ਜਲੰਧਰ ‘ਚ ਪੁਲਿਸ ਅਤੇ ਗੈਂਗਸਟਰ ਵਿਚਾਲੇ ਹੋਇਆ ਮੁਕਾਬਲਾ, 4 ਗੈਰ-ਕਾਨੂੰਨੀ ਹਥਿਆਰ ਤੇ ਹੈਰੋਇਨ ਬਰਾਮਦ 

ਜਲੰਧਰ, 19 ਜਨਵਰੀ 2025 : ਜਲੰਧਰ ਸਿਟੀ ਪੁਲਿਸ ਦੇ ਸਪੈਸ਼ਲ ਸੈੱਲ ਤੇ ਗੈਂਗਸਟਰ ਵਿੱਕੀ ਗੌਂਡਰ ਦੇ ਵਿਚਕਾਰ ਮੁਕਾਬਲਾ ਹੋਇਆ ਹੈ। ਪੁਲਿਸ ਨੇ ਮੁਲਜ਼ਮਾਂ ਤੋਂ 4 ਗੈਰ-ਕਾਨੂੰਨੀ ਹਥਿਆਰ ਤੇ ਹੈਰੋਇਨ ਬਰਾਮਦ ਕੀਤੀ ਹੈ। ਇਸ ਮੁਕਾਬਲੇ ਵਿਚ ਇਕ ਗੈਂਗਸਟਰ ਜਖਮੀ ਹੋ ਗਿਆ ਤੇ ਉਸ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਗੈਂਗਸਟਰ ਦੀ ਲੱਤ ‘ਤੇ ਸੱਟ ਲੱਗੀ ਹੈ। ਇਹ ਮੁਕਾਬਲਾ ਅੱਜ ਪਿੰਡ ਜਮਸ਼ੇਰ ਖੇੜਾ ਨੇੜੇ ਹੋਇਆ। ਸਪੈਸ਼ਲ ਸੈੱਲ ਦੀ ਟੀਮ ਮੁਲਜ਼ਮਾਂ ਨੂੰ ਹਥਿਆਰ ਬਰਾਮਦ ਕਰਨ ਲਈ ਲੈ ਗਈ ਸੀ। ਦੋਵਾਂ ਪਾਸਿਆਂ ਤੋਂ ਕੁੱਲ 8 ਗੋਲੀਆਂ ਚਲਾਈਆਂ ਗਈਆਂ। ਜ਼ਖਮੀ ਗੈਂਗਸਟਰ ਦੀ ਪਛਾਣ ਹਰਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਕਿ ਜਮਸ਼ੇਰ ਖਾਸ ਦਾ ਰਹਿਣ ਵਾਲਾ ਸੀ। ਪੁਲਿਸ ਨੇ ਮੁਲਜ਼ਮ ਦੇ ਦੋ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਜਿਸਦੀ ਪਛਾਣ ਪੁਲਿਸ ਨੇ ਅਜੇ ਤੱਕ ਜ਼ਾਹਰ ਨਹੀਂ ਕੀਤੀ ਹੈ। ਪੁਲਿਸ ਨੇ ਮੁਲਜ਼ਮਾਂ ਤੋਂ 4 ਗੈਰ-ਕਾਨੂੰਨੀ ਹਥਿਆਰ ਅਤੇ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਜਲੰਧਰ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਅਤੇ ਕਈ ਹੋਰ ਸੀਨੀਅਰ ਅਧਿਕਾਰੀ ਘਟਨਾ ਸਥਾਨ ਦੀ ਜਾਂਚ ਕਰਨ ਲਈ ਮੌਕੇ ‘ਤੇ ਪਹੁੰਚੇ। ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਗੈਂਗਸਟਰ ਵਿੱਕੀ ਗੌਂਡਰ ਦਾ ਇੱਕ ਸਾਥੀ ਜ਼ਖਮੀ ਹੋ ਗਿਆ ਹੈ। ਮੁਲਜ਼ਮਾਂ ਨੇ ਪਹਿਲਾਂ ਪੁਲਿਸ 'ਤੇ ਗੋਲੀਬਾਰੀ ਕੀਤੀ ਸੀ। ਮੁਲਜ਼ਮ ਪਿਛਲੇ ਕੁਝ ਦਿਨਾਂ ਤੋਂ ਪੁਲਿਸ ਰਿਮਾਂਡ 'ਤੇ ਸਨ। ਹਥਿਆਰ ਬਰਾਮਦ ਕਰਨ ਲਈ ਪੁਲਿਸ ਮੁਲਜ਼ਮਾਂ ਨੂੰ ਸਦਰ ਥਾਣੇ ਦੇ ਇਲਾਕੇ ਵਿੱਚ ਲੈ ਗਈ। ਇਸ ਦੌਰਾਨ ਮੁਲਜ਼ਮਾਂ ਨੇ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਕਤ ਮੁਲਜ਼ਮਾਂ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਜਬਰਨ ਵਸੂਲੀ, ਡਕੈਤੀ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਕਤਲ ਦੀ ਕੋਸ਼ਿਸ਼ ਦੇ ਕਈ ਮਾਮਲੇ ਦਰਜ ਹਨ। ਕੁਝ ਮਾਮਲਿਆਂ ਵਿੱਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਤੇ ਕੁਝ ਮਾਮਲਿਆਂ ਵਿੱਚ ਉਨ੍ਹਾਂ ਨੂੰ ਅਜੇ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਸੀ। ਮੁਲਜ਼ਮ ਗਿਰੋਹ ਦੇ ਹੋਰ ਮੈਂਬਰਾਂ ਨੂੰ ਵੀ ਹਥਿਆਰ ਮੁਹੱਈਆ ਕਰਵਾਉਂਦਾ ਸੀ। ਇਸ ਵੇਲੇ ਦੋ ਦੋਸ਼ੀ ਪੁਲਿਸ ਹਿਰਾਸਤ ਵਿੱਚ ਹਨ। ਉਨ੍ਹਾਂ ਕੋਲੋਂ ਕੁੱਲ 100 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ। ਇਹ ਮੁਕਾਬਲਾ ਸਪੈਸ਼ਲ ਸੈੱਲ ਦੇ ਇੰਚਾਰਜ ਜਸਪਾਲ ਸਿੰਘ ਨੇ ਆਪਣੀ ਟੀਮ ਸਮੇਤ ਕੀਤਾ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।