- ਚੇਅਰਮੈਨ ਰਮਨ ਬਹਿਲ ਨੇ ਛਿੰਝ ਮੇਲੇ ਦੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ
- ਛਿੰਝਾਂ, ਤੀਆਂ ਅਤੇ ਸੱਭਿਆਚਾਰਕ ਮੇਲੇ ਰੰਗਲੇ ਪੰਜਾਬ ਦੇ ਖੂਬਸੂਰਤ ਰੰਗ - ਚੇਅਰਮੈਨ ਰਮਨ ਬਹਿਲ
ਗੁਰਦਾਸਪੁਰ, 25 ਅਗਸਤ : ਬਾਬਾ ਗੁੱਜਾਪੀਰ ਮੇਲਾ ਕਮੇਟੀ ਅਤੇ ਪਿੰਡ ਵਰਸੋਲਾ ਦੇ ਸਮੂਹ ਵਸਨੀਕਾਂ ਵੱਲੋਂ ਅੱਜ ਆਪਣੇ ਪਿੰਡ ਵਿੱਚ 60ਵਾਂ ਸਲਾਨਾ ਛਿੰਝ ਮੇਲਾ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਦੋ ਦਿਨ ਚੱਲੇ ਇਸ ਛਿੰਝ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਸ਼ਾਮਲ ਹੋਏ। ਇਸ ਛਿੰਝ ਮੇਲੇ ਦੌਰਾਨ ਜਿਥੇ ਨਾਮੀ ਪਹਿਲਵਾਨਾਂ ਨੇ ਘੋਲ ਮੁਕਾਬਲਿਆਂ ਵਿੱਚ ਹਿੱਸਾ ਲਿਆ ਓਥੇ ਅੱਜ ਹੋਏ ਸੱਭਿਆਚਾਰਕ ਪ੍ਰੋਗਰਾਮ ਵਿੱਚ ਪੰਜਾਬ ਦੇ ਮਸ਼ਹੂਰ ਕਲਾਕਾਰ ਰੰਮੀ ਰੰਧਾਵਾ ਅਤੇ ਪ੍ਰਿੰਸ ਰੰਧਾਵਾ ਨੇ ਰੰਗ ਬੰਨਿਆ।ਇਸ ਛਿੰਝ ਮੇਲੇ ਦੌਰਾਨ ਵਾਲੀਬਾਲ ਅਤੇ ਕੱਬਡੀ ਦੇ ਮੈਚ ਵੀ ਕਰਵਾਏ ਗਏ।ਪਿੰਡ ਵਰਸੋਲਾ ਦੇ ਛਿੰਝ ਮੇਲੇ ਅਤੇ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਵੱਡੀ ਗਿਣਤੀ ਵਿੱਚ ਹਾਜ਼ਰ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਘੋਲ-ਕੁਸ਼ਤੀਆਂ ਵਿੱਚ ਹਿੱਸਾ ਲੈਣਾ ਅਤੇ ਖੁਸ਼ੀ ਵਿੱਚ ਭੰਗੜੇ ਪਾਉਣੇ ਸਾਡੇ ਰੰਗਲੇ ਪੰਜਾਬ ਦੇ ਉਹ ਰੰਗ ਹਨ ਜਿਨ੍ਹਾਂ ਉੱਪਰ ਹਰ ਪੰਜਾਬੀ ਮਾਣ ਕਰਦਾ ਹੈ। ਉਨ੍ਹਾਂ ਕਿਹਾ ਕਿ ਪਿੰਡ ਵਰਸੋਲਾ ਦੇ ਵਸਨੀਕ ਇਸ ਗੱਲੋਂ ਵਧਾਈ ਦੇ ਪਾਤਰ ਹਨ ਕਿ ਉਨ੍ਹਾਂ ਨੇ ਪੰਜਾਬ ਦੇ ਅਮੀਰ ਵਿਰਾਸਤ ਨੂੰ ਬਚਾ ਕੇ ਰੱਖਿਆ ਹੋਇਆ ਹੈ ਅਤੇ ਅੱਜ 60ਵਾਂ ਸਲਾਨਾ ਛਿੰਝ ਮੇਲਾ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾ ਰਹੇ ਹਨ। ਸ੍ਰੀ ਰਮਨ ਬਹਿਲ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਆਈ ਕੋਰੋਨਾ ਮਹਾਂਮਾਰੀ ਕਾਰਨ ਅਜਿਹੇ ਮੇਲੇ ਬੇਰੌਣਕੇ ਹੋ ਗਏ ਸਨ ਪਰ ਮਾਹੌਲ ਫਿਰ ਸਾਜ਼ਗਾਰ ਹੋਣ ਨਾਲ ਪਿੰਡਾਂ ਵਿੱਚ ਛਿੰਝਾਂ, ਤੀਆਂ ਅਤੇ ਸੱਭਿਆਚਾਰਕ ਮੇਲੇ ਲੱਗਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ‘ਰੰਗਲਾ ਪੰਜਾਬ’ ਬਣਾਉਣ ਲਈ ਜਿਥੇ ਛਿੰਝਾਂ, ਤੀਆਂ ਤੇ ਸੱਭਿਆਚਾਰਕ ਮੇਲਿਆਂ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ ਓਥੇ ਨਾਲ ਹੀ ਖੇਡਾਂ ਵਤਨ ਪੰਜਾਬ ਦੀਆਂ ਕਰਵਾ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਖੇਡਾਂ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਰਾਜ ਸਰਕਾਰ ਅਤੇ ਸੂਬਾ ਵਾਸੀਆਂ ਦੇ ਅਜਿਹੇ ਯਤਨਾਂ ਸਦਕਾ ਸਾਡਾ ਪੰਜਾਬ ਮੁੜ ‘ਰੰਗਲਾ ਪੰਜਾਬ’ ਬਣ ਕੇ ਉੱਭਰੇਗਾ। ਇਸ ਮੌਕੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਛਿੰਝ ਮੇਲੇ ਦੇ ਜੇਤੂ ਭਲਵਾਨਾਂ, ਸੱਭਿਆਚਾਰਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਕਲਾਕਾਰਾਂ ਨੂੰ ਸਨਮਾਨਿਤ ਕਰਨ ਦੇ ਨਾਲ ਇਸ ਸਾਰੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਾਲੇ ਕਮੇਟੀ ਮੈਂਬਰਾਂ ਦਾ ਵੀ ਸਨਮਾਨ ਕੀਤਾ। ਸ ਮੌਕੇ ਪ੍ਰਧਾਨ ਤਜਿੰਦਰ ਸਿੰਘ ਢਿਲੋਂ, ਅਜੇਪਾਲ ਸਿੰਘ, ਧਰਮਿੰਦਰ ਸਿੰਘ, ਸੁਪਿੰਦਰ ਸਿੰਘ, ਹਰਜਿੰਦਰ ਸਿੰਘ, ਸੰਨੀ, ਮਨਜੀਤ ਸਿੰਘ, ਸੁੱਚਾ ਸਿੰਘ, ਮਨਪ੍ਰੀਤ ਸਿੰਘ ਤੋਂ ਇਲਾਚਾ ਚੇਅਰਮੈਨ ਮਾਰਕਿਟ ਕਮੇਟੀ ਗੁਰਦਾਸਪੁਰ ਸ੍ਰੀ ਭਾਰਤ ਭੂਸ਼ਨ, ਸਾਬਕਾ ਚੇਅਰਮੈਨ ਸ੍ਰੀ ਕੇਸ਼ਵ ਬਹਿਲ, ਬਲਾਕ ਪ੍ਰਧਾਨ ਹਿੱਤਪਾਲ ਵੀ ਮੌਜੂਦ ਸਨ।