ਜ਼ਿਲ੍ਹਾ ਭਾਸ਼ਾ ਅਫਸਰ ਡਾ. ਜਗਦੀਪ ਸਿੰਘ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਨਾਲ ਪੰਜਾਬੀ ਭਾਸ਼ਾ ਵਿਭਾਗ ਦੇ ਉਤਪਤੀ ਵਿਕਾਸ ਅਤੇ ਕੰਮਾਂ ਬਾਰੇ ਸਾਂਝੀ ਕੀਤੀ ਜਾਣਕਾਰੀ

ਹਰੀਕੇ ਪੱਤਣ, 10 ਮਾਰਚ 2025 : ਸੰਤ ਸਿੰਘ ਸੁੱਖਾ ਸਿੰਘ ਖਾਲਸਾ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਹਰੀਕੇ ਪੱਤਣ ਵਿਖੇ ਅੱਜ ਜ਼ਿਲ੍ਹਾ ਭਾਸ਼ਾ ਅਫਸਰ ਤਰਨ ਤਾਰਨ ਡਾ. ਜਗਦੀਪ ਸਿੰਘ ਅਤੇ ਉਨਾਂ ਦੇ ਨਾਲ ਸਹਾਇਕ ਅਫਸਰ ਸ੍ਰੀ ਰਮਨ ਕੁਮਾਰ ਵਿਸ਼ੇਸ਼ ਤੌਰ ਤੇ ਪਹੁੰਚੇ| ਸਕੂਲ ਪਹੁੰਚਣ ਤੇ ਸਕੂਲ ਮੈਨੇਜਿੰਗ ਡਾਇਰੈਕਟਰ ਸ਼੍ਰੀ ਸਤੀਸ਼ ਕੁਮਾਰ ਅਤੇ ਪ੍ਰਿੰਸੀਪਲ ਮੈਡਮ ਸੰਦੀਪ ਕੌਰ ਦੁਆਰਾ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ| ਡਾਕਟਰ ਜਗਦੀਪ ਸਿੰਘ ਦੁਆਰਾ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਨਾਲ ਪੰਜਾਬੀ ਭਾਸ਼ਾ ਵਿਭਾਗ ਦੇ ਉਤਪਤੀ ਵਿਕਾਸ ਅਤੇ ਕੰਮਾਂ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ| ਵਿਦਿਆਰਥੀਆਂ ਨੂੰ ਭਾਸ਼ਾ ਵਿਭਾਗ ਦੇ ਕੀਤੇ ਜਾ ਰਹੇ ਕੰਮਾਂ ਤੋਂ ਜਾਣੂ ਕਰਵਾਇਆi ਵਿਦਿਆਰਥੀਆਂ ਨੂੰ ਉਹਨਾਂ ਨੇ ਬਚਪਨ ਤੋਂ ਹੀ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕੀਤਾ ਅਤੇ ਕਿਤਾਬਾਂ ਦੀ ਅਹਿਮੀਅਤ ਸਮਝਾਉਂਦਿਆਂ ਕਿਹਾ ਕਿ ਕਿਤਾਬਾਂ ਤੁਹਾਡੀਆਂ ਨਿੱਜੀ ਦੋਸਤ ਹੁੰਦੀਆਂ ਹਨ ਅਤੇ ਕਦੇ ਵੀ ਸਾਨੂੰ ਧੋਖਾ ਨਹੀਂ ਦਿੰਦੀਆਂ| ਇਸ ਤੋਂ ਇਲਾਵਾ ਉਹਨਾਂ ਨੇ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਇਸ ਦੀ ਸਾਡੀ ਜ਼ਿੰਦਗੀ ਦੇ ਵਿੱਚ ਅਹਿਮੀਅਤ, ਇਸ ਤੋਂ ਜੀਵਨ ਜਾਂਚ ਦੀ ਸੇਧ ਪ੍ਰਾਪਤ ਕਰਨ ਲਈ  ਸਮਝਾਇਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇੱਕ ਰੂਹਾਨੀ ਗੁਰਬਾਣੀ ਦਾ ਸੰਗ੍ਰਹਿ ਹੈ, ਜਿਸ ਤੋਂ ਹਰ ਵਰਗ ਅਤੇ ਹਰ ਧਰਮ ਦਾ ਵਿਅਕਤੀ ਪੜ੍ਹ ਕੇ ਵਿਚਾਰ ਕੇ ਆਪਣੇ ਜੀਵਨ ਨੂੰ ਸੁਖਾਲਾ ਅਤੇ ਸੁਚੱਜਾ ਬਣਾ ਸਕਦਾ ਹੈ | ਉਹਨਾਂ ਨੇ ਅਧਿਆਪਕਾਂ ਨੂੰ ਆਪਣੀ ਮਾਤ ਭਾਸ਼ਾ ਨੂੰ ਪ੍ਰਫੁੱਲਿਤ ਕਰਨ, ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਮਾਤ ਭਾਸ਼ਾ ਨੂੰ ਸਿੱਖਣ ਲਈ ਕਿਹਾ| ਗੁਰੂ ਅਰਜਨ ਦੇਵ ਜੀ ਦੀ ਵਸਾਈ ਨਗਰੀ ਤਰਨ ਤਾਰਨ ਦੀ ਅਹਿਮੀਅਤ ਨੂੰ ਸਮਝਾਉਂਦਿਆਂ ਹੋਇਆਂ ਉਹਨਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਤਰਨ ਤਾਰਨ ਦੇ ਇਲਾਕੇ ਦੇ ਵਿੱਚ ਤੁਹਾਨੂੰ ਧਰਮ ਵਿਰਾਸਤ ਦੀ ਝਲਕ ਦੇਖਣ ਨੂੰ ਮਿਲਦੀ ਹੈ| ਇਸ ਦੇ ਕਣ-ਕਣ ਦੇ ਵਿੱਚ ਪਰਮਾਤਮਾ ਦੀ ਹੋਂਦ ਦੇ ਹੋਣ ਦਾ ਅਹਿਸਾਸ ਬੜੀ ਨੇੜਿਓ ਅਤੇ ਸ਼ਿੱਦਤ ਨਾਲ ਮਹਿਸੂਸ ਹੁੰਦਾ ਹੈ ਸੋ ਇਸ ਪਾਵਨ ਨਗਰੀ ਦੇ ਵਿੱਚ ਰਹਿ ਕੇ ਤੁਸੀਂ ਜ਼ਿੰਦਗੀ ਦੀਆਂ ਬੁਲੰਦੀਆਂ ਨੂੰ ਛੂਹ ਕੇ ਵੱਖ ਵੱਖ ਖੇਤਰਾਂ ਵਿੱਚ ਆਪਣਾ ਨਾਮ ਅਤੇ ਪਹਿਚਾਣ ਬਣਾਓ| ਸਕੂਲ ਮੈਨੇਜਿੰਗ ਡਾਇਰੈਕਟਰ ਸ਼੍ਰੀ ਸਤੀਸ਼ ਕੁਮਾਰ ਦੁਆਰਾ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਦੇ ਲਈ ਕੁਝ ਵਿਚਾਰ ਮਸ਼ਵਰੇ ਸਾਂਝੇ ਕੀਤੇ ਗਏ| ਸਕੂਲ ਵੱਲੋਂ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਲਈ ਕੀਤੇ ਜਾ ਰਹੇ ਉਪਰਾਲਿਆਂ ਤੋਂ ਉਹਨਾਂ ਨੂੰ ਜਾਣੂ ਕਰਵਾਇਆ ਅਤੇ ਭਵਿੱਖ ਵਿੱਚ ਉਹਨਾਂ ਦੇ ਕੋਲੋਂ ਵਿਸ਼ੇਸ਼ ਸਹਿਯੋਗ ਦੀ ਇੱਛਾ ਪ੍ਰਗਟਾਈ| ਜਗਦੀਪ ਸਿੰਘ ਦੁਆਰਾ ਉਰਦੂ ਭਾਸ਼ਾ ਦੇ ਪਿਛੋਕੜ ਬਾਰੇ ਵੀ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ| ਸਕੂਲ ਮੈਨੇਜਮੈਂਟ ਅਤੇ ਪ੍ਰਿੰਸੀਪਲ ਦੁਆਰਾ ਉਹਨਾਂ ਨੂੰ ਵਿਸ਼ੇਸ਼ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ|