ਸ਼ੂਗਰਫੈੱਡ ਦੇ ਪ੍ਰਬੰਧ ਨਿਰਦੇਸ਼ਕ ਡਾ. ਸੋਨੂੰ ਦੁੱਗਲ ਵੱਲੋਂ ਨਵਾਂਸ਼ਹਿਰ ਖੰਡ ਮਿੱਲ ਦਾ ਅਚਨਚੇਤ ਦੌਰਾ 

  • ਮਿੱਲ ਦੇ ਚੱਲ ਰਹੇ ਪਿੜਾਈ ਸੀਜ਼ਨ ਦੀ ਕਾਰਗੁਜ਼ਾਰੀ ਦਾ ਕੀਤਾ ਮੁਆਇਨਾ 
  • ਤਕਨੀਕੀ ਟੀਮ ਨੇ ਗੰਨੇ ਦੀ ਸਪਲਾਈ ਨਾਲ ਆ ਰਹੇ ਬਾਈਂਡਿੰਗ ਮਟੀਰੀਅਲ ਦੀ ਕੀਤੀ ਜਾਂਚ

ਨਵਾਂਸ਼ਹਿਰ, 4 ਫਰਵਰੀ 2025 : ਸ਼ੂਗਰਫੈੱਡ ਪੰਜਾਬ ਦੇ ਪ੍ਰਬੰਧ ਨਿਰਦੇਸ਼ਕ ਡਾ. ਸੋਨੂੰ ਦੁੱਗਲ ਵੱਲੋਂ ਉੱਚ ਅਧਿਕਾਰੀਆਂ ਦੀ ਟੀਮ ਨਾਲ ਨਵਾਂਸ਼ਹਿਰ ਖੰਡ ਮਿੱਲ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਉਨ੍ਹਾਂ ਵੱਲੋਂ ਮਿੱਲ ਦੇ ਚੱਲ ਰਹੇ ਪਿੜਾਈ ਸੀਜ਼ਨ ਦੀ ਕਾਰਗੁਜ਼ਾਰੀ ਦਾ ਮੁਆਇਨਾ ਕੀਤਾ ਗਿਆ ਅਤੇ ਮਿੱਲ ਅਧਿਕਾਰੀਆਂ ਤੋਂ ਚੱਲ ਰਹੇ ਕੰਮਕਾਜ ਦੀ ਰਿਪੋਰਟ ਲਈ ਗਈ। ਉਨ੍ਹਾਂ ਵੱਲੋਂ ਮਿੱਲ ਅਧਿਕਾਰੀਆਂ ਨੂੰ ਪਿੜਾਈ ਸੀਜ਼ਨ ਦਾ ਕੰਮ ਸੁਚਾਰੂ ਢੰਗ ਨਾਲ ਚਲਾਉਣ ਅਤੇ ਪਿੜਾਈ ਸੀਜ਼ਨ ਦੌਰਾਨ ਮਿੱਥੇ ਗਏ ਟੀਚਿਆਂ ਦੀ ਪ੍ਰਾਪਤੀ ਲਈ ਹਰ ਸੰਭਵ ਉਪਰਾਲੇ ਕਰਨ ਦੀ ਹਦਾਇਤ  ਕੀਤੀ ਗਈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀਆਂ ਸਖ਼ਤ ਹਦਾਇਤਾਂ ਹਨ ਕਿ ਗੰਨਾ ਕਾਸ਼ਤਕਾਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਉਣੀ ਚਾਹੀਦੀ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਮਿੱਲ ਵਿਚ ਸਾਫ਼-ਸੁਥਰਾ ਗੰਨਾ ਲੈਣ ਕੇ ਆਉਣ ਅਤੇ ਬਾਈਡਿੰਗ ਮਟੀਰੀਅਲ ਨਿਰਧਾਰਿਤ ਮਾਪਦੰਡਾਂ ਅਨੁਸਾਰ ਇਕ ਫ਼ੀਸਦੀ ਤੱਕ ਹੀ ਹੋਵੇ। ਇਸ ਦੌਰਾਨ ਸ਼ੂਗਰਫੈੱਡ ਪੰਜਾਬ ਦੀ ਤਕਨੀਕੀ ਟੀਮ ਵੱਲੋਂ ਮਿੱਲ ਵਿਚ ਗੰਨੇ ਦੀ ਸਪਲਾਈ ਨਾਲ ਆ ਰਹੇ ਬਾਈਂਡਿੰਗ ਮਟੀਰੀਅਲ ਦੀ ਵੀ ਜਾਂਚ ਕੀਤੀ ਗਈ, ਜੋ ਕਿ ਨਿਰਧਾਰਿਤ ਮਾਪਦੰਡਾਂ ਤੋਂ ਕੁਝ ਜ਼ਿਆਦਾ ਪਾਇਆ ਗਿਆ‌। ਇਸ ਦੇ ਮੱਦੇਨਜ਼ਰ ਤਕਨੀਕੀ ਟੀਮ ਵੱਲੋਂ ਮਿੱਲ ਦੇ ਗੰਨਾ ਵਿਭਾਗ ਦੇ ਅਧਿਕਾਰੀਆਂ ਨੂੰ ਗੰਨਾ ਸਪਲਾਈ ਵਿਚ ਸੁਧਾਰ ਲਿਆਉਦੇ ਹੋਏ ਮਿੱਲ ਨੂੰ ਤਾਜ਼ੇ, ਸਾਫ-ਸੁਥਰੇ, ਆਗ ਖੋਰੀ ਰਹਿਤ ਗੰਨੇ ਦੀ ਸਪਲਾਈ ਮਿੱਲ ਨੂੰ ਕਰਵਾਉਣ ਅਤੇ ਜ਼ਿਮੀਂਦਾਰਾਂ ਨੂੰ ਬਾਈਂਡਿੰਗ ਮਟੀਰੀਅਲ ਦੀ ਮਾਤਰਾ ਘੱਟ ਕਰਨ ਅਤੇ ਮੰਗ ਪਰਚੀ ਅਨੁਸਾਰ ਸਹੀ ਕਿਸਮ ਦਾ ਗੰਨਾ ਨਿਰਧਾਰਿਤ ਮਿਤੀ 'ਤੇ ਸਪਲਾਈ ਕਰਨ ਲਈ ਪ੍ਰੇਰਿਤ ਕਰਨ ਦੀ ਹਦਾਇਤ ਕੀਤੀ ਗਈ। ਮਿੱਲ ਅਧਿਕਾਰੀਆਂ ਵੱਲੋਂ ਪ੍ਰਬੰਧ ਨਿਰਦੇਸ਼ਕ ਨੂੰ ਜਾਣਕਾਰੀ ਦਿੱਤੀ ਗਈ ਕਿ ਇਸ ਸਮੇਂ ਮਿੱਲ ਦਾ ਪਿੜਾਈ ਸੀਜ਼ਨ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ। ਮਿੱਲ ਵੱਲੋਂ ਹੁਣ ਤੱਕ ਲੱਗਭੱਗ 12.31 ਲੱਖ ਕੁਇੰਟਲ ਗੰਨੇ ਦੀ ਪਿੜਾਈ ਕੀਤੀ ਜਾ ਚੁੱਕੀ ਹੈ ਅਤੇ ਮਿੱਲ ਦੀ ਆਨ ਡੇਟ ਸ਼ੂਗਰ ਰਿਕਵਰੀ 8.80 ਫੀਸਦੀ ਪ੍ਰਾਪਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਮਿੱਲ਼ ਵੱਲੋਂ ਹੁਣ ਤੱਕ 87810 ਕੁਇੰਟਲ ਖੰਡ ਦਾ ਉਤਪਾਦਨ ਕੀਤਾ ਜਾ ਚੁੱਕਾ ਹੈ ਅਤੇ ਮਿੱਲ ਵੱਲੋਂ ਪਿੜਾਈ ਸੀਜ਼ਨ 2024-25 ਦੌਰਾਨ ਮਿਤੀ 31.01.2025 ਤੱਕ ਖ਼ਰੀਦ ਕੀਤੇ ਗਏ ਗੰਨੇ ਦੀ ਬਣਦੀ ਅਦਾਇਗੀ ਜ਼ਿਮੀਂਦਾਰਾਂ ਨੂੰ ਕੀਤੀ ਜਾ ਚੁੱਕੀ ਹੈ। ਇਸ ਮੌਕੇ ਜਨਰਲ ਮੈਨੇਜਰ ਮੋਰਿੰਡਾ-ਕਮ-ਕੇਨ ਇੰਚਾਰਜ (ਸ਼ੂਗਰਫੈੱਡ) ਪੰਜਾਬ ਅਰਵਿੰਦਰ ਪਾਲ ਸਿੰਘ ਕੈਰੋਂ,  ਇੰਚਾਰਜ ਇੰਜੀਨੀਅਰਿੰਗ ਵਿਭਾਗ (ਸੂਗਰਫੈਡ) ਟੀ.ਪੀ.ਐਸ. ਭੱਲਾ, ਉਪ ਮੁੱਖ ਲੇਖਾ ਅਫਸਰ (ਸ਼ੂਗਰਫੈੱਡ) ਗੌਰਵ ਕੁਮਾਰ ਤੇ ਹੋਰ ਹਾਜ਼ਰ ਸਨ।