ਬਟਾਲਾ ਪੁਲਿਸ ਵਲੋਂ ਸ਼ੋਅਰੂਮ ਮਾਲਕ ਵੱਲੋਂ ਫਿਰੌਤੀ ਦੀ ਆੜ ਵਿੱਚ ਸਕਿਊਰਟੀ ਲੈਣ ਲਈ ਖੁੱਦ 'ਤੇ ਗੋਲੀਆਂ ਚਲਵਾਉਣ ਦੀ ਸ਼ਾਜਿਸ਼ ਦਾ ਪਰਦਾਫਾਸ਼

ਬਟਾਲਾ,12 ਮਈ 2025 : ਬਟਾਲਾ ਪੁਲਿਸ ਵੱਲੋਂ ਜਿੱਥੇ ਕ੍ਰਾਇਮ ਪੇਸ਼ਾ ਮੁਲਜਮਾਂ ਵੱਲੋਂ ਉਹਨਾਂ ਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਨੱਥ ਪਾਉਣ ਵਿੱਚ ਪਹਿਲਾਂ ਹੀ ਚੰਗੀ ਕਾਰਗੁਜ਼ਾਰੀ ਦਿਖਾਈ ਜਾ ਰਹੀ ਹੈ, ਉਥੇ ਹੀ ਅਜਿਹੇ ਕ੍ਰਾਇਮ ਪੇਸ਼ਾ ਲੋਕਾਂ ਵੱਲੋਂ ਕੀਤੀ ਗਈ ਇੱਕ ਨਿਵੇਕਲੀ ਕਿਸਮ ਦੀ ਵਾਰਦਾਤ ਨੂੰ ਟਰੇਸ ਕਰਕੇ ਮੁੱਖ ਮੁਲਜਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਸ਼੍ਰੀ ਸੁਹੇਲ ਕਾਸਿਮ ਮੀਰ, ਐਸ.ਐਸ.ਪੀ ਬਟਾਲਾ ਵੱਲੋਂ ਅੱਜ ਕੀਤੀ ਪਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ 29 ਅਪ੍ਰੈਲ 2025 ਨੂੰ ਫੈਸ਼ਨ ਲੰਡਨ ਸ਼ੋਅਰੂਮ ਦੇ ਮਾਲਿਕ ਵਰਿੰਦਰ ਸਿੰਘ ਉਰਫ ਵਿੱਕੀ ਪੁੱਤਰ ਨਰਿੰਦਰ ਸਿੰਘ ਵਾਸੀ ਨਿਊ ਟੋਪ ਸਿਟੀ ਕਲੋਨੀ, ਬਟਾਲਾ ਨੂੰ ਧਰਮਾ ਸੰਧੂ ਨਾਮ ਦੇ ਗੈਂਗਸਟਰ ਵੱਲੋਂ 50 ਲੱਖ ਦੀ ਫਿਰੌਤੀ ਦੀ ਮੰਗ ਕਰਨ ਸਬੰਧੀ ਕਾਲ ਕੀਤੀ ਗਈ ਸੀ ਅਤੇ ਫਿਰੌਤੀ ਦੀ ਰਕਮ ਅਦਾ ਨਾ ਕਰਨ 'ਤੇ ਅਣਪਛਾਤੇ ਮੋਟਰਸਾਇਕਲ ਚਾਲਕਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸੀ, ਜਿਸਤੇ ਉਪਰੋਕਤ ਮਾਲਿਕ ਵਰਿੰਦਰ ਸਿੰਘ ਉਰਫ ਵਿੱਕੀ ਦੇ ਬਿਆਨ ਤੇ ਮੁਕੱਦਮਾ ਨੰਬਰ 70 ਮਿਤੀ 30.04.2025 ਜੁਰਮ 308(2), 351, 125 ਬੀ.ਐਨ.ਐਸ, 25-54-59 ਅਸਲਾ ਐਕਟ ਥਾਣਾ ਸਿਟੀ ਬਟਾਲਾ ਦਰਜ ਰਜਿਸਟਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਗੁਰਪ੍ਰਤਾਪ ਸਿੰਘ ਸਹੋਤਾ, ਐਸ.ਪੀ ਇੰਨਵੈਸਟੀਗੇਸ਼ਨ ਬਟਾਲਾ ਦੀ ਯੋਗ ਅਗਵਾਈ ਹੇਠ ਸੰਜੀਵ ਕੁਮਾਰ, ਡੀ.ਐਸ.ਪੀ ਸਿਟੀ ਬਟਾਲਾ, ਇੰਸਪੈਕਟਰ ਸੁਖਰਾਜ ਸਿੰਘ, ਇੰਚਾਰਜ ਸੀ.ਆਈ.ਏ ਬਟਾਲਾ ਅਤੇ ਹੋਰ ਪੁਲਿਸ ਟੀਮਾਂ ਇਸ ਵਾਰਦਾਤ ਨੂੰ ਟਰੇਸ ਕਰਨ ਵਿੱਚ ਲਗਾਈਆਂ ਗਈਆਂ, ਜੋ ਦੌਰਾਨੇ ਤਫਤੀਸ਼ ਉਪਰੋਕਤ ਸ਼ੋਅਰੂਮ ਪਰ ਗੋਲੀਆਂ ਚਲਾਉਣ ਵਾਲੇ ਗਿਰੋਹ ਨੂੰ ਟਰੇਸ ਕਰਕੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਮਿਲੀ ਹੈ। ਉਨ੍ਹਾਂ ਦੱਸਿਆ ਕਿ ਉਪਰੋਕਤ ਗ੍ਰਿਫਤਾਰ ਕੀਤੇ ਗਏ ਮੁਲਜਮਾਂ ਦੇ ਇੰਕਸ਼ਾਫ ਤੋਂ ਇਹ ਪਾਇਆ ਗਿਆ ਕਿ ਰਣਜੋਧ ਸਿੰਘ ਉਰਫ਼ ਜੋਧਾ ਪੁੱਤਰ ਪ੍ਰਗਟ ਸਿੰਘ ਵਾਸੀ ਜੋੜਾ ਸਿੰਘਾ ਥਾਣਾ ਕਿਲਾ ਲਾਲ ਸਿੰਘ ਹਾਲ ਇੰਗਲੈਂਡ ਦਾ ਸਬੰਧ ਫ਼ੈਸ਼ਨ ਲੰਡਨ ਸ਼ੋਅਰੂਮ ਬਟਾਲਾ ਦੇ ਮਾਲਕ ਵਰਿੰਦਰ ਸਿੰਘ ਉਰਫ਼ ਵਿੱਕੀ ਨਾਲ ਹੈ। ਜੋ ਵਰਿੰਦਰ ਸਿੰਘ ਨੇ ਪੁਲਿਸ ਸਕਿਓਰਟੀ ਹਾਸਿਲ ਕਰਨ ਲਈ ਰਣਜੋਧ ਸਿੰਘ ਜੋਧਾ ਨਾਲ ਸਲਾਹ ਕੀਤੀ। ਰਣਜੋਧ ਸਿੰਘ ਨੇ ਅੱਗੋਂ ਕੈਨੇਡਾ ਵਿੱਚ ਬੈਠੇ ਆਪਣੇ ਦੋਸਤ ਵਿਸ਼ਾਲਦੀਪ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਭਿੰਡਰ ਥਾਣਾ ਖਿਲਚੀਆਂ ਨਾਲ ਗੱਲ ਕੀਤੀ। ਜੋ ਵਿਸ਼ਾਲਦੀਪ, ਰਣਜੋਧ ਸਿੰਘ ਅਤੇ ਸ਼ੋਅਰੂਮ ਮਾਲਕ ਵਰਿੰਦਰ ਸਿੰਘ ਨੇ ਮਿਤੀ 29.04.2025 ਦੀ ਤਾਰੀਖ ਫਿਕਸ ਕੀਤੀ।