ਚੰਡੀਗੜ੍ਹ, 30 ਸਤੰਬਰ 2024 : ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਦੀ ਨਰਾਜ਼ਗੀ ਬਰਕਰਾਰ ਹੈ। ਅੱਜ ਪੰਜਾਬ ਭਾਜਪਾ ਦੇ ਇੰਚਾਰਜ ਵਿਜੇ ਰੁਪਾਨੀ ਵੱਲੋਂ ਪੰਚਾਇਤੀ ਚੋਣਾਂ ਨੂੰ ਲੈ ਕੇ ਮੀਟਿੰਗ ਬੁਲਾਈ ਸੀ, ਜਿਸ ਵਿੱਚ ਸੁਨੀਲ ਜਾਖੜ ਨਹੀਂ ਪਹੁੰਚ ਸਕੇ। ਦੱਸ ਦਈਏ ਕਿ, ਜਾਖੜ ਪਿਛਲੇ ਕਾਫੀ ਦਿਨਾਂ ਤੋਂ ਭਾਜਪਾ ਤੋਂ ਨਰਾਜ਼ ਚੱਲ ਰਹੇ ਹਨ। ਹਾਲਾਂਕਿ ਉਨ੍ਹਾਂ ਦੇ ਅਸਤੀਫ਼ੇ ਦੀਆਂ ਵੀ ਖ਼ਬਰਾਂ ਸਾਹਮਣੇ ਆ ਚੁੱਕੀਆਂ ਹਨ। ਜਾਖੜ ਦੇ ਅਸਤੀਫ਼ੇ ਤੇ ਸਮੂਹ ਭਾਜਪਾ ਲੀਡਰਸਿਪ ਦਾਅਵਾ ਕਰ ਚੁੱਕੀ ਹੈ ਕਿ, ਜਾਖੜ ਨੇ ਅਸਤੀਫ਼ਾ ਨਹੀਂ ਦਿੱਤਾ। ਹੁਣ ਸਵਾਲ ਇਹ ਹੈ ਕਿ, ਜੇਕਰ ਜਾਖੜ ਨੇ ਅਸਤੀਫ਼ਾ ਨਹੀਂ ਦਿੱਤਾ, ਉਹ ਭਾਜਪਾ ਤੋਂ ਨਰਾਜ਼ ਨਹੀਂ ਹਨ ਤਾਂ, ਫਿਰ ਵੀ ਉਹ ਭਾਰਤੀ ਜਨਤਾ ਪਾਰਟੀ ਦੀਆਂ ਸੂਬਾਈ ਮੀਟਿੰਗਾਂ ਵਿੱਚ ਕਿਉਂ ਨਹੀਂ ਪਹੁੰਚ ਰਹੇ। ਦੂਜੇ ਪਾਸੇ, ਪੰਜਾਬ ਭਾਜਪਾ ਦੇ ਇੰਚਾਰਜ ਵਿਜੇ ਰੁਪਾਨੀ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ, ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ। ਜਾਖੜ ਨੇ ਨਾ ਤਾਂ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਅਤੇ ਨਾ ਹੀ ਪਾਰਟੀ ਨੂੰ ਉਨ੍ਹਾਂ ਦਾ ਅਸਤੀਫਾ ਮਿਲਿਆ ਹੈ। ਸੁਨੀਲ ਜਾਖੜ ਆਪਣੇ ਨਿੱਜੀ ਕੰਮਾਂ ਕਾਰਨ ਦਿੱਲੀ ਵਿੱਚ ਮੌਜੂਦ ਹਨ। ਜਾਖੜ ਪੰਜਾਬ ਵਿੱਚ ਪਾਰਟੀ ਦੇ ਮੁਖੀ ਹਨ, ਉਹ ਭਾਜਪਾ ਦੀਆਂ ਆਉਣ ਵਾਲੀਆਂ ਮੀਟਿੰਗਾਂ ਵਿੱਚ ਜ਼ਰੂਰ ਸ਼ਾਮਲ ਹੋਣਗੇ।