ਕੈਲੀਫੋਰਨੀਆਂ, 06 ਫਰਵਰੀ : ਸ਼੍ਰੋਮਣੀ ਭਗਤ ਸ੍ਰੀ ਗੁਰੂ ਰਵਿਦਾਸ ਜੀ ਦਾ ਗੁਰਪੁਰਬ ਫਰਿਜ਼ਨੋ ਦੇ ਗੁਰਦਵਾਰਾ ਸਿੰਘ ਸਭਾ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਜਿੱਥੇ ਐਤਵਾਰ ਦੇ ਦੀਵਾਨ ਵਿੱਚ ਗੁਰੂ ਰਵਿਦਾਸ ਜੀ ਦੇ ਜੀਵਨ ਨੂੰ ਯਾਦ ਕਰਦਿਆਂ ਰੂਹਾਨੀ ਗੁਰਮਤਿ ਵਿਚਾਰਾਂ ਹੋਈਆਂ ਅਤੇ ਕੀਰਤਨ ਦੀਵਾਨ ਸਜੇ, ਉੱਥੇ ਇਨ੍ਹਾਂ ਦੀਵਾਨਾਂ ਵਿੱਚ ਗੁਰੂ ਘਰ ਦੇ ਕੀਰਤਨੀਏ ਡਾਕਟਰ ਸਰਬਜੀਤ ਸਿੰਘ ਦੇ ਜਥੇ ਨੇ ਕੀਰਤਨ ਰਾਹੀਂ ਹਾਜ਼ਰੀ ਭਰੀ। ਇਸ ਸਮਾਗਮ ਵਿੱਚ ਕਥਾਵਾਚਕ ਭਾਈ ਮਲਕੀਤ ਸਿੰਘ ਕਰਨਾਲ ਨੇ ਗੁਰੂ ਸ਼ਬਦ ਦੀ ਕਥਾ ਰਾਹੀਂ ਸਾਂਝ ਪਾਈ। ਇਸ ਸਮਾਗਮ ਦੌਰਾਨ ਵਿਸ਼ੇਸ਼ ਤੌਰ ’ਤੇ ਉੱਘੇ ਸਮਾਜਸੇਵੀ ਸੁਖਬੀਰ ਸਿੰਘ ਭੰਡਾਲ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਸਮਾਜਿਕ ਕੁਰੀਤੀਆਂ ਦਾ ਵਿਰੋਧ ਕਰਨ ਲਈ ਦੁਨੀਆਂ ਵਿੱਚ ਸਮੇਂ-ਸਮੇਂ 'ਤੇ ਮਨੁੱਖਤਾ ਦੇ ਰਹਿਬਰਾਂ ਨੇ ਜਨਮ ਲਿਆ ਹੈ। ਇਨ੍ਹਾਂ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦਾ ਨਾਮ ਵੀ ਸ਼ਾਮਿਲ ਹੈ, ਜਿਨ੍ਹਾਂ ਨੇ ਉਸ ਵੇਲੇ ਫੈਲੀ ਊਚ-ਨੀਚ, ਜਾਤ-ਪਾਤ, ਕਰਮਕਾਂਡ, ਪਖੰਡਵਾਦ, ਧਾਰਮਿਕ ਕੱਟੜਤਾ ਆਦਿ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ। ਗੁਰੂ ਰਵਿਦਾਸ ਜੀ ਨੇ ਜਾਤ-ਪਾਤ ਦਾ ਖੰਡਨ ਕਰਕੇ ਉੱਚ ਵਰਗ ਦੇ ਜਾਤੀ ਅਭਿਮਾਨ ਅਤੇ ਹੰਕਾਰ ਨੂੰ ਸੱਟ ਮਾਰੀ। ਆਪ ਸਮਾਜ ਵਿੱਚੋਂ ਸੋਸ਼ਣ, ਛੂਤ-ਛਾਤ, ਪਖੰਡਵਾਦ ਦਾ ਖਾਤਮਾਂ ਕਰਕੇ ਬਰਾਬਰਤਾ ਵਾਲਾ ਸਮਾਜ ਕਾਇਮ ਕਰਨਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਦਾ ਜਨਮ ਉਤਸਵ ਮਨਾਉਂਣ ਦਾ ਅਸਲੀ ਮੰਤਵ ਪੂਰਾ ਕਰਨ ਲਈ ਉਨ੍ਹਾਂ ਵੱਲੋਂ ਦਿੱਤੀਆਂ ਸਿੱਖਿਆਵਾਂ ਨੂੰ ਅਪਣਾ ਕੇ ਸਮਾਜ ਚੋਂ ਪਖੰਡਵਾਦ ਨੂੰ ਦੂਰ ਕਰਕੇ ਦੁਨੀਆਂ ਵਿੱਚ ਬਰਾਬਰਤਾ ਵਾਲਾ ਸਮਾਜ ਉਸਾਰਨਾ ਹੈ ਤਾਂ ਜੋ ਉਨ੍ਹਾਂ ਵੱਲੋਂ ਦਰਸਾਇਆ ਬੇਗਮਪੁਰਾ ਦਾ ਸੁਪਨਾ ਪੂਰਾ ਹੋ ਸਕੇ। ਸਟੇਜ ਸੰਚਾਲਨ ਦੀ ਸੇਵਾ ਭਾਈ ਗੁਰਪ੍ਰੀਤ ਸਿੰਘ ਮਾਨ ਨੇ ਨਿਭਾਈ। ਗੁਰੂ ਦੀ ਮਹਿਮਾ ਦੇ ਨਾਲ-ਨਾਲ ਐਤਵਾਰ ਦੇ ਇਸ ਵਿਸ਼ੇਸ਼ ਦੀਵਾਨ ਵਿੱਚ ਪ੍ਰਮੋਧ ਲੋਈ ਅਤੇ ਪਰਿਵਾਰ ਵੱਲੋਂ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਲੰਗਰ ਬਣਾਉਂਣ ਦੀ ਸੇਵਾ ਭਾਈ ਇਕਬਾਲ ਸਿੰਘ ਅਤੇ ਸਾਥੀਆਂ ਵੱਲੋਂ ਬੜੀ ਸ਼ਰਧਾ ਭਾਵਨਾਂ ਨਾਲ ਨਿਭਾਈ ਗਈ। ਇਸ ਮੌਕੇ ਪੰਜਾਬੀ ਕਲਚਰਲ ਐਸੋਸੀਏਸ਼ਨ ਦੇ ਮੈਂਬਰਾਂ ਨੇ ਦੱਸਿਆ ਕਿ ਪੀਸੀਏ ਵੱਲੋ ਗੁਰੂਘਰ ਵਿਖੇ ਜੋੜੇ ਘਰ ਲਈ ਰੈਕ ਬਣਵਾਕੇ ਦਿੱਤੇ ਗਏ ਹਨ ਅਤੇ ਸੰਸਥਾ ਨੇ ਗੁਰ ਮਿਲਾਪ ਸੰਸਥਾ ਨੂੰ ਰਾਜਸਥਾਨ ਦੇ ਅਲਵਰ ਵਿੱਚ ਲੋੜਵੰਦ ਬੱਚਿਆਂ ਦੀ ਮਦਦ ਕਰਦਿਆਂ, ਸਿੱਖੀ ਸਿੱਖਿਆ ਗੁਰ ਵਿਚਾਰ ਅਕੈਡਮੀ ਦੇ 30 ਵਿਦਿਆਰਥੀਆਂ ਨੂੰ ਗੋਦ ਲੈ ਕੇ ਉਨ੍ਹਾਂ ਦੀ ਪੜ੍ਹਾਈ ਦਾ ਖ਼ਰਚਾ ਵੀ ਚੁੱਕਿਆ ਹੈ।