ਗੰਨੇ ਦੀ ਭਰੀ ਟਰਾਲੀ ਮੋਟਰਸਾਈਕਲ ਤੇ ਪਲਟਣ ਕਾਰਨ ਤਿੰਨ ਲੋਕ ਆਏ ਹੇਠਾਂ, ਇੱਕ ਬੱਚੇ ਦੀ ਮੌਤ, ਪਿਤਾ ਦੀ ਲੱਤ ਟੁੱਟੀ

ਮਹਿਤਪੁਰ, 2 ਫਰਵਰੀ 2025 : ਜਲੰਧਰ ਦੇ ਮਹਿਤਪੁਰ-ਪਰਜੀਆਂ ਰੋਡ 'ਤੇ ਗੰਨੇ ਨਾਲ ਭਰੀ ਓਵਰਲੋਡ ਟਰਾਲੀ ਪਲਟ ਗਈ, ਜਿਸ ਦੇ ਹੇਠਾਂ 3 ਲੋਕ ਦੱਬ ਗਏ। ਆਸ-ਪਾਸ ਦੇ ਲੋਕਾਂ ਨੇ ਗੰਨੇ ਨੂੰ ਕੱਢ ਕੇ ਜ਼ਖਮੀਆਂ ਨੂੰ ਮਹਿਤਪੁਰ ਦੇ ਨਿੱਜੀ ਹਸਪਤਾਲ ਪਹੁੰਚਾਇਆ। ਉਥੋਂ 13 ਸਾਲਾ ਯੁਵਰਾਜ ਨੂੰ ਨਕੋਦਰ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਯੁਵਰਾਜ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਹਾਦਸੇ ਵਿੱਚ ਉਸ ਦੇ ਪਿਤਾ ਫਲ ਕਾਰੋਬਾਰੀ ਅਰਵਿੰਦਰ ਕੁਮਾਰ ਉਰਫ਼ ਭੋਲਾ ਦੀ ਲੱਤ ਟੁੱਟ ਗਈ, ਜਦੋਂਕਿ 11 ਸਾਲਾ ਬੱਚੇ ਮੋਹਿਤ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ। ਸੀਸੀਟੀਵੀ ਫੁਟੇਜ ਵਿੱਚ ਦਿਖਾਇਆ ਗਿਆ ਕਿ ਅਰਵਿੰਦਰ ਆਪਣੇ 13 ਸਾਲਾ ਪੁੱਤਰ ਯੁਵਰਾਜ ਅਤੇ 11 ਸਾਲਾ ਭਤੀਜੇ ਮੋਹਿਤ ਨਾਲ ਬਾਜ਼ਾਰ ਵਿੱਚ ਆਇਆ ਸੀ। ਜਦੋਂ ਉਹ ਮਾਡਲ ਟਾਊਨ ਨੇੜੇ ਕਵਾਲਟੀ ਸੁਪਰ ਸਟੋਰ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਗੰਨੇ ਨਾਲ ਭਰੀ ਇੱਕ ਓਵਰਲੋਡ ਟਰਾਲੀ ਆ ਰਹੀ ਸੀ, ਜਿਸ ਨੂੰ ਦੇਖ ਕੇ ਭੋਲੇ ਨੇ ਮੋਟਰਸਾਈਕਲ ਰੋਕ ਲਿਆ। ਫਿਰ ਟਰਾਲੀ ਉਨ੍ਹਾਂ 'ਤੇ ਪਲਟ ਗਈ। ਹਾਲਾਂਕਿ ਭੋਲਾ ਨੇ ਵੀ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਹਾਦਸੇ ਦੀ ਘਟਨਾ ਮੌਕੇ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ। ਸੂਚਨਾ ਮਿਲਦੇ ਹੀ ਮਹਿਤਪੁਰ ਥਾਣੇ ਦੀ ਪੁਲਿਸ ਅਤੇ ਡੀ.ਐਸ.ਪੀ. ਸ਼ਾਹਕੋਟ ਓਂਕਾਰ ਸਿੰਘ ਬਰਾੜ ਮੌਕੇ 'ਤੇ ਪਹੁੰਚ ਗਏ। ਡੀਐਸਪੀ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮਹਿਤਪੁਰ ਵਿਚ ਇਕ ਸੜਕ ਹਾਦਸਾ ਵਾਪਰਿਆ ਹੈ। ਉਨ੍ਹਾਂ ਦੀ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।