
ਬਟਾਲਾ, 5 ਮਈ 2025 : ਬਿਰਹਾ ਦੇ ਸੁਲਤਾਨ, ਪੰਜਾਬ ਦੇ ਸਿਰਮੌਰ ਕਵੀ, ਸ਼ਿਵ ਕੁਮਾਰ ਬਟਾਲਵੀ ਦੀ 52ਵੀਂ ਬਰਸੀ ਕੱਲ੍ਹ 6 ਮਈ ਦਿਨ ਮੰਗਲਵਾਰ ਨੂੰ ਸ਼ਿਵ ਕੁਮਾਰ ਬਟਾਲਵੀ ਆਡੋਟੋਰੀਅਮ, ਜਲੰਧਰ ਰੋਡ ਬਟਾਲਾ ਵਿਖੇ ਮਨਾਈ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਡਾ. ਰਵਿੰਦਰ, ਪ੍ਰਧਾਨ ਸ਼ਿਵ ਕੁਮਾਰ ਬਟਾਲਵੀ ਕਲਾ ਅਤੇ ਸਭਿਆਚਾਰਕ ਸੁਸਾਇਟੀ ਬਟਾਲਾ ਨੇ ਦੱਸਿਆ ਕਿ ਸ਼ਿਵ ਕੁਮਾਰ ਬਟਾਲਵੀ ਕਲਾ ਅਤੇ ਸਭਿਆਚਾਰਕ ਸੁਸਾਇਟੀ ਵਲੋਂ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀ ਬਰਸੀ ਮੌਕੇ ਕਵੀ ਦਰਬਾਰ ਕਰਵਾਇਆ ਜਾਵੇਗਾ। ਡਾ. ਰਵਿੰਦਰ ਨੇ ਅੱਗੇ ਦੱਸਿਆ ਕਿ 6 ਮਈ ਨੂੰ ਸ਼ਾਮ 4 ਵਜੇ ਸਮਾਗਮ ਕਰਵਾਇਆ ਜਾਵੇਗਾ। ਸਭ ਤੋਂ ਪਹਿਲਾਂ ਸ਼ਿਵ ਕੁਮਾਰ ਬਟਾਲਵੀ ਦੇ ਬੁੱਤ ਨੂੰ ਫੁੱਲ ਅਰਪਨ ਕੀਤੇ ਜਾਣਗੇ। ਉਪਰੰਤ ਸ਼ਿਵ ਕੁਮਾਰ ਬਟਾਲਵੀ ਦੀ ਪੰਜਾਬੀ ਕਾਵਿ ਨੂੰ ਦੇਣ ਬਾਰੇ ਵਿਚਾਰ ਚਰਚਾ ਅਤੇ ਸ਼ਿਵ ਕਾਵਿ ਗਾਇਨ ਹੋਵੇਗਾ।