ਦੇਸ਼ ਭਗਤ ਯਾਦਗਾਰ ਕਮੇਟੀ ਨੇ ਉਲੀਕੇ ਤਿਮਾਹੀ ਸਮਾਗਮ

  • ਵਿਸ਼ਵ ਰੰਗਮੰਚ ਗ਼ਦਰ ਪਾਰਟੀ ਸਥਾਪਨਾ ਅਤੇ ਕਾਰਲ ਮਾਰਕਸ ਜਨਮ ਦਿਹਾੜਾ ਸਮਾਗਮ

ਜਲੰਧਰ -1 ਮਾਰਚ (ਭੁਪਿੰਦਰ ਸਿੰਘ ਧਨੇਰ) : ਦੇਸ਼ ਭਗਤ ਯਾਦਗਾਰ ਕਮੇਟੀ ਦੇ ਬੋਰਡ ਆਫ਼ ਟਰੱਸਟ ਦੀ ਮੀਟਿੰਗ 'ਚ ਵਿਚਾਰ ਵਟਾਂਦਰੇ ਉਪਰੰਤ ਮਾਰਚ, ਅਪ੍ਰੈਲ ਅਤੇ ਮਈ ਤਿੰਨ ਮਹੀਨੇ ਦੀਆਂ ਪ੍ਰਮੁੱਖ ਸਰਗਰਮੀਆਂ ਉਲੀਕੀਆਂ ਗਈਆਂ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਮਾਰਚ ਮਹੀਨੇ ਦੇ ਆਖਰੀ ਹਫ਼ਤੇ ਵਿਸ਼ਵ ਰੰਗ ਮੰਚ ਦਿਹਾੜਾ ਮਨਾਇਆ ਜਾਏਗਾ। ਇਸ ਮੌਕੇ ਨਾਟਕ, ਗੀਤ-ਸੰਗੀਤ ਅਤੇ ਵਿਚਾਰ-ਚਰਚਾ ਨੂੰ ਅਗਲੇ ਦਿਨਾਂ ਵਿੱਚ ਟੀਮਾਂ ਨਾਲ ਰਾਬਤਾ ਕਰਕੇ ਅਤੇ ਵਿਦਿਅਕ ਸੰਸਥਾਵਾਂ ਦੇ ਇਮਤਿਹਾਨਾਂ ਦੀਆਂ ਤਾਰੀਖਾਂ ਦਾ ਧਿਆਨ ਰੱਖਦਿਆਂ ਅੰਤਿਮ ਛੋਹਾਂ ਦਿੱਤੀਆਂ ਜਾਣਗੀਆਂ। ਮੁਲਕ ਦੀ ਆਜ਼ਾਦੀ ਲਈ ਜੂਝਣ ਵਾਲੀ ਇਨਕਲਾਬੀ ਪਾਰਟੀ, ਗ਼ਦਰ ਪਾਰਟੀ ਦੇ ਸਥਾਪਨਾ ਦਿਹਾੜੇ (21 ਅਪ੍ਰੈਲ 1913) ਨੂੰ ਸਿਜਦਾ ਕਰਨ ਅਤੇ ਗ਼ਦਰ ਪਾਰਟੀ ਦੀ ਪ੍ਰਸੰਗਕਤਾ ਉਭਾਰਦੇ ਹੋਏ 21 ਅਪ੍ਰੈਲ 2025 ਨੂੰ ਦਿਨੇ 10:30 ਵਜੇ ਦੇਸ਼ ਭਗਤ ਯਾਦਗਾਰ ਹਾਲ 'ਚ ਸਥਾਪਨਾ ਦਿਹਾੜਾ ਮਨਾਇਆ ਜਾਏਗਾ। ਇਸ ਮੌਕੇ ਕਮੇਟੀ ਦੇ ਵਿੱਤ ਸਕੱਤਰ ਸੀਤਲ ਸਿੰਘ ਸੰਘਾ ਗ਼ਦਰ ਪਾਰਟੀ ਦਾ ਝੰਡਾ ਲਹਿਰਾਉਣਗੇ। ਨਵੀਂ ਖੇਤੀ ਅਤੇ ਮੰਡੀਕਰਣ ਨੀਤੀ ਦਾ ਡਰਾਫ਼ਟ ਸਿਰਫ਼ ਖੇਤੀ ਜਾਂ ਕਿਸਾਨੀ ਦਾ ਉਜਾੜਾ ਹੀ ਨਹੀਂ ਕਰੇਗਾ ਸਗੋਂ ਇਹ ਮੁਲਕ ਦੇ ਵਿਸ਼ਾਲ ਲੋਕ-ਹਿੱਸਿਆਂ ਨੂੰ ਤਬਾਹੀ ਮੂੰਹ ਧੱਕਣ, ਦੇਸੀ ਬਦੇਸ਼ੀ ਕਾਰਪੋਰੇਟ ਘਰਾਣਿਆਂ ਦਾ ਖੇਤੀ ਅਤੇ ਮੰਡੀਆਂ ਉਪਰ ਮੁਕੰਮਲ ਕਬਜ਼ਾ ਕਰਾਉਣ ਦਾ ਮਾਰੂ ਹੱਲਾ ਹੋਏਗਾ ਇਸਨੂੰ ਚਰਚਾ ਦੇ ਕੇਂਦਰ ਅਤੇ ਰੌਸ਼ਨੀ ਵਿੱਚ ਲਿਆਏਗਾ ਇਹ ਸਮਾਗਮ। ਸਮਾਗਮ ਦੇ ਨਿਸ਼ਚਿਤ ਵਿਸ਼ੇ 'ਤੇ ਮੁੱਖ ਤੌਰ 'ਤੇ ਬਲਦੇਵ ਸਿੰਘ ਨਿਹਾਲਗੜ੍ਹ, ਸਤਨਾਮ ਸਿੰਘ ਅਜਨਾਲਾ, ਜੋਗਿੰਦਰ ਸਿੰਘ ਉਗਰਾਹਾਂ, ਰਮਿੰਦਰ ਸਿੰਘ ਪਟਿਆਲਾ ਤੇ ਬਲਵੀਰ ਸਿੰਘ ਰਾਜੇਵਾਲ ਸੰਬੋਧਨ ਕਰਨਗੇ। ਕਾਰਲ ਮਾਰਕਸ ਦੇ ਜਨਮ ਦਿਹਾੜੇ (5 ਮਈ 1818) ਨੂੰ ਸਮਰਪਤ ਸਮਾਗਮ 5 ਮਈ ਨੂੰ ਦਿਨੇ 10:30 ਵਜੇ ਹੋਏਗਾ, ਜਿਸ ਵਿੱਚ ਮਾਰਕਸਵਾਦ ਦੀ ਪ੍ਰਸੰਗਕਤਾ (ਜਗਰੂਪ), ਪੂੰਜੀਵਾਦ ਦਾ ਸੰਕਟ (ਦਰਸ਼ਨ ਖਟਕੜ) ਅਤੇ ਫਾਸ਼ੀਵਾਦ ਦਾ ਉਭਾਰ (ਹਰਵਿੰਦਰ ਭੰਡਾਲ) ਮੁੱਖ ਤੌਰ 'ਤੇ ਆਪਣੇ ਵਿਚਾਰ ਰੱਖਣਗੇ। ਮੀਟਿੰਗ 'ਚ ਪਾਸ ਕੀਤੇ ਮਤਿਆਂ 'ਚ ਮੰਗ ਕੀਤੀ ਗਈ ਕਿ ਆਦਿਵਾਸੀ ਖੇਤਰਾਂ 'ਚ ਕਤਲੇਆਮ ਕਰਨਾ ਬੰਦ ਕੀਤਾ ਜਾਏ। ਨੀਮ ਫੌਜੀ ਬਲਾਂ ਨੂੰ ਜੰਗਲਾਂ 'ਚੋਂ ਬਾਹਰ ਕੱਢਿਆ ਜਾਏ, ਓਪਰੇਸ਼ਨ ਕਗਾਰ ਬੰਦ ਕੀਤਾ ਜਾਏ। ਮੂਲਵਾਸੀ ਬਚਾਓ ਮੰਚ ਦਾਤੇਵਾੜਾ ਦੇ ਆਗੂ ਰਘੂ ਨੂੰ ਐੱਨ.ਆਈ.ਏ. ਵੱਲੋਂ ਹਿਰਾਸਤ ਵਿੱਚ ਲੈਣ ਦੀ ਨਿੰਦਾ ਕਰਦਿਆਂ ਬਿਨਾਂ ਸ਼ਰਤ ਰਿਹਾਈ ਦੀ ਮੰਗ ਕੀਤੀ ਗਈ। 'ਲੋਕ ਆਵਾਜ਼' ਟੀ.