15 ਸਾਲਾਂ ਆਰਿਆ ਜੈਨ ਨੇ ਭਾਰਤ ਦਾ ਨਾਂ ਕੀਤਾ ਰੌਸ਼ਨ, AWPC ਵਿੱਚ 3 ਸੋਨ ਤਮਗੇ ਜਿੱਤੇ

ਇੰਗਲੈਂਡ : ਇੰਗਲੈਂਡ ਵਿੱਚ 3 ਸੋਨ ਤਮਗੇ ਜਿੱਤ ਕੇ 15 ਸਾਲਾਂ ਆਰਿਆ ਜੈਨ ਨੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਆਰਿਆ ਡੀਪੀਐਸ ਬੈਂਗਲੁਰੂ-ਦੱਖਣੀ ਵਿੱਚ 10ਵੀਂ ਜਮਾਤ ਦੀ ਵਿਦਿਆਰਥਣ ਹੈ, ਜਿਸ ਨੇ ਇੰਗਲੈਂਡ ਦੇ ਮਾਨਚੈਸਟਰ ਵਿੱਚ ਹੋਈ AWPC ਵਿਸ਼ਵ ਪਾਵਰਲਿਫਟਿੰਗ ਚੈਂਪੀਅਨਸ਼ਿਪ ਵਿੱਚ 3 ਸੋਨ ਤਮਗੇ ਜਿੱਤੇ ਹਨ। ਆਰਿਆ ਜੈਨ ਨੇ ਕਿਸ਼ੋਰ ਵਰਗ ਵਿੱਚ ਹਿੱਸਾ ਲਿਆ ਅਤੇ ਅੰਡਰ-90 ਵਰਗ ਵਿੱਚ 262.5 ਕਿਲੋਗ੍ਰਾਮ ਭਾਰ ਚੁੱਕ ਕੇ ਜਿੱਤ ਦਰਜ ਕੀਤੀ। ਆਰਿਆ ਜੈਨ ਨੇ ਕਰਨਾਟਕ ਵਿੱਚ ਵੀ ਰਾਜ ਪੱਧਰੀ ਚੈਂਪੀਅਨਸ਼ਿਪ ਵਿੱਚ ਕਈ ਸੋਨ ਤਮਗੇ ਜਿੱਤੇ ਹਨ। ਇਸ ਵੱਡੀ ਪ੍ਰਾਪਤੀ ਬਾਰੇ ਬੋਲਦਿਆਂ ਆਰਿਆ ਨੇ ਕਿਹਾ ਕਿ ਅੰਡਰ-90 ਵਰਗ ਵਿੱਚ APWC ਪਾਵਰਲਿਫਟਿੰਗ ਚੈਂਪੀਅਨਸ਼ਿਪ ਵਿੱਚ ਤਿੰਨ ਸੋਨ ਤਗਮੇ ਜਿੱਤਣ ਦਾ ਪਲ ਇਹ ਮੇਰੇ ਲਈ ਮਾਣ ਵਾਲੀ ਗੱਲ ਹੈ। ਮੈਨੂੰ ਪਤਾ ਸੀ ਕਿ ਇਹ ਕੋਈ ਸੌਖਾ ਕੰਮ ਨਹੀਂ ਹੋਵੇਗਾ ਅਤੇ ਮੈਂ ਪਿਛਲੇ ਕੁਝ ਮਹੀਨਿਆਂ ਤੋਂ ਇਸ ਈਵੈਂਟ ਦੀ ਤਿਆਰੀ ਕਰ ਰਹੀ ਸੀ। ਉਸ ਨੇ ਕਿਹਾ ਕਿ ਮੁਕਾਬਲੇ ਲਈ ਮੇਰੀ ਯਾਤਰਾ ਸਥਾਨਕ ਅਤੇ ਰਾਜ-ਪੱਧਰੀ ਪਾਵਰਲਿਫਟਿੰਗ ਮੁਕਾਬਲਿਆਂ ਵਿੱਚ ਹਿੱਸਾ ਲੈਣ ਨਾਲ ਸ਼ੁਰੂ ਹੋਈ, ਜਿੱਥੇ ਮੈਂ ਕਈ ਸੋਨ ਤਗਮੇ ਜਿੱਤੇ। ਇਨ੍ਹਾਂ ਨੇ ਹੀ ਮੈਨੂੰ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਬਹੁਤ ਪ੍ਰੇਰਿਤ ਕੀਤਾ। ਮੈਂ ਆਪਣੇ ਕੋਚ, ਮਾਪਿਆਂ, ਅਧਿਆਪਕਾਂ ਅਤੇ ਦੋਸਤਾਂ ਤੋਂ ਮਿਲੇ ਜ਼ਬਰਦਸਤ ਸਮਰਥਨ ਲਈ ਧੰਨਵਾਦੀ ਹਾਂ। ਉਨ੍ਹਾਂ ਦੇ ਬਿਨਾਂ ਇਹ ਕਾਰਨਾਮਾ ਮੁਮਕਿਨ ਨਹੀਂ ਸੀ। ਇਸ ਪ੍ਰਾਪਤੀ ‘ਤੇ ਆਰਿਆ ਦੇ ਕੋਚ ਵਰਦ ਪਾਟਿਲ ਅਤੇ ਮੁਹੰਮਦ ਅਜ਼ਮਤ ਨੇ ਕਿਹਾ ਕਿ ਇੰਨੀ ਛੋਟੀ ਉਮਰ ਵਿੱਚ ਅੰਤਰਰਾਸ਼ਟਰੀ ਪੱਧਰ ‘ਤੇ 3 ਸੋਨ ਤਮਗੇ ਜਿੱਤਣਾ ਕੋਈ ਆਸਾਨ ਪ੍ਰਾਪਤੀ ਨਹੀਂ ਹੈ ਪਰ ਉਸ ਨੇ ਆਪਣੇ ਟੇਲੈਂਟ ਦੇ ਦਮ ‘ਤੇ ਇਹ ਕਰ ਵਿਖਾਇਆ। ਆਰਿਆ ਨੇ ਜੋ ਕੁਝ ਹਾਸਲ ਕੀਤਾ ਹੈ ਉਸ ਤੋਂ ਹੈਰਾਨਗੀ ਨਹੀਂ ਹੈ। ਪਿਛਲੇ ਕੁਝ ਮਹੀਨਿਆਂ ਤੋਂ ਉਸ ਦਾ ਪੂਰਾ ਧਿਆਨ ਇਸ ‘ਤੇ ਹੀ ਸੀ ਅਤੇ ਉਸ ਨੇ ਟ੍ਰੇਨਿੰਗ ਵਿੱਚ ਬਹੁਤ ਸਖ਼ਤ ਮਿਹਨਤ ਕੀਤੀ ਸੀ। ਉਹ ਆਉਣ ਵਾਲੇ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਦੋਵਾਂ ਪੜਾਵਾਂ ‘ਤੇ ਚੈਂਪੀਅਨਸ਼ਿਪ ਈਵੈਂਟਸ ਲਈ ਟ੍ਰੇਨਿੰਗ ਲੈ ਰਹੀ ਹੈ ਅਤੇ ਸਾਨੂੰ ਭਰੋਸਾ ਹੈ ਕਿ ਆਰਿਆ ਭਵਿੱਖ ਵਿੱਚ ਇਸ ਨੂੰ ਹੋਰ ਵੀ ਵੱਡਾ ਕਰਨ ਜਾ ਰਹੀ ਹੈ। ਦੱਸ ਦੇਈਏ ਕਿ AWPC ਪਾਵਰਲਿਫਟਿੰਗ ਚੈਂਪੀਅਨਸ਼ਿਪ ਵਿਸ਼ਵ ਪਾਵਰਲਿਫਟਿੰਗ ਕਾਂਗਰਸ ਦੀ ਅਗਵਾਈ ਹੇਠ ਆਯੋਜਿਤ ਕੀਤੀ ਜਾਂਦੀ ਹੈ। ਵਿਸ਼ਵ ਪਾਵਰਲਿਫਟਿੰਗ ਕਾਂਗਰਸ ਵਿੱਚ ਦੁਨੀਆ ਭਰ ਦੇ 46 ਦੇਸ਼ ਸ਼ਾਮਲ ਹੁੰਦੇ ਹਨ ਜੋ ਸਾਲਾਨਾ ਵਿਸ਼ਵ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਂਦੇ ਹਨ।