਾਹਿਬਜ਼ਾਦਿਆਂ ਦੇ ਉਨ੍ਹਾਂ ਦੇ ਨਾਲ ਅਨੇਕਾਂ ਹੀ ਅਨਿੰਨ ਸਿੱਖ ਸ਼ਹੀਦ ਹੋਏ ਹਨ। ਇਹ ਧਰਤੀ ਤਾਂ ਵੈਸੇ ਹੀ ਸ਼ਹੀਦਾਂ ਦੇ ਖੂਨ ਨਾਲ ਸਿੰਝੀ ਹੋਣ ਕਰਕੇ ਪਵਿੱਤਰ ਹੈ, ਜਿੱਥੇ ਪ੍ਰਦੂਸ਼ਣ ਫੈਲਾਉਣ ਅਤੇ ਲੋਕਾਂ ਦੀ ਸਿਹਤ ਉੱਤੇ ਮਾੜਾ ਪ੍ਰਭਾਵ ਪਾਉਣ ਵਾਲੀ ਫੈਕਟਰੀ ਲੱਗਣ ਨੂੰ ਕਦੇ ਵੀ ਇਜਾਜ਼ਤ ਨਹੀਂ ਸੀ ਮਿਲਣੀ ਚਾਹੀਦੀ। ਉਨ੍ਹਾਂ ਕਿਹਾ ਕਿ ਸ੍ਰੀ ਚਮਕੌਰ ਸਾਹਿਬ ਤੋਂ ਮਾਛੀਵਾੜੇ ਜਾਂਦੇ ਹੋਏ ਰਾਹ ਵਿਚ ਦਸ਼ਮੇਸ਼ ਪਿਤਾ ਬੀੜ ਜੰਡ ਸਾਹਿਬ ਵਾਲੀ ਥਾਂ ਰੁਕੇ ਸਨ, ਜਿੱਥੇ ਅੱਜ ਇਤਿਹਾਸਕ ਗੁਰਦੁਆਰਾ ਸਾਹਿਬ ਵੀ ਸੁਸ਼ੋਭਿਤ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਸਾਹਮਣੇ ਆਈ ਹੈ ਕਿ ਇਤਿਹਾਸਕ ਗੁਰਦੁਆਰਾ ਬੀੜ ਜੰਡ ਸਾਹਿਬ ਤੋਂ ਸਿਰਫ਼ 600 ਮੀਟਰ ਦੀ ਦੂਰੀ ਉੱਤੇ ਬੁੱਢਾ ਦਰਿਆ ਅਤੇ ਸਰਹਿੰਦ ਨਹਿਰ ਵਿਚਾਲੇ 400 ਮੀਟਰ ਦੀ ਖਾਲੀ ਜ਼ਮੀਨ ਵਿੱਚ ਕਾਗਜ਼ ਬਣਾਉਣ ਵਾਲੀ ਫੈਕਟਰੀ ਲਗਾਈ ਜਾ ਰਹੀ ਹੈ, ਜਿਸ ਦਾ ਗੰਦਾ ਪਾਣੀ ਦਰਿਆਵਾਂ ਅਤੇ ਧਰਤੀ ਵਿੱਚ ਸੁੱਟ ਦਿੱਤਾ ਜਾਵੇਗਾ। ਇਹ ਬਹੁਤ ਹੀ ਗੰਭੀਰ ਮਾਮਲਾ ਹੈ ਕਿਉਂਕਿ ਸਰਹਿੰਦ ਨਹਿਰ ਪੰਜਾਬ ਦੇ ਪੂਰੇ ਮਾਲਵੇ ਖੇਤਰ ਦੀ ਜੀਵਨ ਰੇਖਾ ਹੈ ਅਤੇ ਬੁੱਢਾ ਦਰਿਆ ਦੇ ਪਾਣੀ ਦਾ ਅਸਰ ਰਾਜਸਥਾਨ ਤੱਕ ਪੈਂਦਾ ਹੈ, ਇਸ ਕਰਕੇ ਇਹ ਦੋਵੇਂ ਪ੍ਰਮੁੱਖ ਜਲ ਸਰੋਤ ਹਨ, ਜਿਨ੍ਹਾਂ ਉੱਤੇ ਵੱਡੀ ਗਿਣਤੀ ਵਿੱਚ ਲੋਕ ਨਿਰਭਰ ਕਰਦੇ ਹਨ। ਜੇਕਰ ਸ੍ਰੀ ਚਮਕੌਰ ਸਾਹਿਬ ਦੇ ਇਲਾਕੇ ਵਿੱਚ ਕਾਗਜ਼ ਫੈਕਟਰੀ ਲੱਗਦੀ ਹੈ ਤਾਂ ਇਸ ਨਾਲ ਵੱਡੀ ਗਿਣਤੀ ਵਿੱਚ ਲੋਕਾਂ ਦੀ ਸਿਹਤ ਅਤੇ ਜੀਵਨ ਸ਼ੈਲੀ ਉੱਤੇ ਬੁਰਾ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਿੱਥੇ-ਜਿੱਥੇ ਇਹ ਫੈਕਟਰੀਆਂ ਚੱਲ ਰਹੀਆਂ ਹਨ ਉੱਥੇ ਲੋਕਾਂ ਵਿੱਚ ਵੱਡੇ ਪੱਧਰ ਉੱਤੇ ਕੈਂਸਰ, ਚਮੜੀ ਰੋਗ, ਲਾਗ, ਹੈਪੇਟਾਈਟਸ ਏ, ਬੀ, ਸੀ ਆਦਿ ਜਿਹੀਆਂ ਗੰਭੀਰ ਬਿਮਾਰੀਆਂ ਫੈਲੀਆਂ ਹਨ ਅਤੇ ਲੋਕ ਪੀੜਤ ਹਨ। ਇਹ ਕਾਗਜ਼ ਫੈਕਟਰੀਆਂ ਪਵਣ, ਪਾਣੀ ਤੇ ਧਰਤੀ ਨੂੰ ਬੁਰੀ ਤਰ੍ਹਾਂ ਦੂਸ਼ਿਤ ਕਰਦੀਆਂ ਹਨ ਇਸ ਕਰਕੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸ੍ਰੀ ਚਮਕੌਰ ਸਾਹਿਬ ਵਿਖੇ ਫੈਕਟਰੀ ਲਗਾਉਣ ਦੀ ਆਪਣੀ ਯੋਜਨਾ ਤੋਂ ਤੁਰੰਤ ਪਿਛਾਂਹ ਹਟੇ ਅਤੇ ਇਸ ਨੂੰ ਰੱਦ ਕਰਕੇ ਸੂਬੇ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰੇ। ਜਥੇਦਾਰ ਗੜਗੱਜ ਨੇ ਕਿਹਾ ਕਿ ਉਹ ਜਲਦ ਹੀ ਗੁਰਦੁਆਰਾ ਜੰਡ ਸਾਹਿਬ ਸ੍ਰੀ ਚਮਕੌਰ ਸਾਹਿਬ ਵਿਖੇ ਪੁੱਜ ਕੇ ਇਲਾਕੇ ਦੀ ਸੰਗਤ ਨਾਲ ਮੁਲਾਕਾਤ ਕਰਨਗੇ।