ਗੁਰਦਾਸਪੁਰ, 13 ਮਾਰਚ : ਜ਼ਿਲ੍ਹਾ ਗੁਰਦਾਸਪੁਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਵਧੀਕ ਜ਼ਿਲ੍ਹਾ ਮੈਜਿਸਟਰੇਟ, ਗੁਰਦਾਸਪੁਰ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਵਿੱਚ ਪੈਂਦੀ ਅੰਤਰਰਾਸ਼ਟਰੀ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਦੇ 500 ਮੀਟਰ ਅਤੇ ਜਿੱਥੇ ਕੰਡਿਆਲੀ ਤਾਰ ਨਹੀਂ ਲੱਗੀ ਉੱਥੇ ਸਰਹੱਦ ਤੋਂ 1000 ਮੀਟਰ ਤੱਕ ਦੀ ਦੂਰੀ ਤੱਕ ਸ਼ਾਮ 8:00 ਵਜੇ ਤੋਂ ਸਵੇਰ 5:00 ਵਜੇ ਤੱਕ ਕਿਸੇ ਵੀ ਪ੍ਰਕਾਰ ਦੀ ਗਤੀਵਿਧੀ ਕਰਨ ’ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਮਨਾਹੀ ਬੀ.ਐੱਸ.ਐੱਫ, ਪੁਲਿਸ, ਆਰਮੀ, ਸੀ.ਆਰ.ਪੀ.ਐੱਫ. ਪੰਜਾਬ ਹੋਮਗਾਰਡ ਅਤੇ ਐਕਸਾਈਜ਼ ਵਿਭਾਗ ਦੇ ਡਿਊਟੀ ’ਤੇ ਤਾਇਨਾਤ ਮੁਲਾਜ਼ਮਾਂ ’ਤੇ ਲਾਗੂ ਨਹੀਂ ਹੋਵੇਗਾ। ਇਹ ਹੁਕਮ 1 ਮਾਰਚ 2024 ਤੋਂ 29 ਅਪ੍ਰੈਲ 2024 ਤੱਕ ਲਾਗੂ ਰਹਿਣਗੇ। ਸ੍ਰੀ ਸੁਭਾਸ਼ ਚੰਦਰ, ਪੀ.ਸੀ.ਐੱਸ., ਵਧੀਕ ਜ਼ਿਲ੍ਹਾ ਮੈਜਿਸਟਰੇਟ, ਗੁਰਦਾਸਪੁਰ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ-2) ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਲਿਟਲ ਫਲਾਵਰ ਕਾਨਵੈਂਟ ਸਕੂਲ ਗੁਰਦਾਸਪੁਰ ਦੇ ਸਕੂਲ ਗੇਟ ਤੋਂ ਬਾਹਰ ਗੱਡੀਆਂ ਮੋਟਰਾਂ, ਮੋਟਰ ਸਾਈਕਲਾਂ ਜਾਂ ਕਿਸੇ ਵੀ ਤਰਾਂ ਦੇ ਟਰਾਂਸਪੋਰਟ ਸਾਧਨ ਵਿੱਚ ਸਕੂਲੀ ਵਿਦਿਆਰਥੀਆਂ ਨੂੰ ਉਤਾਰਨ ਤੇ ਚੜ੍ਹਾਉਣ ਦੀ ਮੁਕੰਮਲ ਪਾਬੰਦੀ ਲਗਾਈ ਹੈ। ਬੱਚਿਆਂ/ਵਿਦਿਆਰਥੀਆਂ ਨੂੰ ਸਿਰਫ਼ ਸਕੂਲ ਹਦੂਦ ਅੰਦਰ ਹੀ ਉਤਾਰਿਆ ਤੇ ਚੜਾਇਆ ਜਾਵੇ। ਸਕੂਲ ਵੱਲੋਂ ਇਸ ਮੰਤਵ ਲਈ ਬੱਚਿਆਂ/ਵਿਦਿਆਰਥੀਆਂ ਨੂੰ ਚੜਾਉਣ ਤੇ ਉਤਾਰਨ ਲਈ ਢੁਕਵੀਂ ਜਗਾ ਤੇ ਪਾਰਕਿੰਗ ਦਾ ਪ੍ਰਬੰਧ ਹਦੂਦ ਅੰਦਰ ਕੀਤਾ ਜਾਵੇ। ਕੋਈ ਗੱਡੀ, ਮੋਟਰਸਾਈਕਲ ਆਦਿ ਸਕੂਲ ਬਾਹਰ ਖੜ੍ਹਾ ਨਾ ਹੋਵੇ। ਸਕੂਲ ਵੱਲੋਂ ਟਰੈਫ਼ਿਕ ਮਾਰਸ਼ਲ ਲਗਾ ਕੇ ਟਰੈਫ਼ਿਕ ਨੂੰ ਸਕੂਲ ਹਦੂਦ ਦੇ ਅੰਦਰ ਅਤੇ ਬਾਹਰ ਗੇਟ ਦੇ ਸਾਹਮਣੇ ਟਰੈਫ਼ਿਕ ਕੰਟਰੋਲ ਕਰਨ ਦੀ ਜ਼ਿੰਮੇਵਾਰੀ ਸਕੂਲ ਪ੍ਰਿੰਸੀਪਲ ਦੀ ਹੋਵੇਗੀ। ਇਹ ਹੁਕਮ 1 ਮਾਰਚ 2024 ਤੋਂ 29 ਅਪ੍ਰੈਲ 2024 ਤੱਕ ਲਾਗੂ ਰਹਿਣਗੇ।