
- ਸ਼ਹਿਰ ਵਿੱਚ ਕਿਸੇ ਅਣਸੁਖਾਵੀਂ ਘਟਨਾ ਵਾਪਰਨ ’ਤੇ ਅੰਦਰੂਨੀ ਇਲਾਕਿਆਂ ਵਿੱਚ ਪਹੁੰਚ ਹੋਵੇਗੀ ਸੁਖਾਲੀ
ਬਟਾਲਾ, 12 ਮਈ 2025 : ਬਟਾਲਾ ਦੇ ਨੌਜਵਾਨ ਵਿਧਾਇਕ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ, ਅਮਨਸ਼ੇਰ ਸ਼ਿੰਘ ਸ਼ੈਰੀ ਕਲਸੀ ਵਲੋਂ ਅੱਜ ਫਾਇਰ ਬਿ੍ਰਗੇਡ ਵਿਭਾਗ ਬਟਾਲਾ ਦੀ ਚਿਰੋਕਣੀ ਮੰਗ ਪੂਰੀ ਕਰਦਿਆਂ ਅਤਿ ਆਧੁਨਿਕ ਸਹੂਲਤਾਂ ਨਾਲ ਲੈੱਸ ਅੱਗ ਬੁਝਾਓ ਗੱਡੀ ਨੂੰ ਹਰੀ ਝੰਡੀ ਦਿੱਤੀ। ਇਸ ਮੌਕੇ ਸ੍ਰੀ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ-ਕਮ-ਕਮਿਸ਼ਨਰ ਨਗਰ ਨਿਗਮ ਬਟਾਲਾ ਤੇ ਚੇਅਰਮੈਨ ਮਾਨਿਕ ਮਹਿਤਾ ਤੇ ਫਾਇਰ ਬਿ੍ਰਗੇਡ ਅਫਸਰ ਨੀਰਜ ਸ਼ਰਮਾ ਮੋਜੂਦ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਫਾਇਰ ਬਿ੍ਰਗੇਡ ਵਿਭਾਗ ਵਲੋਂ ਕਾਫੀ ਲੰਮੇ ਸਮੇਂ ਤੋ ਮੰਗ ਕੀਤੀ ਜਾ ਰਹੀ ਸੀ ਕਿ ਸ਼ਹਿਰ ਦੇ ਅੰਦਰੂਨੀ ਖੇਤਰ ਵਿੱਚ ਜੇ ਕੋਈ ਅਮਸੁਖਾਵੀਂ ਘਟਨਾ ਵਾਪਰ ਜਾਵੇ ਤਾਂ ਅੱਗ ਬੁਝਾਊ ਗੱਡੀ ਦੀ ਲੋੜ ਹੈ। ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਉਨਾਂ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਨੂੰ ਬੇਨਤੀ ਕੀਤੀ ਤੇ ਉਨਾਂ ਵਲੋਂ ਫਾਇਰ ਬਿ੍ਰਗੇਡ ਵਿਭਾਗ ਨੂੰ ਇਗ ਗੱਡੀ ਮੁਹੱਈਆ ਕਰਵਾਈ ਗਈ, ਜੋ ਇਨਾਂ ਨੂੰ ਸੌਂਪੀ ਗਈ ਹੈ। ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਇਸ ਅੱਗ ਬੁਝਾਊ ਗੱਡੀ ਅਤਿ ਆਧੁਨਿਕ ਸਹੂਲਤਾਂ ਨਾਲ ਲੈੱਸ ਹੈ। ਇਸ ਵਿੱਚ ਲਾਈਟਸ, ਅੱਗ ਵਿਰੋਧੀ ਜੈਕੇਟਾਂ, ਕਟਰ, ਵੱਖ-ਵੱਖ ਕਿਸਮ ਦੇ ਯੰਤਰ ਅਤੇ ਕਿਹੜੀ ਗੈਸ ਲੀਕ ਹੋਈ ਹੈ ਦੀ ਪਹਿਚਾਣ ਆਦਿ ਦਾ 40 ਲੱਖ ਰੁਪਏ ਦਾ ਨਵੀਂ ਤਕਨਾਲੋਜੀ ਦਾ ਸਮਾਨ ਉਪਲੱਬਧ ਹੈ। ਉਨਾਂ ਅੱਗੇ ਕਿਹਾ ਕਿ ਉਹ ਬਟਾਲਾ ਸ਼ਹਿਰ ਦੇ ਵਿਕਾਸ ਅਤੇ ਲੋਕਾਂ ਦੀ ਸਹੂਲਤਾਂ ਨੂੰ ਮੁੱਖ ਰੱਖਦਿਆਂ ਦਿਨ-ਰਾਤ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹਨ ਅਤੇ ਉਨਾਂ ਦੀ ਹਮੇਸ਼ਾ ਕੋਸ਼ਿਸ ਹੁੰਦੀ ਹੈ ਕਿ ਲੋਕਾਂ ਦੀ ਮੁਸ਼ਕਿਲਾਂ ਪਹਿਲ ਦੇ ਆਧਾਰ’ਤੇ ਹੱਲ ਕੀਤੀਆਂ ਜਾਣ। ਉਨਾਂ ਕਿਹਾ ਕਿ ਸ਼ਹਿਰ ਦਾ ਵਿਕਾਸ ਉਨਾਂ ਦੀ ਮੁੱਖ ਤਰਜੀਹ ਹੈ ਅਤੇ ਉਹ 24 ਘੰਟੇ ਬਟਾਲਾ ਹਲਕੇ ਚਹੁਪੱਖੀ ਵਿਕਾਸ ਲਈ ਤਤਪਰ ਰਹਿੰਦੇ ਹਨ। ਇਸ ਮੌਕੇ ਰਕੇਸ ਕੁਮਾਰ ਐਸ.ਐਫ.ਓ, ਟਰੱਸਟੀ ਸੰਨੀ ਮਸੀਹ, ਅਮਿਤ ਸੋਢੀ ਵੀ ਮੋਜੂਦ ਸਨ।