ਅੱਗੋਂ ਵਿਸ਼ਾਲਦੀਪ ਨੇ ਇਸ ਕੰਮ ਨੂੰ ਅੰਜ਼ਾਮ ਦੇਣ ਲਈ (1) ਰਾਜਬੀਰ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਖਲਚੀਆ (2) ਬਲਵਿੰਦਰ ਸਿੰਘ ਉਰਫ ਰਾਹੁਲ ਸੇਖੋਂ ਪੁੱਤਰ ਅਮਰੀਕ ਸਿੰਘ ਵਾਸੀ ਵਡਾਲਾ ਖੁਰਦ ਹਾਲ ਸਿਟੀ ਤਰਨਤਾਰਨ, (3) ਸੁਖਸਾਹਿਜਪ੍ਰੀਤ ਸਿੰਘ ਪੁੱਤਰ ਸੁਖਜਿੰਦਰ ਸਿੰਘ ਵਾਸੀ ਰਸੂਲਪੁਰ ਤਰਨਤਾਰਨ ਹਾਲ ਬਾਠ ਚੌਂਕ ਤਰਨਤਾਰਨ ਨੂੰ 50,000/- ਰੁਪਏ ਵਿੱਚ ਹਾਇਰ ਕੀਤਾ।ਇਸ ਕੰਮ ਲਈ ਵਰਤੇ ਜਾਣ ਵਾਲੇ ਪਿਸਟਲ 32 ਬੋਰ ਦਾ ਪ੍ਰਬੰਧ ਵਿਸ਼ਾਲਦੀਪ ਨੇ ਕਰਵਾਇਆ। ਜੋ ਇਹ ਪਿਸਟਲ ਰਾਜਬੀਰ ਸਿੰਘ ਨੇ ਗੋਲਡਨ ਗੇਟ ਅੰਮ੍ਰਿਤਸਰ ਨੇੜੇ ਕਿਸੇ ਨਾ-ਮਲੂਮ ਲੜਕੇ ਪਾਸੋਂ ਹਾਸਿਲ ਕਰਕੇ ਬਟਾਲਾ ਵੱਲ ਨੂੰ ਚੱਲ ਪਏ। ਮੋਟਰਸਾਇਕਲ ਬਲਵਿੰਦਰ ਸਿੰਘ ਚਲਾਉਣ ਲੱਗ ਪਿਆ, ਸੁਖ ਸਹਿਜਪ੍ਰੀਤ ਸਿੰਘ ਵਿਚਕਾਰ ਬੈਠ ਗਿਆ ਅਤੇ ਰਾਜਬੀਰ ਪਿਸਟਲ ਫ਼ੜ ਕੇ ਪਿੱਛੇ ਬੈਠ ਗਿਆ। ਐੱਸ.ਐੱਸ.ਪੀ ਬਟਾਲਾ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਕੇਸ ਵਿੱਚ ਦਿਲਚਸਪ ਗੱਲ ਸਾਹਮਣੇ ਆਈ ਕਿ ਸ਼ੋਅਰੂਮ ਮਾਲਕ ਵਰਿੰਦਰ ਸਿੰਘ ਰੋਜ਼ਾਨਾ ਆਪਣਾ ਸ਼ੋਅਰੂਮ ਰਾਤ 09:00 ਵਜੇ ਬੰਦ ਕਰ ਦਿੰਦਾ ਸੀ, ਪਰੰਤੂ ਘਟਨਾ ਵਾਲੀ ਰਾਤ ਉਸ ਉੱਪਰ ਫਾਇਰ ਕਰਨ ਵਾਲੀ ਪਾਰਟੀ ਦੇ ਲੇਟ ਹੋਣ ਕਰਕੇ ਵਰਿੰਦਰ ਸਿੰਘ ਆਪਣੇ ਸ਼ੋਅਰੂਮ ਦਾ ਸ਼ਟਰ ਹੇਠਾਂ ਸੁੱਟ ਕੇ ਉਨ੍ਹਾਂ ਦਾ ਇੰਤਜ਼ਾਰ ਕਰਦਾ ਰਿਹਾ।