ਸੰਗੀਤ ਦੇ ਅੰਬਰੋਂ ਗਜਲ ਗਾਇਕੀ ਦਾ ਟਿਮਟਿਮਾਉਂਦਾ ਤਾਰਾ “ਜਗਜੀਤ ਜੀਰਵੀ” ਹੋਇਆ ਸਦਾ ਲਈ ਅਲੋਪ !

Punjab Image

ਬੀਤੀ ਸ਼ਾਮ ਪ੍ਰਸਿੱਧ ਪੰਜਾਬੀ ਗਜਲ ਗਾਇਕ ਜਗਜੀਤ ਜੀਰਵੀ ਜੀ ਆਪਣੇ ਚਾਹੁੰਣ ਵਾਲਿਆਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ । ਉਹਨਾਂ ਨੇ ਕੋਈ 85 ਵਰ੍ਹੇ ਦੀ ਉਮਰ ਭੋਗ ਕੇ ਸ਼੍ਰੀ ਅਮ੍ਰਿਤਸਰ ਸਾਹਿਬ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਪਣੇ ਆਖਰੀ ਸਾਹ ਲਏ ।

ਜੀਰਵੀ ਜੀ ਦਾ ਜਨਮ ਫਿਰੋਜਪੁਰ ਜਿਲ੍ਹੇ ਦੀ ਤਹਿਸੀਲ ਜੀਰਾ ਵਿੱਚ ਪਿਤਾ ਸ੍ਰ. ਬਲਵੰਤ ਸਿੰਘ ਦੇ ਗ੍ਰਹਿ ਵਿਖੇ ਮਾਤਾ ਹਰਨਾਮ ਕੌਰ ਦੀ ਕੁੱਖੋਂ ਸੰਨ 1936 ਈਸਵੀ ਨੂੰ ਹੋਇਆ । ਬਚਪਨ ਤੋਂ ਹੀ ਗਾਇਕੀ ਦਾ ਸੌਕ ਰੱਖਣ ਵਾਲੇ ਜਗਜੀਤ ਸਿੰਘ ਜੀਰਵੀ ਨੇ ਗਜਲ ਗਾਇਕੀ ਨੂੰ ਆਪਣਾ ਭਵਿੱਖ ਮੰਨਿਆ । ਉਹ ਜਲੰਧਰ ਦੂਰਦਰਸ਼ਨ ਦੇ “ਏ” ਕੈਟਾਗਰੀ ਦੇ ਪ੍ਰਮਾਣਤ ਗਜਲ ਗਾਇਕ ਸਨ । ਜੀਰਵੀ ਜੀ ਨੇ ਆਪਣੀ ਗਜਲ ਗਾਇਕੀ ਦੀ ਛਾਪ ਫਿਲਮ ਜਗਤ ਮੁੰਬਈ ਤੱਕ ਵੀ ਛੱਡੀ ਹੋਈ ਸੀ । ਉਹ ਉੱਥੋਂ ਦੇ ਸੰਗੀਤ ਪ੍ਰੇਮੀਆਂ ਦੇ ਸੱਦੇ ਤੇ ਲਗਾਤਾਰ 10 ਸਾਲ ਪ੍ਰੋਗਰਾਮ ਪੇਸ਼ ਕਰਨ ਜਾਂਦੇ ਰਹੇ ਸਨ । ਉਹਨਾਂ ਨੇ ਆਪਣੀ ਗਜਲ ਗਾਇਕੀ ਵਿੱਚ ਹਮੇਸ਼ਾਂ ਹੀ ਉਰਦੂ ਭਾਸ਼ਾ ਨੂੰ ਪ੍ਰਾਥਮਿਕਤਾ ਦਿੱਤੀ । ਉਰਦੂ ਵਿੱਚ ਉਹਨਾਂ ਦੀ ਲੋਕਾਂ ਵਿੱਚ ਬਹੁਤ ਹੀ ਮਕਬੂਲ ਗਜਲ ਇਹ ਸੀ-

“ਸਜਾ ਯੇ ਖੂਬ ਮਿਲੀ ਉਨਸੇ ਦਿਲ ਲਗਾਨੇ ਕੀ,

ਵੋ ਕਿਆ ਫਿਰੇ ਕਿ ਨਜਰ ਫਿਰ ਗਈ ਜਮਾਨੇ ਕੀ ।”

ਪੰਜਾਬੀ ਗਜਲ ਗਾਇਕੀ ਵਿੱਚ ਵੀ ਜਗਜੀਤ ਜੀਰਵੀ ਦੇ ਸਰੋਤੇ ਘੱਟ ਨਹੀਂ ਸਨ । ਪੰਜਾਬੀ ਭਾਸ਼ਾ ਵਿੱਚ ਉਹਨਾਂ ਦੀ ਆਵਾਜ ਵਿੱਚ ਗਾਈ ਇਹ ਗਜਲ ਉਹਨਾਂ ਦੇ ਪ੍ਰੇਮੀਆਂ ਦੀ ਜੁਬਾਨ ਤੇ ਹਮੇਸ਼ਾਂ ਰਹਿੰਦੀ ਸੀ ਅਤੇ ਹਮੇਸ਼ਾਂ ਰਹੇਗੀ- “ਬੜੇ ਨਾਦਾਨ ਨੇ ਸਾਜਨ ਸ਼ਰਾਰਤ ਕਰ ਹੀ ਜਾਂਦੇ ਨੇ, ਤਰੇਂਦੇ ਰਾਤ ਨੂੰ ਨਦੀਆਂ ਦਿਨੇ ਕੁਝ ਡਰ ਵੀ ਜਾਂਦੇ ਨੇ ।”

ਪੰਜਾਬੀ ਸਾਹਿਤ ਅਤੇ ਭਾਰਤੀ ਸੰਗੀਤ ਜਗਤ ਵਿੱਚ ਇੱਕ ਨਿਵੇਕਲਾ ਅਤੇ ਵਡਮੁੱਲਾ ਯੋਗਦਾਨ ਪਾਉਣ ਬਦਲੇ ਉੱਨ੍ਹਾਂ ਨੂੰ ਦੋ ਵਾਰ ਰਾਸ਼ਟਰਪਤੀ ਅਵਾਰਡ ਨਾਲ ਸਨਮਾਨਿਆ ਜਾ ਚੁੱਕਾ ਹੈ । ਇਸਤੋਂ ਇਲਾਵਾ ਉਹ ਅਨੇਕਾਂ ਹੀ ਸਹਿਤ ਸਭਾਵਾਂ ਅਤੇ ਸੱਭਿਆਚਾਰਕ ਸਮਾਗਮਾਂ ਵਿੱਚ ਸਨਮਾਨੇ ਜਾ ਚੁੱਕੇ ਹਨ । ਗਜਲ ਗਾਇਕੀ ਦੇ ਇਸ ਮਹਾਨ ਸਖਸ਼ ਦੇ ਤੁਰ ਜਾਣ ਤੇ ਸੰਗੀਤ ਦੇ ਖਾਤਰ ਵਿੱਚ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ।