ਯੂਕਰੇਨ ’ਚ ਰੂਸੀ ਹਮਲੇ ਕਾਰਨ ਬੱਤੀ ਗੁੱਲ, ਡਾਕਟਰਾਂ ਨੇ ਐਮਰਜੈਂਸੀ ਲਾਇਟ ਨਾਲ ਕੀਤੀ ਬੱਚੇ ਦੇ ਦਿਲ ਦੀ ਸਰਜਰੀ


ਯੂਕਰੇਨ : ਯੂਕਰੇਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵਿੱਚ ਕੁਝ ਡਾਕਟਰ ਹਨੇਰੇ ਵਿੱਚ ਇੱਕ ਬੱਚੇ ਦੇ ਦਿਲ ਦੀ ਸਰਜਰੀ ਕਰ ਰਹੇ ਹਨ। ਦਰਅਸਲ, ਰੂਸੀ ਮਿਜ਼ਾਈਲਾਂ ਨੇ ਯੂਕਰੇਨ ਦੀ ਐਨਰਜੀ ਸਪਲਾਈ ਨੂੰ ਤਬਾਹ ਕਰ ਦਿੱਤਾ ਸੀ। ਕਰੀਬ ਇੱਕ ਕਰੋੜ ਲੋਕ ਬਿਜਲੀ ਤੋਂ ਬਿਨਾਂ ਰਹਿਣ ਲਈ ਮਜਬੂਰ ਹਨ। ਵੀਡੀਓ 24 ਨਵੰਬਰ ਦੀ ਹੈ। ਇਸ ਨੂੰ ਪੋਸਟ ਕਰਦੇ ਹੋਏ ਇਰੀਨਾ ਵੋਇਚੁਕ ਨਾਂ ਦੀ ਔਰਤ ਨੇ ਲਿਖਿਆ- ਰੂਸ ਨੇ ਮਿਜ਼ਾਈਲ ਨਾਲ ਕੀਵ ‘ਤੇ ਹਮਲਾ ਕੀਤਾ। ਇਸ ਕਾਰਨ ਕੀਵ ਹਾਰਟ ਇੰਸਟੀਚਿਊਟ ਦੀ ਪਾਵਰ ਫੇਲ ਹੋ ਗਈ। ਇੱਥੇ ਡਾਕਟਰ ਇੱਕ ਬੱਚੇ ਦੀ ਸਰਜਰੀ ਕਰ ਰਹੇ ਸਨ। ਜਿਸ ਤੋਂ ਬਾਅਦ ਐਮਰਜੈਂਸੀ ਲਾਈਟ ਦੀ ਮਦਦ ਨਾਲ ਸਰਜਰੀ ਪੂਰੀ ਕੀਤੀ ਗਈ। ਵੀਡੀਓ ਇੱਕ ਡਾਕਟਰ ਨੇ ਬਣਾਈ ਹੈ। ਇਸ ਬਾਰੇ ਦੱਸਦੇ ਹੋਏ ਉਨ੍ਹਾਂ ਕਿਹਾ- ਅੱਜ ਸਾਨੂੰ ਇਸ ਤਰ੍ਹਾਂ ਹਨੇਰੇ ‘ਚ ਸਰਜਰੀ ਕਰਨੀ ਪੈ ਰਹੀ ਹੈ। ਸਾਨੂੰ ਨਹੀਂ ਪਤਾ ਕਿ ਕੀ ਹੋਇਆ ਪਰ ਅਚਾਨਕ ਲਾਈਟ ਚਲੀ ਗਈ ਅਤੇ ਹਨੇਰਾ ਹੋ ਗਿਆ। ਅਸੀਂ ਸਰਜਰੀ ਨੂੰ ਅੱਧ ਵਿਚਕਾਰ ਨਹੀਂ ਰੋਕ ਸਕੇ ਇਸਲਈ ਇਸ ਨੂੰ ਐਮਰਜੈਂਸੀ ਲਾਈਟਾ ਦੀ ਵਰਤੋਂ ਕਰਕੇ ਪੂਰਾ ਕੀਤਾ ਗਿਆ। ਡਾਕਟਰ ਨੇ ਰੂਸ ‘ਤੇ ਟਿੱਚਰ ਕੱਸਦੇ ਹੋਏ ਕਿਹਾ- ਖੁਸ਼ ਰਹੋ, ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ। ਇਹ ਉਹੀ ਹੈ ਜੋ ਤੁਸੀਂ ਚਾਹੁੰਦੇ ਸੀ। ਸੋਸ਼ਲ ਮੀਡੀਆ ‘ਤੇ ਲੋਕ ਡਾਕਟਰਾਂ ਦੀ ਤਾਰੀਫ ਕਰ ਰਹੇ ਹਨ। ਕੁਝ ਲੋਕ ਉਨ੍ਹਾਂ ਨੂੰ ‘ਹੀਰੋ’ ਕਹਿ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ- ਇਹ ਸਰਜਨ ਹੀਰੋ ਹਨ। ਚੰਗੇ ਦੋਸਤ ਹਨ। ਉਹ ਮੁਸੀਬਤ ਵੇਲੇ ਵੀ ਲੋਕਾਂ ਦੀ ਮਦਦ ਕਰਨ ਤੋਂ ਪਿੱਛੇ ਨਹੀਂ ਹਟਦੇ। ਦੱਸ ਦੇਈਏ ਕਿ ਰੂਸੀ ਫੌਜੀਆਂ ਨੇ ਯੂਕਰੇਨ ਦੀ ਰਾਜਧਾਨੀ ਕੀਵ ‘ਤੇ 70 ਮਿਜ਼ਾਈਲਾਂ ਦਾਗੀਆਂ। ਹਮਲੇ ‘ਚ 10 ਲੋਕਾਂ ਦੀ ਮੌਤ ਹੋ ਗਈ ਸੀ। 30 ਲੋਕ ਜ਼ਖਮੀ ਹੋ ਗਏ। ਰੂਸੀ ਹਮਲੇ ਕਾਰਨ 40 ਸਾਲਾਂ ਵਿੱਚ ਪਹਿਲੀ ਵਾਰ ਨਿਊਕਲੀਅਰ ਪਾਵਰ ਪਲਾਂਟ ਪਾਵਰ ਗਰਿੱਡ ਤੋਂ ਕੱਟੇ ਗਏ ਹਨ। ਕੀਵ ਵਿੱਚ 10 ਮਿਲੀਅਨ ਲੋਕ ਬਿਜਲੀ ਤੋਂ ਬਿਨਾਂ ਰਹਿਣ ਲਈ ਮਜਬੂਰ ਹਨ, ਜਦੋਂ ਕਿ 3 ਮਿਲੀਅਨ ਲੋਕ ਠੰਡ ਤੋਂ ਬਚਣ ਲਈ ਆਪਣੇ ਘਰ ਛੱਡ ਸਕਦੇ ਹਨ। ਯੂਕਰੇਨ ਵਿੱਚ ਠੰਢ ਜਾਨਲੇਵਾ ਹੋ ਸਕਦੀ ਹੈ। ਇੱਕ ਅੰਦਾਜ਼ੇ ਮੁਤਾਬਕ ਇਸ ਸਾਲ ਉੱਥੇ ਦੇ ਕਈ ਇਲਾਕਿਆਂ ਦਾ ਤਾਪਮਾਨ -20 ਡਿਗਰੀ ਤੋਂ ਹੇਠਾਂ ਆ ਸਕਦਾ ਹੈ। ਬਿਜਲੀ ਤੋਂ ਬਿਨਾਂ ਇਸ ਨਾਲ ਨਜਿੱਠਣਾ ਅਸੰਭਵ ਹੈ।