ਰਾਜਬੀਰ ਸਿੰਘ ਅਤੇ ਉਸਦੇ ਸਾਥੀਆਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਜਦ ਉਹ ਬਟਾਲਾ ਤੋਂ ਥੋੜਾ ਪਿੱਛੇ ਸਨ ਤਾਂ ਉਨ੍ਹਾਂ ਨੂੰ ਵਿਸ਼ਾਲਦੀਪ ਦਾ ਫ਼ੋਨ ਵੀ ਆਇਆ ਕਿ ਵਰਿੰਦਰ ਸਿੰਘ ਦੁਕਾਨ ਦੇ ਬਾਹਰ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ, ਤੁਸੀਂ ਜਲਦੀ ਪਹੁੰਚੋ। ਜਦ ਉਹ ਬਟਾਲਾ ਪੁੱਜ ਕੇ ਬਜ਼ਾਰ ਵਿੱਚੋਂ ਜੱਸਾ ਸਿੰਘ ਰਾਮਗੜੀਆ ਹਾਲ ਕੋਲ ਆਏ ਤਾਂ ਉਨ੍ਹਾਂ ਨੂੰ ਦੁਬਾਰਾ ਵਿਸ਼ਾਲ ਦਾ ਫ਼ੋਨ ਆਇਆ ਕਿ ਤੁਸੀਂ ਅੱਗੇ ਲੰਘ ਗਏ ਹੋ, ਦੁਕਾਨ ਪਿੱਛੇ ਹੈ।ਜਿਸਤੇ ਦੁਬਾਰਾ ਉਹ ਵਾਪਸ ਸੋਅਰੂਮ ਗਏ ਅਤੇ ਵਕਤ ਰਾਤ ਕਰੀਬ 09:48 'ਤੇ ਦੁਕਾਨ ਦੇ ਸ਼ਟਰ 'ਤੇ ਫਾਇਰ ਕਰਕੇ ਫ਼ਰਾਰ ਹੋ ਗਏ। ਇੱਥੇ ਵਿਸ਼ਾਲਦੀਪ ਸਿੰਘ ਵੱਲੋਂ ਤਹਿ ਕੀਤੀ ਗਈ ਰਕਮ 50,000 ਰੁਪਏ ਵਿੱਚੋਂ ਕੇਵਲ 3500/- ਰੁਪਏ ਹੀ ਰਾਜਬੀਰ ਸਿੰਘ ਅਤੇ ਉਸਦੇ ਸਾਥੀਆਂ ਨੂੰ ਦਿੱਤੇ ਸਨ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਵਰਿੰਦਰ ਸਿੰਘ ਵੱਲੋਂ ਮੁੱਕਦਮਾ ਨੰਬਰ 70/2025 ਵਿੱਚ 50 ਲੱਖ ਫਿਰੌਤੀ ਦੀ ਕਾਲ ਦਾ ਜੋ ਜ਼ਿਕਰ ਕੀਤਾ ਗਿਆ ਹੈ, ਉਹ ਕਾਲ ਰਣਜੋਧ ਸਿੰਘ ਉਰਫ਼ ਜੋਧਾ ਵੱਲੋਂ, ਧਰਮਾ ਸੰਧੂ ਦੀ ਆਈ.