ਸਰੀ, 20 ਅਕਤੂਬਰ 2024 : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਵਿੱਚ ਸੂਬਾਈ ਚੋਣਾਂ ਵਿੱਚ ਪੰਜਾਬੀਆਂ ਨੇ ਬਾਜ਼ੀ ਮਾਰ ਦਿੱਤੀ ਹੈ। ਸੂਬਾਈ ਚੋਣਾਂ ਵਿੱਚ ਪੰਜਾਬੀ ਮੂਲ ਦੇ 10 ਉਮੀਦਵਾਰ ਜਿੱਤੇ ਹਨ ਜਦੋਂ ਕਿ ਇਕ ਉਮੀਦਵਾਰ ਵੋਟਾਂ ਦੀ ਗਿਣਤੀ ਵਿੱਚ ਅੱਗੇ ਚੱਲ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਚੋਣਾਂ ਵਿੱਚ ਨਿਊ ਡੈਮੋਕਰੈਟਿਕ ਪਾਰਟੀ ਤੇ ਕੰਜ਼ਰਵੇਟਿਵ ਵਿਚਾਲੇ ਫ਼ਸਵਾਂ ਮੁਕਾਬਲਾ ਹੈ। ਗ੍ਰੀਨ ਪਾਰਟੀ ਬ੍ਰਿਟਿਸ਼ ਕੋਲੰਬੀਆ ਦੇ 93 ਮੈਂਬਰੀ ਸਦਨ ਵਿਚ ਸਿਰਫ਼ ਦੋ ਸੀਟਾਂ ਜਿੱਤਣ ਵਿਚ ਸਫ਼ਲ ਰਹੀ ਹੈ। ਡੈਵਿਡ ਐਬੀ ਦੀ ਅਗਵਾਈ ਵਾਲੀ ਪਾਰਟੀ ਐੱਨਡੀਪੀ ਨੇ 46 ਤੇ ਜੌਹਨ ਰਸਟਡ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਨੇ 45 ਸੀਟਾਂ ’ਤੇ ਜਿੱਤੀਆਂ ਹਨ।
ਜੇਤੂ ਉਮੀਦਵਾਰ
ਰਵੀ ਕਾਹਲੋਂ ਡੇਲਟਾ ਨੌਰਥ ਸੀਟ ਉੱਤੇ ਚੰਗੇ ਫ਼ਰਕ ਨਾਲ ਆਪਣੀ ਦਾਅਵੇਦਾਰੀ ਬਰਕਰਾਰ ਰੱਖਣ ਵਿਚ ਸਫ਼ਲ ਰਹੇ ਹਨ। ਰਾਜ ਚੌਹਾਨ, ਜੋ ਬ੍ਰਿਟਿਸ਼ ਕੋਲੰਬੀਆ ਦੀ ਵਿਧਾਨਕ ਅਸੈਂਬਲੀ ਦੇ ਸਪੀਕਰ ਸਨ, ਨੇ ਰਿਕਾਰਡ 6ਵੀਂ ਜਿੱਤ ਦਰਜ ਕੀਤੀ ਹੈ। ਇਸ ਤੋਂ ਪਹਿਲਾਂ ਉਹ 2013 ਤੋਂ 2017 ਦੇ ਅਰਸੇ ਦੌਰਾਨ ਸਹਾਇਕ ਡਿਪਟੀ ਸਪੀਕਰ ਅਤੇ 2017 ਤੋਂ 2020 ਦੌਰਾਨ ਡਿਪਟੀ ਸਪੀਕਰ ਵੀ ਰਹੇ ਹਨ। ਜਗਰੂਪ ਬਰਾੜ ਸਰੀ ਫਲੀਟਵੁੱਡ ਤੋਂ 7ਵੀਂ ਵਾਰ ਜਿੱਤੇ ਹਨ। ਉਹ ਹੁਣ ਤੱਕ ਇਕ ਵਾਰ 2013 ਵਿਚ ਹੀ ਹਾਰੇ ਹਨ। ਬਰਾੜ ਬਠਿੰਡਾ ਦੇ ਜੰਮਪਲ ਹਨ ਤੇ ਉਹ ਭਾਰਤ ਦੀ ਪੁਰਸ਼ ਕੌਮੀ ਬਾਸਕਟਬਾਲ ਟੀਮ ਦੇ ਮੈਂਬਰ ਵੀ ਰਹੇ ਹਨ। ਕੰਜ਼ਰਵੇਟਿਵ ਪਾਰਟੀ ਉਮੀਦਵਾਰ ਮਨਦੀਪ ਧਾਲੀਵਾਲ ਨੇ ਸਰੀ ਨੌਰਥ ਤੋਂ ਸਿੱਖਿਆ ਤੇ ਬਾਲ ਭਲਾਈ ਮੰਤਰੀ ਰਚਨਾ ਸਿੰਘ ਨੂੰ ਹਰਾਇਆ। ਜਿਨੀ ਸਿਮਸ ਸਰੀ ਪੈਨੋਰਮਾ ਤੋਂ ਹਾਰ ਗਏ। ਐੱਨਡੀਪੀ ਉਮੀਦਵਾਰ ਰਵੀ ਪਰਮਾਰ ਲੈਂਗਫੌਰਡ ਹਾਈਲੈਂਡ ਤੋਂ, ਸੁਨੀਤਾ ਧੀਰ ਵੈਨਕੂਵਰ ਲੰਗਾਰਾ ਤੋਂ, ਰੀਆ ਅਰੋੜ ਬਰਨਾਬੀ ਈਸਟ ਤੇ ਹਰਵਿੰਦਰ ਕੌਰ ਸੰਧੂ ਵਰਨੋਨ ਮੋਨਾਸ਼੍ਰੀ ਤੋਂ ਜੇਤੂ ਰਹੇ। ਹਰਵਿੰਦਰ ਨੇ ਇਥੋਂ ਦੂਜੀ ਵਾਰ ਚੋਣ ਜਿੱਤੀ ਹੈ। ਅਟਾਰਨੀ ਜਨਰਲ ਨਿੱਕੀ ਸ਼ਰਮਾ ਵੀ ਵੈਨਕੂਵਰ ਹੇਸਟਿੰਗਜ਼ ਤੋਂ ਮੁੜ ਚੋਣ ਜਿੱਤ ਗਈ। ਕੰਜ਼ਰਵੇਟਿਵ ਆਗੂ ਹਰਮਨ ਸਿੰਘ ਭੰਗੂ ਲੈਂਗਲੀ ਐਬੋਟਸਫੋਰਡ ਤੋਂ ਜੇਤੂ ਰਹੇ। ਕੰਜ਼ਰਵੇਟਿਵ ਆਗੂ ਹੋਨਵੀਰ ਸਿੰਘ ਰੰਧਾਵਾ ਸਰੀ ਗਿਲਡਫੋਰਡ ਤੋਂ 103 ਵੋਟਾਂ ਨਾਲ ਅੱਗੇ ਸਨ ਤੇ ਵੋਟਾਂ ਦੀ ਗਿਣਤੀ ਜਾਰੀ ਸੀ। ਇਹ ਜਿੱਤ ਪੰਜਾਬੀ ਭਾਈਚਾਰੇ ਲਈ ਇੱਕ ਮਹੱਤਵਪੂਰਨ ਪਲ ਦੀ ਨਿਸ਼ਾਨਦੇਹੀ ਕਰਦੀ ਹੈ, ਜਿਸ ਨੇ ਲੰਬੇ ਸਮੇਂ ਤੋਂ ਬੀ ਸੀ ਦੇ ਸਮਾਜਿਕ-ਆਰਥਿਕ ਤਾਣੇ-ਬਾਣੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਖਾਸ ਕਰਕੇ ਸਰੀ ਅਤੇ ਐਬਟਸਫੋਰਡ ਵਰਗੇ ਸ਼ਹਿਰਾਂ ਵਿੱਚ, ਜਿੱਥੇ ਇੰਡੋ-ਕੈਨੇਡੀਅਨ ਆਬਾਦੀ ਦਾ ਇੱਕ ਵੱਡਾ ਹਿੱਸਾ ਰਹਿੰਦਾ ਹੈ। ਇਨ੍ਹਾਂ ਖੇਤਰਾਂ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਰਾਜਨੀਤਿਕ ਗਤੀਸ਼ੀਲਤਾ ਵਿੱਚ ਵਾਧਾ ਹੋਇਆ ਹੈ, ਜੋ ਸਥਾਨਕ ਭਾਈਚਾਰੇ ਦੇ ਨੇਤਾਵਾਂ ਨੇ ਰਾਜਨੀਤਿਕ ਪ੍ਰਤੀਨਿਧਤਾ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ ਹੈ। ਇਸ ਚੋਣ ਜਿੱਤ ਨੂੰ ਕੈਨੇਡੀਅਨ ਰਾਜਨੀਤੀ ਵਿੱਚ ਦੱਖਣੀ ਏਸ਼ੀਅਨਾਂ, ਖਾਸ ਤੌਰ 'ਤੇ ਪੰਜਾਬੀਆਂ ਦੀ ਨੁਮਾਇੰਦਗੀ ਨੂੰ ਵਧਾਉਣ ਵੱਲ ਇੱਕ ਹੋਰ ਕਦਮ ਵਜੋਂ ਦੇਖਿਆ ਜਾ ਰਿਹਾ ਹੈ।
ਜੇਤੂ ਪੰਜਾਬੀਆਂ ਦੀ ਸੂਚੀ
- ਰੀਆ ਅਰੋੜਾ – ਬਰਨਾਬੀ ਈਸਟ (ਐੱਨਡੀਪੀ)
- ਹਰਵਿੰਦਰ ਕੌਰ ਸੰਧੂ – ਵਰਨੋਨਸ ਮੋਨਾਸ਼੍ਰੀ (ਐੱਨਡੀਪੀ)
- ਰਵੀ ਕਾਹਲੋਂ – ਡੈਲਟਾ ਨੌਰਥ (ਐੱਨਡੀਪੀ)
- ਰਾਜ ਚੌਹਾਨ – ਬ੍ਰਿਟਿਸ਼ ਕੋਲੰਬੀਆ ਅਸੈਬਲੀ ਦੇ ਸਪੀਕਰ (ਐੱਨਡੀਪੀ)
- ਜਗਰੂਪ ਬਰਾੜ – ਸਰੀ ਫਲੀਟਵੁੱਡ (ਐੱਨਡੀਪੀ)
- ਮਨਦੀਪ ਧਾਲੀਵਾਲ- ਸਰੀ ਨਾਰਥ (ਕੰਜ਼ਰਵੇਟਿਵ ਪਾਰਟੀ)
- ਰਵੀ ਪਰਮਾਰ – ਲੈਂਗਫੌਰਡ ਹਾਈਲੈਂਡ (ਐੱਨਡੀਪੀ)
- ਸੁਨੀਤਾ ਧੀਰ – ਵੈਨਕੂਵਰ ਲੰਗਾਰਾ (ਐੱਨਡੀਪੀ)
- ਨਿੱਕੀ ਸ਼ਰਮਾ – ਵੈਨਕੂਵਰ ਹੇਸਟਿੰਗਜ਼ (ਐੱਨਡੀਪੀ)
- ਹਰਮਨ ਸਿੰਘ ਭੰਗੂ – ਲੈਂਗਲੀ ਐਬੋਟਸਫੋਰਡ (ਕੰਜ਼ਰਵੇਟਿਵ ਪਾਰਟੀ)