ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੇ ਵਿਦੇਸ਼ ਜਾਣ ਦੀ ਇਜਾਜ਼ਤ ਵਾਲੀ ਦਾਖ਼ਲ ਪਟੀਸ਼ਨ ਲਈ ਵਾਪਸ

ਨਵੀਂ ਦਿੱਲੀ, 24 ਦਸੰਬਰ : ਮਨੀ ਲਾਂਡਰਿੰਗ ਮਾਮਲੇ ’ਚ ਕਥਿਤ ਦੋਸ਼ੀ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੇ ਵਿਦੇਸ਼ ਜਾਣ ਦੀ ਇਜਾਜ਼ਤ ਲੈਣ ਲਈ ਦਿੱਲੀ ਦੀ ਇਕ ਅਦਾਲਤ ’ਚ ਦਾਖ਼ਲ ਪਟੀਸ਼ਨ ਵਾਪਸ ਲੈ ਲਈ। ਜੱਜ ਨੇ ਕਿਹਾ ਕਿ ਪਹਿਲਾਂ ਦੋਸ਼ ਤੈਅ ਹੋਣੇ ਚਾਹੀਦੇ ਹਨ, ਜਿਸ ਤੋਂ ਬਾਅਦ ਅਦਾਕਾਰਾ ਨੇ ਅਦਾਲਤ ਨੂੰ ਆਪਣੇ ਫ਼ੈਸਲੇ ਬਾਰੇ ਦੱਸਿਆ। ਜੱਜ ਨੇ ਕਿਹਾ ਕਿ ਤੁਸੀਂ ਪਟੀਸ਼ਨ ਵਾਪਸ ਲੈ ਸਕਦੇ ਹੋ ਤੇ ਪਹਿਲਾਂ ਦੋਸ਼ ਤੈਅ ਹੋਣੇ ਚਾਹੀਦੇ ਹਨ ਨਹੀਂ ਤਾਂ ਮੈਂ ਇਕ ਨਿਆਂਇਕ ਹੁਕਮ ਪਾਸ ਕਰਾਂਗਾ। ਇਸ ਤੋਂ ਬਾਅਦ ਅਦਾਕਾਰਾ ਨੇ ਆਪਣੇ ਵਕੀਲਾਂ ਨਾਲ ਸਲਾਹ-ਮਸ਼ਵਰਾ ਕਰ ਕੇ ਅਦਾਲਤ ਨੂੰ ਦੱਸਿਆ ਕਿ ਉਹ ਫਿਲਹਾਲ ਪਟੀਸ਼ਨ ਵਾਪਸ ਲੈ ਰਹੀ ਹੈ। ਸੁਣਵਾਈ ਦੌਰਾਨ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਪਟੀਸ਼ਨ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਜੈਕਲੀਨ ਵਿਦੇਸ਼ੀ ਨਾਗਰਿਕ ਹੈ ਤੇ ਜੇ ਉਹ ਵਿਦੇਸ਼ ਜਾਂਦੀ ਹੈ ਤਾਂ ਹੋ ਸਕਦਾ ਹੈ ਕਿ ਉਹ ਵਾਪਸ ਹੀ ਨਾ ਪਰਤੇ।