
- ਨਿਊਜ਼ੀਲੈਂਡ ਤੋਂ ਆਏ ਅਵਤਾਰ, ਧਰਮਪਾਲ ਰਾਣਾ ਅਤੇ ਇੰਗਲੈਂਡ ਤੋਂ ਆਏ ਕੁਲਵੰਤ ਕਮਲ ਦਾ ਸਨਮਾਨ
- ਫ਼ਲਸਤੀਨ ਦੀ ਦਰਦੀਲੀ ਗਾਥਾ ਪੇਸ਼ ਕਰਦੀ
- ਪੀਪਲਜ਼ ਵਾਇਸ ਨੇ ਦਿਖਾਈ ਫ਼ਿਲਮ
ਜਲੰਧਰ 27 ਫ਼ਰਵਰੀ 2027 (ਭੁਪਿੰਦਰ ਸਿੰਘ ਧਨੇਰ) : ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ, ਸਮੂਹ ਸਬ ਕਮੇਟੀਆਂ ਦੀ ਹਰ ਵਰ੍ਹੇ ਦੀ ਤਰ੍ਹਾਂ ਨਵੇਂ ਵਰ੍ਹੇ ਦੀ ਆਮਦ ਮੌਕੇ ਅਗਲੇ ਮਹੀਨਿਆਂ ਦੇ ਅਹਿਮ ਕਾਰਜ਼ ਹੱਥ ਲੈਣ ਲਈ ਮਹੱਤਵਪੂਰਣ ਮਿਲਣੀ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ’ਚ ਹੋਈ। ਮੀਟਿੰਗ ਦੇ ਪ੍ਰਧਾਨਗੀ ਮੰਡਲ ਵਿੱਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ, ਵਿੱਤ ਸਕੱਤਰ ਸੀਤਲ ਸਿੰਘ ਸੰਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਸ਼ਮੂਲੀਅਤ ਕੀਤੀ। ਜਿਕਰਯੋਗ ਹੈ ਕਿ ਮੰਚ ’ਤੇ ਨਿਊਜ਼ੀਲੈਂਡ ਤੋਂ ਆਏ ਅਵਤਾਰ ਸਿੰਘ, (ਵਾਸੀ ਖੁਰਦਪੁਰ), ਧਰਮਪਾਲ ਰਾਣਾ (ਵਾਸੀ ਰਾਏਪੁਰ ਡੱਬਾ) ਅਤੇ ਬਰਮਿੰਘਮ (ਯੂ.ਕੇ.) ਤੋਂ ਆਏ ਕੁਲਵੰਤ ਕਮਲ ਨੂੰ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਕਿਤਾਬਾਂ ਦੇ ਸੈੱਟ ਭੇਂਟ ਕਰਕੇ ਸਨਮਾਨਤ ਕਰਦਿਆਂ ਸੁਸ਼ੋਭਤ ਕੀਤਾ ਗਿਆ। ਇਸ ਨਿੱਘੀ ਅਤੇ ਪ੍ਰਭਾਵਸ਼ਾਲੀ ਮਿਲਣੀ ਮੌਕੇ ਕਮੇਟੀ ਦੇ ਜਨਰਲ ਸਕੱਤਰ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਬੀਤੇ ਦਸੰਬਰ ਤੇ ਜਨਵਰੀ ਮਹੀਨੇ ਦੀਆਂ ਮਹੱਤਵਪੂਰਣ ਇਤਿਹਾਸਕ ਘਟਨਾਵਾਂ ਅਤੇ ਨਾਇਕਾਂ ਦਾ ਸੰਖੇਪ ਚਿਤਰਣ ਕਰਦਿਆਂ ਆਜ਼ਾਦੀ ਸੰਗਰਾਮ ਵਿੱਚ ਉਹਨਾਂ ਦੀ ਅਮਿੱਟ ਦੇਣ ਨੂੰ ਹਾਜ਼ਰੀਨ ਤਰਫ਼ੋਂ ਸਿਜਦਾ ਕੀਤਾ। ਉਹਨਾਂ ਕਿਹਾ ਕਿ ਜਿਹੜੀ ਮੰਜ਼ਲ ਸਰ ਕਰਨ ਦੇ ਉਹਨਾਂ ਆਜ਼ਾਦੀ ਸੰਗਰਾਮੀਆਂ ਦੇ ਟੀਚੇ ਸਨ ਉਹ ਅਜੇ ਪੂਰੇ ਨਹੀਂ ਹੋਏ। ਉਹਨਾਂ ਦੀ ਪੂਰਤੀ ਨਾ ਹੋਣ ਕਾਰਨ ਹੀ ਮਹਿੰਗਾਈ, ਬੇਰੁਜ਼ਗਾਰੀ, ਜਾਤ-ਪਾਤ, ਫਿਰਕਾਪ੍ਰਸਤੀ, ਫਾਸ਼ੀ ਅਤੇ ਕਾਰਪੋਰੇਟ ਜਗਤ ਦੇ ਹੱਲੇ ਜਾਰੀ ਹਨ। ਜਮਹੂਰੀ ਹੱਕਾਂ ਉਪਰ ਬੇਤਹਾਸ਼ਾ ਜਾਬਰਾਨਾ ਹੱਲੇ ਜਾਰੀ ਰੀ ਹਨ ਇਸ ਲਈ ਗ਼ਦਰੀਆਂ ਅਤੇ ਹੋਰ ਸਮੂਹ ਲੋਕ-ਪੱਖੀ ਲਹਿਰਾਂ ਦੀ ਅਮੀਰ ਵਿਰਾਸਤ ਦਾ ਝੰਡਾ ਬੁਲੰਦ ਰੱਖਣ ਦੀ ਲੋੜ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਫਰਵਰੀ ਮਹੀਨੇ ਉਚੇਚੇ ਤੌਰ ’ਤੇ ਬੱਬਰ ਅਕਾਲੀ ਲਹਿਰ, ਮਾਰਚ ਵਿੱਚ ਕੌਮਾਂਤਰੀ ਔਰਤ ਦਿਹਾੜਾ, ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਮਾਰਚ ਮਹੀਨੇ ਦੇ ਸਮੂਹ ਸੰਗਰਾਮੀਆਂ ਨੂੰ ਵਿਸ਼ਵ ਰੰਗ ਮੰਚ ਦਿਹਾੜੇ ਮੌਕੇ ਯਾਦ ਕਰਨ ਦੀ ਕੋਸ਼ਿਸ਼ ਹੋਏਗੀ। ਇਉਂ ਹੀ ਸਮੇਂ ਸਮੇਂ ਪੁਸਤਕ ਵਿਚਾਰ ਗੋਸ਼ਟੀ, ਗੀਤ-ਸੰਗੀਤ, ਨਾਟਕ, ਫ਼ਿਲਮ ਸ਼ੋਅ, ਢੁਕਵੇਂ ਮੁੱਦਿਆਂ ’ਤੇ ਵਿਚਾਰ-ਚਰਚਾ, ਸਥਾਨਕ ਅਤੇ ਵਿਦੇਸ਼ਾਂ ’ਚ ਦੇਸ਼ ਭਗਤਾਂ ਦੇ ਸਰੋਕਾਰਾਂ ਨਾਲ ਜੁੜੀਆਂ ਸ਼ਖ਼ਸੀਅਤਾਂ ਨਾਲ ਰੂ ਬ ਰੂ ਕਰਵਾਉਣ, ਮਿਊਜ਼ੀਅਮ, ਥੀਏਟਰ ਅਤੇ ਲਾਇਬਰੇਰੀ ਵਿੱਚ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਬੁਲਾਵਾ ਭੇਜਣ ਉਪਰ ਜੋਰ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ 2025 ਦਾ ਵਰ੍ਹਾ, ਗ਼ਦਰੀ ਗੁਲਾਬ ਬੀਬੀ ਗੁਲਾਬ ਕੌਰ ਦੇ ਸਦੀਵੀ ਵਿਛੋੜੇ ਦਾ 100ਵਾਂ ਵਰ੍ਹਾ ਹੈ ਸੁਭਾਵਿਕ ਹੈ ਕਿ ਕਿਸੇ ਨਾ ਕਿਸੇ ਢੁਕਵੇਂ ਰੂਪ ਵਿੱਚ ਗੁਲਾਬ ਕੌਰ ਨੂੰ ਯਾਦ ਕਰਨਾ ਚਾਹੀਦਾ ਹੈ। ਇਕੱਤਰਤਾ ’ਚ ਜੁੜੇ ਕਮੇਟੀ ਮੈਂਬਰ ਅਤੇ ਲਾਇਬਰੇਰੀ ਕਮੇਟੀ ਦੇ ਕਨਵੀਨਰ ਪ੍ਰੋ. ਗੋਪਾਲ ਸਿੰਘ ਬੁੱਟਰ, ਮੇਲਾ ਗਾਇਨ ਕਮੇਟੀ ਇੰਚਾਰਜ ਅਤੇ ਕਮੇਟੀ ਮੈਂਬਰ ਡਾ. ਤੇਜਿੰਦਰ ਵਿਰਲੀ, ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਮੀਤ ਸਿੰਘ, ਮੇਲੇ ਦੀਆਂ ਵੰਨ-ਸੁਵੰਨੀਆਂ ਵੰਨਗੀਆਂ ਦੇ ਵਿਦਵਾਨ ਕਾਮੇ ਡਾ. ਹਰਜਿੰਦਰ ਸਿੰਘ ਅਟਵਾਲ, ਮਿਊਜ਼ੀਅਮ ਕਮੇਟੀ ਦੇ ਕਨਵੀਨਰ ਸੁਰਿੰਦਰ ਕੁਮਾਰੀ ਕੋਛੜ, ਨਸੀਬ ਚੰਦ ਬੱਬੀ ਨੇ ਅਗਲੇ ਮਹੀਨਿਆਂ ਦੀਆਂ ਸਰਗਰਮੀਆਂ ਦੀ ਤਜਵੀਜ਼ਤ ਰੂਪ ਰੇਖਾ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਉਪਰੰਤ ਇਸ ਇਕੱਤਰਤਾ ਨੇ ਇਸ ਨੂੰ ਨੇਪਰੇ ਚਾੜ੍ਹਨ ਵਿੱਚ ਸਹਿਯੋਗ ਕਰਨ ਦਾ ਵਾਅਦਾ ਕੀਤਾ। ਅਵਤਾਰ ਨਿਊਜ਼ੀਲੈਂਡ ਨੇ ਆਪਣੇ ਪਿੰਡ ਦੇ ਗ਼ਦਰੀ ਸੂਰਬੀਰਾਂ ਦਾ ਮਾਣ ਨਾਲ਼ ਜ਼ਿਕਰ ਕਰਦਿਆਂ ਆਪਣੇ ਪਰਿਵਾਰ ਦੀ ਆਰਥਿਕ-ਸਮਾਜਿਕ ਦਸ਼ਾ ਦਾ ਭਾਵਪੂਰਤ ਵਰਨਣ ਕਰਦੇ ਹੋਏ ਨਿਊਜ਼ੀਲੈਂਡ ਜਾ ਕੇ ਅਥਾਹ ਮਿਹਨਤ ਕਰਨ ਅਤੇ ਨਾਲ਼ ਦੀ ਨਾਲ਼ ਤਰਕਸ਼ੀਲ, ਜਮਹੂਰੀ, ਲਹਿਰ, ਸਾਹਿਤ ਸਭਿਆਚਾਰਕ ਸਰਗਰਮੀਆਂ ਅਤੇ ਪੁਸਤਕ ਸਿਰਜਣਾਂ ਦਾ ਸਫ਼ਰਨਾਮਾ ਸਾਂਝਾ ਕੀਤਾ। ਬਰਮਿੰਘਮ (ਯੂ.ਕੇ.) ਤੋਂ ਆਏ ਕੁਲਵੰਤ ਕਮਲ ਨੇ ਆਪਣੇ ਪਿੰਡ ਮੌਅ ਸਾਹਿਬ (ਨੇੜੇ ਫਿਲੌਰ) ਅਤੇ ਇੰਗਲੈਂਡ ਵਿੱਚ ਨਿਰੰਤਰ ਸਰਗਰਮੀਆਂ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਸਾਨੂੰ ਬਹੁਤ ਹੀ ਸੂਝ ਬੂਝ, ਠਰ੍ਹੰਮੇ ਅਤੇ ਦੂਰ-ਅੰਦੇਸ਼ੀ ਨਾਲ਼ ਆਪਣੀ ਇਤਿਹਾਸਕ ਵਿਰਾਸਤ ਅਤੇ ਸਮਕਾਲੀ ਸਰੋਕਾਰਾਂ ਨੂੰ ਨਾਲ਼ ਲੈ ਕੇ ਵਿਗਿਆਨਕ ਅਤੇ ਜਮਾਤੀ ਦ੍ਰਿਸ਼ਟੀਕੋਣ ਅਪਣਾਉਂਦਿਆਂ ਸਫ਼ਰ ਜਾਰੀ ਰੱਖਣ ਦੀ ਲੋੜ ਹੈ। ਨਿਊਜ਼ੀਲੈਂਡ ਤੋਂ ਹੀ ਆਏ ਧਰਮਪਾਲ ਰਾਣਾ ਨੇ ਆਪਣੇ ਪਿੰਡ ਰਾਏਪੁਰ ਡੱਬਾ ਅਤੇ ਨਿਊਜ਼ੀਲੈਂਡ ਵਿੱਚ ਤਰਕਸ਼ੀਲ ਲਹਿਰ ਤੋਂ ਸ਼ੁਰੂ ਕਰਕੇ ਮੇਘ ਰਾਜ ਮਿੱਤਰ, ਸੁਖਦੇਵ ਸਿੰਘ ਰਾਏਪੁਰ ਡੱਬਾ ਹੋਰਾਂ ਤੋਂ ਵਿਗਿਆਨਕ ਚੇਤਨਾ ਦੀ ਜਾਗ ਲੱਗਣ ਦਾ ਅਤੇ ਕਹਿਣੀ ਤੇ ਕਰਨੀ ਵਿੱਚ ਸੁਮੇਲ ਕਰਨ ਦਾ ਜ਼ਿਕਰ ਕੀਤਾ। ਇਸ ਇਕੱਤਰਤਾ ਵਿੱਚ ਪੀਪਲਜ਼ ਵਾਇਸ ਵੱਲੋਂ ਫ਼ਲਸਤੀਨ ਅੰਦਰ ਅਮਰੀਕੀ ਸਾਮਰਾਜ ਅਤੇ ਉਸਦੇ ਇਸ਼ਾਰਿਆਂ ਤੇ ਇਜਰਾਈਲ ਹਕੂਮਤ ਵੱਲੋਂ ਨਸਲ ਘਾਤ ਕਰਨ ਲਈ ਬੋਲੇ ਘਿਨੌਣੀ ਹੱਲੇ ਦੀ ਪ੍ਰਭਾਵਸ਼ਾਲੀ ਫ਼ਿਲਮ ‘ਦਾ ਪ੍ਰੈਜੈਂਟ’ ਵਿਖਾਈ ਜਿਸਨੇ ਦਰਸ਼ਕਾਂ ਨੂੰ ਆਪਣੇ ਫ਼ਰਜਾਂ ਪ੍ਰਤੀ ਜਾਗਰੂਕ ਹੋਣ ਲਈ ਚੇਤਨਾ ਦੀਆਂ ਨਰੋਈਆਂ ਤਰੰਗਾਂ ਛੇੜੀਆਂ।