ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਵੱਲੋਂ ਹਾਲ ਹੀ ਵਿੱਚ ਪਾਰਟੀ ਵਿੱਚ ਸ਼ਾਮਲ ਹੋਏ ਦਲ-ਬਦਲੂਆਂ ਨੂੰ ਕੇਂਦਰੀ ਸੁਰੱਖਿਆ ਮੁਹੱਈਆ ਕਰਵਾਉਣ 'ਤੇ ਚੁਟਕੀ ਲੈਂਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕਰਦੇ ਹੋਏ ਪੰਜ ਨੇਤਾਵਾਂ ਨੂੰ ਕੇਂਦਰੀ ਸੁਰੱਖਿਆ ਮਿਲਣ ਦੀਆਂ ਖ਼ਬਰਾਂ 'ਤੇ ਕਿਹਾ ਕਿ ਆਮ ਆਦਮੀ ਪਾਰਟੀ ਤੋਂ ਬਚਣ ਲਈ ਭਾਜਪਾ 'ਚ ਸ਼ਰਨ ਲੈਣ ਵਾਲੇ ਲੋਕਾਂ ਨੂੰ ਵਾਈ ਅਤੇ ਵਾਈ-ਪਲੱਸ ਸੁਰੱਖਿਆ ਕਵਰ ਰਾਹੀਂ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ ਭਾਜਪਾ ਸੱਚਮੁੱਚ ਇਹ ਸੋਚਦੀ ਹੈ ਕਿ ਕੁਝ ਕੁ ਦਲ-ਬਦਲੂਆਂ ਨੂੰ ਸੁਰੱਖਿਆ ਦੇ ਕੇ ਉਹ ਪੂਰੇ ਪੰਜਾਬ ਨੂੰ ਆਪਣੇ ਨਾਲ ਲਾ ਸਕਦੀ ਹੈ ਪਰ ਪੰਜਾਬ ਵਿੱਚ ਭਾਜਪਾ ਲਈ ਅਜਿਹੀਆਂ ਚਾਲਾਂ ਕੰਮ ਨਹੀਂ ਆਉਣਗੀਆਂ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਈ ਦਲ-ਬਦਲੂਆਂ ਅਤੇ ਬਾਹਰੀ ਲੋਕਾਂ ਦੇ ਭਾਜਪਾ 'ਚ ਸ਼ਾਮਲ ਹੋਣ ਕਾਰਨ ਆਪਣੇ ਹੀ ਨੇਤਾਵਾਂ 'ਚ ਅਸੰਤੁਸ਼ਟਤਾ ਦੇ ਮੱਦੇਨਜ਼ਰ ਪਾਰਟੀ (ਭਾਜਪਾ) ਹੁਣ ਇਨ੍ਹਾਂ ਨੂੰ ਕੁਝ ਸੁਰੱਖਿਆ ਮੁਲਾਜ਼ਮ ਮੁਹੱਈਆ ਕਰਵਾ ਕੇ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਕਿਉਂਕਿ ਇਹ ਇਨ੍ਹਾਂ ਨੂੰ ਹੋਰ ਕੁਝ ਨਹੀਂ ਦੇ ਸਕਦੀ।