ਤਰਨ ਤਾਰਨ, 29 ਅਗਸਤ : ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਕੁਮਾਰ, ਆਈ. ਏ. ਐੱਸ., ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਸਰਹੱਦੀ ਖੇਤਰ ਦੇ ਮੁੱਦਿਆਂ ਸਬੰਧੀ ਸਿਵਲ, ਪੁਲਿਸ ਅਤੇ ਬੀ. ਐੱਸ. ਐੱਫ ਅਧਿਕਾਰੀਆਂ ਦੀ ਵਿਸ਼ੇਸ ਹੋਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀਮਤੀ ਅਮਨਿੰਦਰ ਕੌਰ, ਐੱਸ. ਡੀ. ਐੱਮ. ਖਡੂਰ ਸਾਹਿਬ ਸ੍ਰੀ ਦੀਪਕ ਭਾਟੀਆ, ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ, ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਗੁਰਮੀਤ ਸਿੰਘ, ਐੱਸ. ਪੀ. ਸ੍ਰੀ ਦੇਵ ਸਿੰਘ, ਉੱਪ ਅਰਥ ਤੇ ਅੰਕੜਾ ਸਲਾਹਕਾਰ ਡਾ. ਅਮਨਦੀਪ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਗੁਰਪ੍ਰੀਤ ਸਿੰਘ ਅਤੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਬੀ. ਐੱਸ. ਐੱਫ. ਦੇ ਅਧਿਕਾਰੀ ਵੀ ਹਾਜ਼ਰ ਸਨ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਵਿਭਾਗ ਤਰਨ ਤਾਰਨ ਵੱਲੋਂ ਜ਼ਿਲ੍ਹੇ ਦੇ ਸਰਹੱਦੀ ਖੇਤਰ ਵਿੱਚ ਲੱਗਭੱਗ 86 ਥਾਵਾਂ ‘ਤੇ ਸੀ. ਸੀ. ਟੀ. ਵੀ. ਲਗਵਾਉਣ ਲਈ ਪਛਾਣ ਕੀਤੀ ਗਈ ਹੈ, ਜਿੱਥੇ ਜਲਦੀ ਹੀ ਸੀ. ਸੀ. ਟੀ. ਵੀ. ਕੈਮਰੇ ਲਗਾਏ ਜਾਣਗੇ। ਉਹਨਾਂ ਦੱਸਿਆ ਕਿ ਇਸ ਲਈ ਸਰਕਾਰ ਵਲੋਂ ਰਾਜ ਪੱਧਰ ‘ਤੇ ਏ. ਡੀ. ਜੀ. ਪੀ. ( ਬਾਰਡਰ ਰੇਂਜ) ਅਤੇ ਡੀ. ਆਈ. ਜੀ. ਫਿਰੋਜ਼ਪੁਰ ਰੇਂਜ ਅਧਾਰਤ ਕਮੇਟੀ ਬਣਾਈ ਗਈ ਹੈ, ਜਿਸ ਵੱਲੋਂ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੰਤਰ ਰਾਸ਼ਟਰੀ ਸਰਹੱਦ ਤੋਂ 15 ਕਿਲੋਮੀਟਰ ਦੇ ਖੇਤਰ ਵਿੱਚ ਐੱਸ. ਐੱਸ. ਪੀ. ਤਰਨ ਤਾਰਨ ਰਾਹੀਂ ਪਿੰਡ ਪੱਧਰੀ ਰੱਖਿਅਕ ਕਮੇਟੀਆਂ ਦਾ ਗਠਨ ਕੀਤਾ ਜਾਣਾ ਹੈ। ਉਹਨਾਂ ਦੱਸਿਆ ਕਿ 160 ਪਿੰਡਾਂ ਵਿੱਚ ਪਿੰਡ ਪੱਧਰੀ ਰੱਖਿਅਕ ਕਮੇਟੀਆਂ ਦਾ ਗਠਨ ਕੀਤਾ ਜਾ ਚੁੱਕਾ ਹੈ ਅਤੇ ਸਰਹੱਦ ਤੋਂ 15 ਕਿਲੋਮੀਟਰ ਤੱਕ ਦੇ ਖੇਤਰ ਵਿੱਚ 39 ਹੋਰ ਪਿੰਡਾਂ ਵਿੱਚ ਵੀ ਐੱਸ. ਐੱਸ. ਪੀ. ਤਰਨ ਤਾਰਨ ਦੀ ਅਗਵਾਈ ਹੇਠ ਪਿੰਡ ਪੱਧਰੀ ਰੱਖਿਅਕ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਵਧੀਆ ਕੰਮ ਵਾਲੀਆਂ ਪਿੰਡ ਪੱਧਰੀ ਰੱਖਿਅਕ ਕਮੇਟੀਆਂ ਨੂੰ ਨਕਦ ਇਨਾਮ ਨਾਲ ਸਨਮਾਨਿਤ ਵੀ ਕੀਤਾ ਜਾਵੇਗਾ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਬੰਧਿਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਜਿਲੇ ਦੇ ਬਾਰਡਰ ਏਰੀਆ ਦਾ ਮੈਪ ਤਿਆਰ ਕੀਤਾ ਜਾਵੇ ਅਤੇ ਇਸ ਵਿਚ ਸਮੂਹ ਬੀ. ਓ. ਪੀਜ਼ 11 ਫੁੱਟ, 22 ਫੁੱਟ ਅਤੇ 44 ਫੁੱਟ ਦੇ ਰਸਤਿਆਂ ਦਾ ਜਿੰਨ੍ਹਾ ਸਬੰਧੀ ਜ਼ਮੀਨ ਅਕਵਾਇਰ ਕੀਤੀ ਜਾਣੀ ਹੈ ਜਾਂ ਅਕਵਾਇਰ ਕੀਤੀ ਜਾ ਚੁੱਕੀ ਹੈ, ਦਾ ਵੇਰਵਾ ਦਰਜ ਕੀਤਾ ਜਾਵੇ। ਇਹ ਕੰਮ 18 ਸਤੰਬਰ, 2023 ਤੱਕ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ।ਉਹਨਾਂ ਕਿਹਾ ਕਿ ਇਸ ਲਈ ਡੀ. ਆਈ. ਜੀ., ਬੀ. ਐੱਸ. ਐੱਫ ਫਿਰੋਜਪੁਰ ਅਤੇ ਅੰਮ੍ਰਿਤਸਰ ਨੂੰ ਡਿਫੈਂਸ ਵੱਲੋਂ ਅਤੇ ਸਬੰਧਤ ਉਪ ਮੰਡਲ ਮੈਜਿਸਟਰੇਟ ਸਿਵਲ ਪ੍ਰਸਾਸ਼ਨ ਵਲੋਂ ਲਾਇਜ਼ਨ ਅਫਸਰ ਤਾਇਨਾਤ ਕੀਤੇ ਜਾਣ।ਉਹਨਾਂ ਕਿਹਾ ਕਿ ਜਿਲਾ ਮਾਲ ਅਫਸਰ, ਤਰਨ ਤਾਰਨ ਇਸ ਕੰਮ ਲਈ ਸਬੰਧਿਤ ਅਧਿਕਾਰੀਆਂ ਨਾਲ ਤਾਲਮੇਲ ਕਰਨਗੇ ।