ਚੰਡੀਗੜ੍ਹ : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਸਨਮਾਨ ’ਚ ਰਾਜ ਭਵਨ ਵਿਖੇ ਰੱਖੇ ਗਏ ਸਮਾਗਮ ’ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਗ਼ੈਰ-ਹਾਜ਼ਰ ਰਹਿਣ ਨਾਲ ਸਰਕਾਰ ਤੇ ਰਾਜ ਭਵਨ ’ਚ ਸਿਆਸਤ ਮੁੜ ਗਰਮਾ ਗਈ ਹੈ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਦੀ ਗ਼ੈਰ-ਹਾਜ਼ਰੀ ਦਾ ਖ਼ਾਸ ਤੌਰ ’ਤੇ ਜ਼ਿਕਰ ਕੀਤਾ ਤੇ ਕਿਹਾ ਕਿ ਉਨ੍ਹਾਂ ਖ਼ੁਦ ਮੁੱਖ ਮੰਤਰੀ ਨੂੰ ਸੱਦਾ ਭੇਜਿਆ ਤੇ ਉਨ੍ਹਾਂ ਨਾਲ ਫੋਨ ’ਤੇ ਗੱਲ ਵੀ ਕੀਤੀ। ਰਾਜਪਾਲ ਨੇ ਕਿਹਾ ਕਿ ਉਨ੍ਹਾਂ ਸੱਦਾ ਸਵੀਕਾਰ ਕੀਤਾ ਤੇ ਆਉਣ ਲਈ ਹਾਮੀ ਵੀ ਭਰੀ। ਉਨ੍ਹਾਂ ਅਫ਼ਸੋਸ ਪ੍ਰਗਟਾਉਂਦੇ ਹੋਏ ਕਿਹਾ ਕਿ ਇਸ ਦੇ ਬਾਵਜੂਦ ਉਹ ਨਹੀਂ ਆਏ ਤੇ ਆਪਣਾ ਨੁਮਾਇੰਦਾ ਭੇਜ ਦਿੱਤਾ। ਉਨ੍ਹਾਂ ਦੇ ਆਪਣੇ ਰੁਝੇਵੇਂ ਹੋ ਸਕਦੇ ਹਨ ਪਰ ਰਾਸ਼ਟਰਪਤੀ ਦੇ ਦੌਰੇ ਦੌਰਾਨ ਉਨ੍ਹਾਂ ਦੀਆਂ ਕੁਝ ਸੰਵਿਧਾਨਕ ਜ਼ਿੰਮੇਵਾਰੀਆਂ ਵੀ ਬਣਦੀਆਂ ਹਨ ਜਿਹੜੀਆਂ ਉਨ੍ਹਾਂ ਨੂੰ ਨਿਭਾਉਣੀਆਂ ਚਾਹੀਦੀਆਂ ਹਨ। ਜ਼ਿਕਰਯੋਗ ਹੈ ਕਿ ਹਵਾਈ ਫ਼ੌਜ ਦਿਵਸ ਮੌਕੇ ਚੰਡੀਗੜ੍ਹ ’ਚ ਏਅਰ ਸ਼ੋਅ ਦੌਰਾਨ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਪਹਿਲੀ ਵਾਰੀ ਚੰਡੀਗੜ੍ਹ ਆਏ ਸਨ ਤੇ ਉਨ੍ਹਾਂ ਦੇ ਸਨਮਾਨ ’ਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸਨਮਾਨ ਸਮਾਗਮ ਰੱਖਿਆ ਸੀ ਜਿਸ ਵਿਚ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਆਏ। ਮੁੱਖ ਮੰਤਰੀ ਗੁਜਰਾਤ ਚੋਣਾਂ ’ਚ ਰੁੱਝੇ ਹਨ। ਉੱਧਰ, ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਨੇ ਵੀ ਮੁੱਖ ਮੰਤਰੀ ਵੱਲੋਂ ਪ੍ਰੋਟੋਕਾਲ ਦੀ ਉਲੰਘਣਾ ਨੂੰ ਲੈ ਕੇ ਉਨ੍ਹਾਂ ਦੀ ਆਲੋਚਨਾ ਕੀਤੀ। ਅਕਾਲੀ ਆਗੂ ਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਮੁੜ ਪੰਜਾਬੀਆਂ ਨੂੰ ਦੇਸ਼ ਭਰ ’ਚ ਸ਼ਰਮਸਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਜਪਾਲ ਨੇ ਵੀ ਉਨ੍ਹਾਂ ਦੀ ਗ਼ੈਰ-ਹਾਜ਼ਰੀ ਨੂੰ ਪੁਆਇੰਟ ਆਊਟ ਕੀਤਾ ਕਿ ਦੇਸ਼ ਦੇ ਰਾਸ਼ਟਰਪਤੀ ਇੱਥੇ ਆਏ ਹੋਏ ਹਨ ਤੇ ਮੁੱਖ ਮੰਤਰੀ ਨਹੀਂ ਆਏ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਛੱਡ ਕੇ ਗੁਜਰਾਤ ਦੀਆਂ ਚੋਣਾਂ ’ਚ ਲੱਗੇ ਹੋਏ ਹਨ। ਡਾ. ਚੀਮਾ ਨੇ ਕਿਹਾ ਕਿ ਅਹੁਦੇ ਦੇ ਨਾਲ ਵੱਡੀਆਂ ਜ਼ਿੰਮੇਵਾਰੀਆਂ ਵੀ ਹੁੰਦੀਆਂ ਹਨ ਜਿਨ੍ਹਾਂ ਦੀ ਉਲੰਘਣਾ ਨਹੀਂ ਕੀਤੀ ਜਾ ਸਕਦੀ। ਭਗਵੰਤ ਮਾਨ ਨੇ ਅੱਜ ਜਿਹੜਾ ਕੰਮ ਕੀਤਾ ਹੈ, ਉਸ ਨਾਲ ਪੰਜਾਬ ਦਾ ਸਿਰ ਸ਼ਰਮ ਨਾਲ ਝੁਕ ਗਿਆ ਹੈ। ਡਾ. ਚੀਮਾ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਤੁਹਾਨੂੰ ਆਪਣੀਆਂ ਜਿੰਮੇਵਾਰੀਆਂ ਪਛਾਣਨੀਆਂ ਚਾਹੀਦੀਆਂ ਹਨ, ਨਾ ਕਿ ਆਪਣੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਦੇ ਪਿੱਛੇ ਲੱਗ ਕੇ ਪ੍ਰੋਟੋਕਾਲ ਦੀ ਉਲੰਘਣਾ ਕਰਨੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਰਾਜਪਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਰਾਜ ਭਵਨ ’ਚ ਆਉਣ ਦਾ ਜਿਸ ਤਰ੍ਹਾਂ ਨਾਲ ਬੁਰਾ ਮਨਾਇਆ ਹੈ, ਉਸ ਨਾਲ ਪੰਜਾਬ ਸਰਕਾਰ ਤੇ ਰਾਜ ਭਵਨ ਵਿਚਾਲੇ ਪਿਛਲੇ ਮਹੀਨੇ ਬਣੀਆਂ ਹੋਈਆਂ ਦੂਰੀਆਂ ਮੁੜ ਉੱਭਰ ਆਈਆਂ ਹਨ। ਯਾਦ ਰਹੇ ਕਿ ਆਪ੍ਰੇਸ਼ਨ ਲੋਟਸ ਖ਼ਿਲਾਫ਼ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸ਼ੇਸ਼ ਇਜਲਾਸ ਬੁਲਾਉਣ ਦਾ ਐਲਾਨ ਕੀਤਾ ਸੀ। ਰਾਜਪਾਲ ਨੇ ਪਹਿਲਾਂ ਇਸ ਨੂੰ ਮਨਜ਼ੂਰੀ ਦੇ ਦਿੱਤੀ ਸੀ ਪਰ ਜਦੋਂ ਵਿਰੋਧੀ ਧਿਰ ਨੇ ਨਿਯਮਾਂ ਦਾ ਹਵਾਲਾ ਦਿੱਤਾ ਤਾਂ ਰਾਜਪਾਲ ਨੇ ਵਿਸ਼ੇਸ਼ ਇਜਲਾਸ ਨੂੰ ਰੱਦ ਕਰ ਦਿੱਤਾ। ‘ਆਪ’ ਸਰਕਾਰ ਦੇ ਮੰਤਰੀਆਂ ਨੇ ਇਸ ਦੀ ਤਿੱਖੀ ਆਲੋਚਨਾ ਕੀਤੀ ਤੇ ਸਰਕਾਰ ਨੇ ਨਿਯਮਤ ਇਜਲਾਸ ਬੁਲਾਉਣ ਦਾ ਐਲਾਨ ਕਰ ਦਿੱਤਾ। ਰਾਜਪਾਲ ਨੇ ਨਿਯਮਤ ਸੈਸ਼ਨ ਬੁਲਾਉਣ ਸਬੰਧੀ ਏਜੰਡਾ ਪੁੱਛ ਲਿਆ ਜਿਸ ਨੂੰ ਲੈ ਕੇ ਮੰਤਰੀਆਂ ਨੇ ਕਿਹਾ ਕਿ ਰਾਜਪਾਲ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਰਹੇ ਹਨ। ਰਾਜਪਾਲ ਨੇ ਸੰਵਿਧਾਨ ’ਚ ਰਾਜਪਾਲ ਦੀਆਂ ਸ਼ਕਤੀਆਂ ਦਾ ਹਵਾਲਾ ਦਿੱਤਾ ਤੇ ਕਿਹਾ ਕਿ ਰਾਜਪਾਲ ਏਜੰਡੇ ਬਾਰੇ ਪੁੱਛ ਸਕਦੇ ਹਨ। ਸਰਕਾਰ ਨੂੰ ਉਨ੍ਹਾਂ ਨੂੰ ਦੱਸਣਾ ਹੀ ਪਵੇਗਾ। ਖ਼ੈਰ, ਰਾਜਪਾਲ ਨੇ ਏਜੰਡਾ ਮਿਲਣ ’ਤੇ ਇਜਲਾਸ ਨੂੰ ਤਾਂ ਮਨਜ਼ੂਰੀ ਦੇ ਦਿੱਤੀ ਪਰ ਇਸ ਸਾਰੇ ਘਟਨਾਕ੍ਰਮ ਨਾਲ ਸਰਕਾਰ ਤੇ ਰਾਜ ਭਵਨ ’ਚ ਦੂਰੀਆਂ ਤੇ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਜਨਤਕ ਤੌਰ ’ਤੇ ਸਰਕਾਰ ਦੇ ਕੰਮ ਦੀ ਆਲੋਚਨਾ ਕੀਤੀ ਸੀ।