ਡੀ ਬਣਾ ਕੇ ਕੀਤੀ ਗਈ ਸੀ। ਇਸ ਤੋਂ ਇਲਾਵਾ ਵਾਰਦਾਤ ਤੋਂ ਪਹਿਲਾਂ ਸ਼ੋਅਰੂਮ ਮਾਲਕ ਵਰਿੰਦਰ ਸਿੰਘ ਨੇ ਰਣਜੋਧ ਸਿੰਘ ਨੂੰ 26,000 ਰੁਪਏ ਦੀ ਕੀਮਤ ਦੇ ਕੱਪੜੇ ਵਿਦੇਸ਼ ਭੇਜੇ ਸਨ ਅਤੇ 12000 ਰੁਪਏ ਕੋਰੀਅਰ ਖਰਚਾ ਵੀ ਵਰਿੰਦਰ ਸਿੰਘ ਵੱਲੋਂ ਹੀ ਅਦਾ ਕੀਤਾ ਗਿਆ ਸੀ। ਇਸ ਤੋਂ ਇਲਾਵਾ ਵਰਿੰਦਰ ਸਿੰਘ ਵੱਲੋਂ ਫਿਰੌਤੀ ਦੀ ਮੰਗ ਸਬੰਧੀ ਪਹਿਲਾਂ ਵੀ ਮੁਕੱਦਮਾ ਨੰਬਰ 28 ਮਿਤੀ 03.03.2022 ਜੁਰਮ 387,506 ਭ.ਦ ਥਾਣਾ ਸਿਟੀ ਬਟਾਲਾ ਦਰਜ ਰਜਿਸਟਰ ਕਰਵਾਇਆ ਗਿਆ ਸੀ, ਜਿਸ ਵਿੱਚ ਗੈਂਗਸਟਰ ਮਨਦੀਪ ਸਿੰਘ ਤੂਫਾਨ ਵੱਲੋਂ 35 ਲੱਖ ਦੀ ਫਿਰੌਤੀ ਮੰਗੀ ਸੀ, ਜੋ ਬਾਅਦ ਵਿੱਚ ਮਨਦੀਪ ਸਿੰਘ ਤੂਫਾਨ ਦੀ ਮੌਤ ਹੋਣ ਕਰਕੇ ਮੁਕੱਦਮਾ ਰਿਪੋਰਟ ਅਖਰਾਜ ਲਿਖੀ ਗਈ। ਇਸ ਕੇਸ ਵਿੱਚ ਹੁਣ ਤੱਕ ਗ੍ਰਿਫ਼ਤਾਰ ਕੀਤੇ ਗਏ ਮੁਜ਼ਰਿਮਾਂ ਵਿੱਚ ਵਰਿੰਦਰ ਸਿੰਘ ਉਰਫ਼ ਵਿੱਕੀ ਪੁੱਤਰ ਨਰਿੰਦਰ ਸਿੰਘ ਵਾਸੀ ਪਿੰਡ ਲੱਖੋਰਾਹ ਹਾਲ ਨਿਊ ਟੋਪ ਸਿਟੀ ਕਲੋਨੀ ਬਟਾਲਾ। ਰਾਜਬੀਰ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਖਿਲਚੀਆਂ। ਬਲਵਿੰਦਰ ਸਿੰਘ ਉਰਫ ਰਾਹੁਲ ਸੇਖੋਂ ਪੁੱਤਰ ਅਮਰੀਕ ਸਿੰਘ ਵਾਸੀ ਵਡਾਲਾ ਖੁਰਦ ਹਾਲ ਸਿਟੀ ਤਰਨਤਾਰਨ। ਸੁਖਸਾਹਿਜਪ੍ਰੀਤ ਸਿੰਘ ਪੁੱਤਰ ਸੁਖਜਿੰਦਰ ਸਿੰਘ ਵਾਸੀ ਰਸੂਲਪੁਰ ਤਰਨਤਾਰਨ ਹਾਲ ਬਾਠ ਚੌਂਕ ਤਰਨਤਾਰਨ। ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਰਾਜਪਾਲ ਸਿੰਘ ਵਾਸੀ ਜਲਾਲਾਬਾਦ। ਗੁਰਮੇਜ ਸਿੰਘ ਪੁੱਤਰ ਹਰੀ ਸਿੰਘ ਵਾਸੀ ਭਿੰਡਰ ਥਾਣਾ ਖਿਲਚੀਆਂ। ਇਸ ਘਟਨਾ ਵਿੱਚ ਵਰਤਿਆ ਗਿਆ ਪਿਸਟਲ 32 ਬੋਰ ਅਤੇ ਮੋਟਰਸਾਈਕਲ ਦੀ ਬ੍ਰਾਮਦਗੀ ਅਤੇ ਤਫ਼ਤੀਸ਼ ਅਜੇ ਬਾਕੀ ਹੈ।