ਵੀ. ਚੈਨਲ ਦੇ ਚੀਫ਼ ਰਿਪੋਰਟਰ ਮਨਿੰਦਰ ਜੀਤ ਸਿੱਧੂ ਉਪਰ ਝੂਠੇ ਕੇਸ ਮੜ੍ਹਨ, ਆਏ ਦਿਨ ਧਮਕੀਆਂ ਦੇਣ ਦੀ ਨਿੰਦਾ ਕੀਤੀ ਗਈ ਅਤੇ ਝੂਠਾ ਕੇਸ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ। ਪੰਜਾਬ ਅੰਦਰ ਬੁਲਡੋਜ਼ਰ ਹਮਲੇ ਲਾਗੂ ਕਰਨ ਦੀ ਯੋਗੀ ਮੋਦੀ ਅਤੇ ਅਮਿਤ ਸ਼ਾਹ ਮਾਰਕਾ ਨੀਤੀ ਲਾਗੂ ਕਰਕੇ ਲੋਕਾਂ ਦੇ ਮੁੱਢਲੇ ਅਧਿਕਾਰਾਂ ਉਪਰ ਬੁਲਡੋਜ਼ਰ ਚਲਾਉਣਾ ਬੰਦ ਕੀਤਾ ਜਾਏ। ਕਮੇਟੀ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਪਿਛਲੇ ਅਰਸੇ ਦੀਆਂ ਸਰਗਰਮੀਆਂ ਅਤੇ ਹੱਥ ਲਏ ਕਾਰਜ਼ਾਂ ਦੀ ਜਾਣਕਾਰੀ ਸਾਂਝੀ ਕੀਤੀ। ਮੀਟਿੰਗ ਦਾ ਆਗਾਜ਼ ਸ਼ਹੀਦ ਤਰਸੇਮ ਬਾਵਾ ਦੋਰਾਹਾ ਦੀ ਭੈਣ ਰੇਖਾ, ਡਾ. ਸੱਤਪਾਲ ਲੱਠ ਗੋਂਦਪੁਰ (ਹੁਸ਼ਿਆਰਪੁਰ) ਅਤੇ ਜੰਗ ਸਿੰਘ ਗੁਰਦਿੱਤਪੁਰਾ (ਲੁਧਿਆਣਾ) ਦੇ ਬੀਤੇ ਦਿਨੀਂ ਹੋਏ ਸਦੀਵੀ ਵਿਛੋੜੇ 'ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਖੜ੍ਹੇ ਹੋ ਕੇ ਸ਼ਰਧਾਂਜ਼ਲੀ ਅਰਪਤ ਕਰਨ ਨਾਲ ਹੋਇਆ। ਮੀਟਿੰਗ 'ਚ ਕਮੇਟੀ ਦੇ ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਵਿੱਤ ਸਕੱਤਰ ਸੀਤਲ ਸਿੰਘ ਸੰਘਾ, ਕਮੇਟੀ ਮੈਂਬਰ ਗੁਰਮੀਤ, ਰਣਜੀਤ ਸਿੰਘ ਔਲਖ, ਪ੍ਰੋ. ਵਰਿਆਮ ਸਿੰਘ ਸੰਧੂ, ਡਾ. ਪਰਮਿੰਦਰ, ਮੰਗਤ ਰਾਮ ਪਾਸਲਾ, ਹਰਵਿੰਦਰ ਭੰਡਾਲ ਅਤੇ ਸੁਰਿੰਦਰ ਕੁਮਾਰੀ ਕੋਛੜ ਵੀ ਹਾਜ਼ਰ ਸਨ।