ਅੰਮ੍ਰਿਤਸਰ, 22 ਦਸੰਬਰ : ਪੰਜਾਬ ਦੀਆਂ ਜੇਲ੍ਹਾਂ ਵਿੱਚ ਧੁੰਦ ਦੇ ਚਲਦਿਆਂ ਤਸਕਰੀ ਨੂੰ ਰੋਕਣ ਲਈ ਜਾਂਚ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਅੰਮ੍ਰਿਤਸਰ ਕੇਂਦਰੀ ਜੇਲ੍ਹ ਪ੍ਰਸ਼ਾਸਨ ਨੇ ਕਾਰਵਾਈ ਕਰਦਿਆਂ ਬੈਨ ਸਾਮਾਨ ਦੀ ਖੇਪ ਬਰਾਮਦ ਕੀਤੀ ਹੈ, ਜਿਨ੍ਹਾਂ ਨੂੰ ਬਾਹਰ ਤੋਂ ਅੰਦਰ ਸੁੱਟਿਆ ਗਿਆ ਸੀ। ਸਾਮਾਨ ਨੂੰ ਜ਼ਬਤ ਕਰ ਕੇ ਕਾਰਵਾਈ ਦੇ ਲਈ ਪੁਲਿਸ ਨੂੰ ਭੇਜ ਦਿੱਤਾ ਗਿਆ ਹੈ। ਇਸ ਸਬੰਧੀ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਦੱਸਿਆ ਕਿ ਧੁੰਦ ਦੇ ਚੱਲਦਿਆਂ ਜੇਲ੍ਹ ਦੇ ਅੰਦਰ ਤਸਕਰੀ ਦੇ ਮਾਮਲੇ ਵਧਣੇ ਸ਼ੁਰੂ ਹੋ ਚੁੱਕੇ ਹਨ। ਜਿਨ੍ਹਾਂ ਨੂੰ ਰੋਕਣ ਦੇ ਲਈ ਹਰ ਜੇਲ੍ਹ ਵਿੱਚ ਜਾਂਚ ਸ਼ੁਰੂ ਕੀਤੀ ਗਈ ਹੈ। ਅੰਮ੍ਰਿਤਸਰ ਜੇਲ੍ਹ ਵਿੱਚ 14 ਤਰ੍ਹਾਂ ਦਾ ਸਾਮਾਨ ਬਰਾਮਦ ਹੋਇਆ ਹੈ। ਜਿਸਨੂੰ ਬਾਹਰ ਤੋਂ ਸੁੱਟਿਆ ਤਾਂ ਗਿਆ, ਪਰ ਜੇਲ੍ਹ ਪ੍ਰਸ਼ਾਸਨ ਨੇ ਉਸਨੂੰ ਜ਼ਬਤ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜੇਲ੍ਹ ਮੰਤਰੀ ਬੈਂਸ ਨੇ ਜਾਣਕਾਰੀ ਦਿੱਤੀ ਕਿ ਅੰਮ੍ਰਿਤਸਰ ਜੇਲ੍ਹ ਪ੍ਰਸ਼ਾਸਨ ਨੇ ਜੇਲ੍ਹ ਦੇ ਅੰਦਰੋਂ 153 ਬੀੜੀ ਦੇ ਬੰਡਲ, 15 ਤੰਬਾਕੂ ਦੇ ਪੈਕੇਟ, 3 ਪੈਕੇਟ ਸਿਗਰੇਟ, 5 ਬਟਨਾਂ ਵਾਲੇ ਮੋਬਾਇਲ, 10 ਪਾਨ ਮਸਾਲਿਆਂ ਦੇ ਪੈਕੇਟ, ਦੋ ਮੋਬਾਇਲ ਚਾਰਜਰ, 15 ਪੈਕੇਟ ਰਾਇਸ ਪੇਪਰ, 3 ਹੀਟਰ ਦੀਆਂ ਤਾਰਾਂ ਨੂੰ ਜ਼ਬਤ ਕੀਤਾ ਗਿਆ ਹੈ। ਜਿਸਦੀ ਜਾਣਕਾਰੀ ਫਤਿਹਪੁਰ ਚੌਂਕੀ ਵਿੱਚ ਦੇ ਦਿੱਤੀ ਗਈ ਹੈ।