ਜ਼ਿਲ੍ਹਾ ਪ੍ਰਸ਼ਾਸਨ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਨਵਾਂਸ਼ਹਿਰ ਵਿਖੇ "ਮਿਸ਼ਨ ਪ੍ਰਗਤੀ" ਦਾ ਆਗ਼ਾਜ਼

  • ਨੌਜਵਾਨਾਂ ਨੂੰ ਵੱਖ-ਵੱਖ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਲਈ ਮਿਲੇਗੀ ਮੁਫਤ ਕੋਚਿੰਗ ਅਤੇ ਹੋਰ ਸਹੂਲਤਾਂ
  • ਸਰੋਤਾਂ ਜਾਂ ਮਾਰਗਦਰਸ਼ਨ ਦੀ ਘਾਟ ਕਾਰਨ ਆਪਣੇ ਸੁਪਨੇ ਪੂਰੇ ਕਰਨ ਤੋਂ ਕੋਈ ਵੀ ਨੌਜਵਾਨ ਨਹੀਂ ਰਹੇਗਾ ਵਾਂਝਾ

ਨਵਾਂਸ਼ਹਿਰ, 4 ਫਰਵਰੀ 2025 : ਜ਼ਿਲ੍ਹੇ ਦੇ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਅਤੇ ਮੁੱਖ ਮੰਤਰੀ ਪੰਜਾਬ  ਭਗਵੰਤ ਸਿੰਘ ਮਾਨ ਦੇ ਨੌਜਵਾਨਾਂ ਦੀ ਭਲਾਈ ਦੇ ਵਿਜ਼ਨ ਨੂੰ ਅੱਗੇ ਵਧਾਉਣ ਵੱਲ ਇਕ ਮਹੱਤਵਪੂਰਨ ਕਦਮ ਚੁੱਕਦਿਆਂ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਵੱਲੋਂ ਸੀਨੀਅਰ ਪੁਲਿਸ ਕਪਤਾਨ ਡਾ. ਮਹਿਤਾਬ ਸਿੰਘ ਨਾਲ ਅੱਜ ਸਰਕਾਰੀ ਆਈ.ਟੀ.ਆਈ ਨਵਾਂਸ਼ਹਿਰ ਵਿਖੇ ਇਕ ਮੁਫ਼ਤ ਸਿਖਲਾਈ ਕਰੈਸ਼ ਕੋਰਸ 'ਮਿਸ਼ਨ ਪ੍ਰਗਤੀ' ਸ਼ੁਰੂ ਕੀਤਾ ਗਿਆ, ਤਾਂ ਜੋ ਪੰਜਾਬ ਸਰਕਾਰ ਜਾਂ ਭਾਰਤ ਸਰਕਾਰ ਦੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਪਾਸ ਕਰਨ ਦੇ ਚਾਹਵਾਨ ਨੌਜਵਾਨ, ਮਾਹਿਰਾਂ ਤੋਂ ਵਿਸ਼ੇਸ਼ ਸਿਖਲਾਈ ਪ੍ਰਾਪਤ ਕਰ ਸਕਣ। ਇਸ ਪਹਿਲ ਦਾ ਉਦੇਸ਼ ਨੌਜਵਾਨਾਂ ਵਿਚ ਇਕ ਸਿਹਤਮੰਦ ਅਤੇ ਕੁਸ਼ਲ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਦਿਆਂ ਪੁਲਿਸ/ਫ਼ੌਜ/ਅਗਨੀਵੀਰ, ਪੰਜਾਬ ਸਿਵਲ ਸੇਵਾਵਾਂ, ਬੈਂਕਿੰਗ ਪ੍ਰੀਖਿਆਵਾਂ ਆਦਿ ਵਰਗੀਆਂ ਵੱਖ-ਵੱਖ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲੇ ਚਾਹਵਾਨ ਉਮੀਦਵਾਰਾਂ ਨੂੰ ਇਕੋ ਛੱਤ ਥੱਲੇ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਕਿਹਾ ਕਿ ਇਹ ਨੌਜਵਾਨਾਂ ਲਈ ਇਕ ਸ਼ਾਨਦਾਰ ਅਤੇ ਸੁਨਹਿਰੀ ਮੌਕਾ ਹੈ, ਕਿਉਂਕਿ 'ਮਿਸ਼ਨ ਪ੍ਰਗਤੀ' ਦੇ ਤਹਿਤ ਫਿਜ਼ੀਕਲ ਅਤੇ ਲਿਖਤੀ ਪ੍ਰੀਖਿਆ ਦੀ ਤਿਆਰੀ ਇਕੋ ਛੱਤ ਹੇਠ ਯਾਨੀ ਕਿ ਇਕ ਹੀ ਜਗ੍ਹਾ 'ਤੇ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਜ਼ਿਲ੍ਹੇ ਵਿਚ ਕੋਈ ਵੀ ਚਾਹਵਾਨ ਉਮੀਦਵਾਰ ਸਰੋਤਾਂ ਜਾਂ ਮਾਰਗਦਰਸ਼ਨ ਦੀ ਘਾਟ ਕਾਰਨ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਤੋਂ ਵਾਂਝਾ ਨਾ ਰਹੇ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਸਿਰਫ਼ ਪ੍ਰੀਖਿਆ ਦੀ ਤਿਆਰੀ ਬਾਰੇ ਨਹੀਂ ਹੈ, ਸਗੋਂ ਨੌਜਵਾਨਾਂ ਵਿਚ ਤੰਦਰੁਸਤੀ, ਕੁਸ਼ਲਤਾ ਅਤੇ ਸਵੈ-ਅਨੁਸ਼ਾਸਨ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਬਾਰੇ ਵੀ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਜ ਦੇ ਹਾਲਾਤ ਵਿਚ ਸਹੀ ਸਮੇਂ 'ਤੇ ਸਹੀ ਮਾਰਗਦਰਸ਼ਨ ਹੋਣਾ ਬੇਹੱਦ ਜ਼ਰੂਰੀ ਹੈ। ਇਸ ਲਈ ਇਹ ਮੁਫ਼ਤ ਸਿਖਲਾਈ ਸੈਸ਼ਨ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਦੀ ਤਿਆਰੀ ਸਬੰਧੀ ਸ਼ੰਕਿਆਂ ਨੂੰ ਦੂਰ ਕਰਨ ਵਿਚ ਮਦਦ ਕਰੇਗਾ। ਭਾਗੀਦਾਰਾਂ ਨੂੰ ਵਿਆਪਕ ਮਾਰਗਦਰਸ਼ਨ ਪ੍ਰਾਪਤ ਹੋਵੇਗਾ, ਜਿਸ ਵਿਚ ਕਿਤਾਬਾਂ, ਸਿਖਲਾਈ ਸਮੱਗਰੀ ਅਤੇ ਇਨ੍ਹਾਂ ਪ੍ਰੀਖਿਆਵਾਂ ਲਈ ਜ਼ਰੂਰੀ ਸਰੀਰਕ ਮਾਪਦੰਡਾਂ ਬਾਰੇ ਵਿਸਥਾਰਤ ਜਾਣਕਾਰੀ ਸ਼ਾਮਿਲ ਹੈ। ਇਸ ਸਿਖਲਾਈ ਵਿਚ ਲਿਖਤੀ ਭਾਗ ਅਤੇ ਫਿਜ਼ੀਕਲ ਭਾਗ ਵੀ ਹੋਣਗੇ। ਇਸ ਸਿਖਲਾਈ ਦੌਰਾਨ ਸੇਵਾ ਨਿਭਾਅ ਰਹੇ ਅਧਿਕਾਰੀਆਂ ਨੂੰ ਵੀ ਉਮੀਦਵਾਰਾਂ ਨਾਲ ਆਪਣੇ ਤਜਰਬੇ ਸਾਂਝੇ ਕਰਨ ਲਈ ਬੁਲਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪਹਿਲੇ ਬੈਚ ਵਿਚ ਇਹ ਸਿਖਲਾਈ ਸ਼ਹੀਦ ਭਗਤ ਸਿੰਘ ਨਗਰ ਦੇ 35 ਨੌਜਵਾਨਾਂ ਨਾਲ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਸਿਖਲਾਈ ਨਾਮੀ  ਕੋਚਿੰਗ ਇੰਸਟੀਚਿਊਟ 'ਗਿਆਨਮ' ਦੁਆਰਾ ਦਿੱਤੀ ਜਾਵੇਗੀ ਜੋ ਉੱਤਰੀ ਭਾਰਤ ਦੀ ਸਰਬੋਤਮ ਕੋਚਿੰਗ ਸੰਸਥਾ ਹੈ। ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਜ਼ਿਲ੍ਹੇ ਵਿਚ ਜਲਦੀ ਹੀ ਬਾਰਾਦਰੀ ਬਾਗ ਵਿਖੇ ਇਕ ਪੂਰੀ ਤਰ੍ਹਾਂ ਏਅਰ-ਕੰਡੀਸ਼ਨਡ ਜ਼ਿਲ੍ਹਾ ਲਾਇਬ੍ਰੇਰੀ ਸ਼ੁਰੂ ਹੋਣ ਜਾ ਰਹੀ ਹੈ, ਜਿਸ ਵਿਚ ਮੁਫ਼ਤ ਵਾਈ-ਫਾਈ, ਅਖ਼ਬਾਰਾਂ ਅਤੇ ਨਵੀਆਂ ਮੁਕਾਬਲੇ ਦੇ ਇਮਤਿਹਾਨਾਂ ਨਾਲ ਸੰਬੰਧਿਤ ਕਿਤਾਬਾਂ ਆਦਿ ਵਰਗੀਆਂ ਆਧੁਨਿਕ ਸਹੂਲਤਾਂ ਮਿਲਣਗੀਆਂ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸ਼ਹੀਦ ਭਗਤ ਸਿੰਘ ਨਗਰ ਵਿਖੇ ਸਥਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਚ ਇਕ ਆਧੁਨਿਕ ਲਾਇਬ੍ਰੇਰੀ ਪਹਿਲਾਂ ਹੀ ਕਾਰਜਸ਼ੀਲ ਹੈ। ਉਨ੍ਹਾਂ ਕਿਹਾ ਕਿ ਉਮੀਦਵਾਰ ਇਨ੍ਹਾਂ ਦੋਵਾਂ ਲਾਇਬ੍ਰੇਰੀਆਂ ਦੀ ਵਰਤੋਂ ਕਰ ਸਕਦੇ ਹਨ ਅਤੇ ਪੜ੍ਹਨ ਲਈ ਕਿਤਾਬਾਂ ਪ੍ਰਾਪਤ ਕਰ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਉਮੀਦਵਾਰਾਂ ਵਿਚ ਭਟਕਾਅ ਦੇ ਮੁੱਦੇ 'ਤੇ ਵਿਸ਼ੇਸ਼ ਤੌਰ 'ਤੇ ਚਾਨਣਾ ਪਾਇਆ ਅਤੇ ਸਾਰਿਆਂ ਨੂੰ ਵਧੇਰੇ ਅਨੁਸ਼ਾਸਿਤ ਅਤੇ ਸਮੇਂ ਦੇ ਪਾਬੰਦ ਹੋਣ ਅਤੇ ਤਕਨਾਲੋਜੀ ਦੀ ਸਭ ਤੋਂ ਵਧੀਆ ਵਰਤੋਂ ਕਰਨ ਦੀ ਅਪੀਲ ਕੀਤੀ । ਇਸ ਮੌਕੇ ਐਸ.ਐਸ. ਪੀ ਡਾ. ਮਹਿਤਾਬ ਸਿੰਘ ਨੇ ਕਿਹਾ ਕਿ ਇਹ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀਆਂ ਗਈਆਂ ਸਰਬੋਤਮ ਪਹਿਲਕਦਮੀਆਂ ਵਿਚੋਂ ਇਕ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਉਮੀਦਵਾਰ ਉਨ੍ਹਾਂ ਕੋਲ ਬਹੁਤ ਸਾਰੀਆਂ ਪ੍ਰੀਖਿਆਵਾਂ ਅਤੇ ਰੈਲੀਆਂ ਦੇ ਮਾਪਦੰਡਾਂ ਬਾਰੇ ਪੁੱਛਣ ਲਈ ਆਉਂਦੇ ਹਨ। ਇਸ ਲਈ ਇਹ ਪਹਿਲਕਦਮੀ ਬਹੁਤ ਸਾਰੇ ਨੌਜਵਾਨਾਂ ਲਈ ਜੀਵਨ ਬਦਲਣ ਵਾਲਾ ਤਜ਼ਰਬਾ ਹੋਵੇਗੀ ਅਤੇ ਜ਼ਿਲ੍ਹੇ ਦੇ ਨੌਜਵਾਨਾਂ ਲਈ ਇਕ 'ਵਨ ਸਟਾਪ ਮਾਰਗਦਰਸ਼ਨ ਪਲੇਟਫਾਰਮ' ਅਤੇ ਚਾਹਵਾਨ ਨੌਜਵਾਨਾਂ ਲਈ ਮਿਸਾਲ ਸਾਬਿਤ ਹੋਵੇਗੀ । ਇਸ ਮੌਕੇ ਮਿਸ਼ਨ ਪ੍ਰਗਤੀ ਦੇ ਓਵਰਆਲ ਨੋਡਲ ਅਫਸਰ ਅਤੇ ਉੱਪ ਮੰਡਲ ਮੈਜਿਸਟ੍ਰੇਟ ਨਵਾਂਸ਼ਹਿਰ ਡਾ. ਅਕਸ਼ਿਤਾ ਗੁਪਤਾ, ਜ਼ਿਲ੍ਹਾ ਰੁਜ਼ਗਾਰ ਅਫਸਰ ਸੰਦੀਪ ਕੁਮਾਰ ਤੇ ਹੋਰ ਸ਼ਖ਼ਸੀਅਤਾਂ ਮੌਜੂਦ ਸਨ।