
ਬਲਾਚੌਰ, 30 ਜਨਵਰੀ 2025 : ਸਿਵਲ ਸਰਜਨ, ਸ਼ਹੀਦ ਭਗਤ ਸਿੰਘ ਨਗਰ ਡਾ. ਜਸਪ੍ਰੀਤ ਕੌਰ ਦੇ ਦਿਸ਼ਾ- ਨਿਰਦੇਸ਼ਾਂ ਤਹਿਤ ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ਼ ਸਕੂਲ ਬਲਾਚੌਰ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਕੁਲਵਿੰਦਰ ਮਾਨ ਦੇ ਸਹਿਯੋਗ ਨਾਲ "ਬੇਟੀ ਬਚਾਓ ,ਬੇਟੀ ਪੜ੍ਹਾਓ" ਮੁਹਿੰਮ ਤਹਿਤ ਜ਼ਿਲ੍ਹਾ ਪੱਧਰੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਜ਼ਿਲ੍ਹਾ ਸਿਹਤ ਅਫ਼ਸਰ-ਕਮ-ਸਿਹਤ ਤੇ ਪਰਿਵਾਰ ਭਲਾਈ ਅਫ਼ਸਰ ਡਾ. ਰੇਨੂ ਮਿੱਤਲ ਦੀ ਅਗਵਾਈ ਵਿਚ ਕਰਵਾਏ ਗਏ ਇਸ ਸੈਮੀਨਾਰ ਵਿਚ ਸਿਹਤ ਵਿਭਾਗ ਦੇ ਅਧਿਕਾਰੀਆਂ ਕਰਮਚਾਰੀਆਂ ਤੇ ਸਕੂਲ ਪ੍ਰਿੰਸੀਪਲ ਪੂਜਾ ਗੁਪਤਾ ਤੇ ਸਮੂਹ ਅਧਿਆਪਕ ਸਾਹਿਬਾਨ ਨੇ ਪੂਰਨ ਸਹਿਯੋਗ ਦਿੱਤਾ। ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾਕਟਰ ਰੇਨੂ ਮਿੱਤਲ ਨੇ ਪੀ. ਸੀ.ਪੀ.ਐਨ. ਡੀ .ਟੀ ਐਕਟ ਬਾਰੇ ਜਾਗਰੂਕ ਕਰਦਿਆਂ ਦੱਸਿਆ ਕਿ ਦੇਸ਼- ਦੁਨੀਆ ਦੇ ਇਤਿਹਾਸ ਵਿਚ ਬਹੁਤ ਸਾਰੀਆਂ ਅਜਿਹੀਆਂ ਉਦਾਹਰਨਾਂ ਮਿਲਦੀਆਂ ਹਨ, ਜਦੋਂ ਲੜਕੀਆਂ ਤੇ ਮਹਿਲਾਵਾਂ ਨੇ ਦੇਸ਼ ਦਾ ਮਾਣ ਵਧਾਇਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲਾ ਕਰਦਿਆਂ ਪੰਜ ਸਾਲ ਤੱਕ ਦੀਆਂ ਬੱਚੀਆਂ ਦਾ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਬਾਲੜੀ ਸੁਰੱਖਿਆ ਯੋਜਨਾ, ਜਨਨੀ ਸੁਰੱਖਿਆ ਯੋਜਨਾ, ਪੀ. ਸੀ. ਪੀ. ਐਨ. ਡੀ. ਟੀ ਐਕਟ ਅਤੇ ਹੋਰ ਸੁਵਿਧਾਵਾਂ ਬਾਰੇ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਦੀ ਰਹਿਨੁਮਾਈ ਤਹਿਤ ਸਾਰੇ ਜ਼ਿਲ੍ਹੇ ਦੇ ਸਮੂਹ ਬਲਾਕਾਂ ਵਿਚ ਪੀ. ਸੀ. ਪੀ. ਐਨ. ਡੀ. ਟੀ ਐਕਟ ਤਹਿਤ ਆਮ ਲੋਕਾਂ ਨੂੰ ਜਾਗਰੂਕ ਕਰਕੇ ਉਨ੍ਹਾਂ ਦੀ ਮਾਨਸਿਕਤਾ ਨੂੰ ਬਦਲਿਆ ਜਾਵੇਗਾ। ਇਸ ਮੌਕੇ ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਤਰਸੇਮ ਲਾਲ ਨੇ ਦੱਸਿਆ ਕਿ 'ਬੇਟੀ ਬਚਾਓ ਬੇਟੀ ਪੜ੍ਹਾਓ' ਸਕੀਮ ਦੇ 10 ਸਾਲ ਪੂਰੇ ਹੋਣ ਦੇ ਜਸ਼ਨਾਂ ਦੇ ਤੌਰ 'ਤੇ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਇਸ ਵਰਕਸ਼ਾਪ ਰਾਹੀਂ ਸਮਾਜ ਨੂੰ ਭਰੂਣ ਹੱਤਿਆ ਰੋਕਣ ਤੇ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਸਮਝਣ ਦਾ ਸੱਦਾ ਦਿੱਤਾ। ਉਨ੍ਹਾਂ ਪ੍ਰਤੀਭਾਗੀਆਂ ਨੂੰ ਭਰੂਣ ਹੱਤਿਆ, ਬਾਲ ਵਿਆਹ ਤੇ ਘਰੇਲੂ ਹਿੰਸਾ ਆਦਿ ਬਾਰੇ ਜਾਗਰੂਕ ਕੀਤਾ। ਉਨ੍ਹਾਂ ਦੱਸਿਆ ਕਿ ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਭਰੂਣ ਹੱਤਿਆ ਰੋਕਣਾ, ਸੁਰੱਖਿਅਤ ਵਾਤਾਵਰਨ ਦੇ ਅਨੁਕੂਲ ਸੈਂਨਟਰੀ ਨੈਪਕਿਨ ਪੈਡ ਦੀ ਚੋਣ ਕਰਨ ਤੇ ਮਾਹਵਾਰੀ ਦੌਰਾਨ ਸਵੱਛਤਾ ਦਾ ਧਿਆਨ ਰੱਖਣ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਮਾਹਵਾਰੀ ਦੌਰਾਨ ਸਮਾਜਿਕ ਧਾਰਨਾਵਾਂ ਨੂੰ ਤੋੜਨ ਅਤੇ ਲੋਕਾਂ ਦੀ ਮਾਨਸਿਕਤਾ ਨੂੰ ਬਦਲਣ ਦੀ ਲੋੜ 'ਤੇ ਜ਼ੋਰ ਵੀ ਦਿੱਤਾ। ਉਨ੍ਹਾਂ ਕਿਹਾ ਕਿ ਲਿੰਗ ਅਨੁਪਾਤ ਵਿਚ ਸੁਧਾਰ ਲਈ ਸਮਾਜ ਦੀ ਮਾਨਸਿਕਤਾ ਨੂੰ ਬਦਲਣਾ ਸਮੇਂ ਦੀ ਲੋੜ ਹੈ। ਇਸ ਮੌਕੇ ਪ੍ਰਿੰਸੀਪਲ ਪੂਜਾ ਗੁਪਤਾ ਨੇ ਕਿਹਾ ਕਿ ਸਾਨੂੰ ਸਮਾਜ ਅੰਦਰ ਫੈਲੀਆਂ ਭਰੂਣ ਹੱਤਿਆ ਵਰਗੀਆਂ ਕੁਰੀਤੀਆਂ ਮਿਟਾਉਣ ਅਤੇ ਲੜਕੀਆਂ ਦੀ ਪੜ੍ਹਾਈ 'ਤੇ ਜ਼ੋਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਸੋਚ ਬਦਲਦਿਆਂ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਸਮਝਣਾ ਚਾਹੀਦਾ ਹੈ। ਇਸ ਮੌਕੇ ਆਰ. ਬੀ .ਐਸ .ਕੇ .ਟੀਮ ਤੋਂ ਡਾ. ਰੇਨੂ, ਉਂਕਾਰ ਸਿੰਘ ਫਾਰਮਾਸਿਸਟ, ਪ੍ਰੀਤੀ ਭਗਤ ਕੌਂਸਲਰ, ਐਲ .ਐਚ. ਵੀ .ਰਣਜੀਤ ਕੌਰ, ਦਿਲਬਾਗ ਸਿੰਘ ਐਚ. ਆਈ, ਅਮਰਜੀਤ ਮ. ਪ. ਹ. ਵ. (ਮੇਲ਼), ਸੁਨੀਲ ਸ਼ਰਮਾ ਲੈਕਚਰਾਰ ਕਾਮਰਸ, ਬਲਜੀਤ ਕੌਰ, ਸੁਰਿੰਦਰ ਪਾਲ ਸਿੰਘ, ਸੁਰਿੰਦਰ ਕੁਮਾਰ, ਸੁਨੀਲ ਕੁਮਾਰ, ਹਰਦਿਆਲ ਸਿੰਘ, ਰਵਿੰਦਰ ਕੌਰ, ਸਰਬਜੀਤ ਕੌਰ ,ਸੀਮਾ ਸੇਠ ਅਤੇ ਵਿਦਿਆਰਥੀਆਂ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ।