ਪੁਲਿਸ ਦੀ ਹੋਈ ਮੁੱਠਭੇੜ ਦੌਰਾਨ ਲਾਰੈਂਸ ਬਿਸ਼ਨੋਈ-ਗੋਲਡੀ ਬਰਾੜ ਗੈਂਗ ਦੇ ਦੋ ਮੁੱਖ ਮੈਂਬਰਾਂ ਨੂੰ ਨਾਜਾਇਜ਼ ਹਥਿਆਰਾਂ, ਇੱਕ ਗੱਡੀ ਸਮੇਤ ਕੀਤਾ ਗ੍ਰਿਫਤਾਰ 

ਜਲੰਧਰ, 15 ਜਨਵਰੀ, 2025 : ਜਲੰਧਰ ਕਮਿਸ਼ਨਰੇਟ ਪੁਲੀਸ ਨੇ ਵਡਾਲਾ ਚੌਕ ਨੇੜੇ ਹੋਈ ਮੁੱਠਭੇੜ ਦੌਰਾਨ ਲਾਰੈਂਸ ਬਿਸ਼ਨੋਈ-ਗੋਲਡੀ ਬਰਾੜ ਗੈਂਗ ਦੇ ਦੋ ਮੁੱਖ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਨੂੰ ਚਾਰ ਨਾਜਾਇਜ਼ ਹਥਿਆਰਾਂ, ਜ਼ਿੰਦਾ ਕਾਰਤੂਸਾਂ ਅਤੇ ਇੱਕ ਗੱਡੀ ਸਮੇਤ ਕਾਬੂ ਕੀਤਾ ਗਿਆ ਹੈ। ਇਸ ਦੌਰਾਨ ਪੁਲੀਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਪੁੱਜੀ ਤਾਂ ਉਨ੍ਹਾਂ ਪੁਲੀਸ ਟੀਮ ‘ਤੇ ਗੋਲੀਆਂ ਚਲਾ ਦਿੱਤੀਆਂ। ਪੁਲੀਸ ਨੇ ਜਵਾਬੀ ਕਾਰਵਾਈ ਵਿਚ ਇੱਕ ਗੈਂਗਸਟਰ ਨੂੰ ਉਸ ਦੀ ਲੱਤ ਵਿੱਚ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ, ਜਦਕਿ ਦੂਜੇ ਨੂੰ ਵੀ ਭੱਜਣ ਦੀ ਕੋਸ਼ਿਸ਼ ਦੌਰਾਨ ਗ੍ਰਿਫਤਾਰ ਕਰ ਲਿਆ ਗਿਆ। ਜਿਨ੍ਹਾਂ ਪੁਲਿਸ ਨੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮੁਕਾਬਲੇ ਵਾਲੀ ਥਾਂ 'ਤੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਖੁਦ ਮੌਕੇ 'ਤੇ ਪੁਲਿਸ ਅਧਿਕਾਰੀਆਂ ਨਾਲ ਪਹੁੰਚੇ ਹੋਏ ਸਨ ਅਤੇ ਸਥਿਤੀ ਦੀ ਜਾਣਕਾਰੀ ਹਾਸਲ ਕੀਤੀ। ਪੁਲਿਸ ਅਧਿਕਾਰੀਆਂ ਅਨੁਸਾਰ ਇੱਕ ਗੈਂਗਸਟਰ ਕਪੂਰਥਲਾ ਨਾਲ ਸਬੰਧਤ ਹੈ, ਜਦਕਿ ਦੂਜਾ ਜੰਡਿਆਲਾ ਗੁਰੂ ਦਾ ਰਹਿਣ ਵਾਲਾ ਹੈ। ਇਨ੍ਹਾਂ ਗੈਂਗਸਟਰਾਂ 'ਤੇ 6 ਕਤਲ ਦੇ ਕੇਸਾਂ ਸਮੇਤ ਹੋਰ ਵੀ ਕਈ ਅਪਰਾਧ ਦਰਜ ਹਨ। ਡੀਜੀਪੀ ਪੰਜਾਬ ਨੇ ਵੀ ਇਸ ਸਬੰਧੀ ਆਪਣੇ ਐਕਸ ਖਾਤੇ 'ਤੇ ਟਵੀਟ ਰਾਹੀਂ ਜਾਣਕਾਰੀ ਦਿੱਤੀ, ਇੱਕ ਵੱਡੀ ਸਫਲਤਾ ਵਿੱਚ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਲਾਰੈਂਸ ਬਿਸ਼ਨੋਈ-ਗੋਲਡੀ ਬਰਾੜ ਗੈਂਗ ਦੇ 2 ਮੁੱਖ ਕਾਰਕੁਨਾਂ ਨੂੰ ਸਖ਼ਤ ਪਿੱਛਾ ਕਰਨ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਨੇ ਸਵੈ-ਰੱਖਿਆ ਵਿੱਚ ਜਵਾਬੀ ਗੋਲੀਬਾਰੀ ਕੀਤੀ, ਜਦੋਂ ਗੈਂਗ ਮੈਂਬਰ ਨੇ ਪੁਲਿਸ ਟੀਮ 'ਤੇ ਗੋਲੀਬਾਰੀ ਕੀਤੀ, ਇੱਕ ਦੋਸ਼ੀ ਨੂੰ ਗੋਲੀ ਲੱਗੀ, ਅਤੇ ਉਹ ਇਸ ਸਮੇਂ ਡਾਕਟਰੀ ਇਲਾਜ ਅਧੀਨ ਹੈ, ਜਦੋਂ ਕਿ ਇੱਕ ਹੋਰ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਸੇ ਸਮੇਂ ਉਸਨੂੰ ਫੜ ਲਿਆ ਗਿਆ। ਡੀਜੀਪੀ ਨੇ ਦੱਸਿਆ ਕਿ ਜਲੰਧਰ ਪੁਲਿਸ ਨੇ ਦੋਵਾਂ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 4 ਗੈਰ-ਕਾਨੂੰਨੀ ਹਥਿਆਰ, ਜ਼ਿੰਦਾ ਕਾਰਤੂਸਾਂ ਦਾ ਵੱਡਾ ਜ਼ਖੀਰਾ ਅਤੇ ਇੱਕ ਕਾਰ ਬਰਾਮਦ ਕੀਤੀ ਗਈ।