
- ਅਜਿਹਾ ਕੋਈ ਵਿਧਾਇਕ ਨਹੀਂ ਜਿਸਨੂੰ ਬੋਲਣ ਦਾ ਸਮਾਂ ਨਹੀਂ ਦਿੱਤਾ ਗਿਆ : ਸਪੀਕਰ
- ਪੰਜਾਬ ਵਿਧਾਨ ਸਭਾ ‘ਚ ਇੱਕ ਵਾਰ ਫਿਰ ਕੇਂਦਰ ਕੋਲ ਆਰਡੀਐਫ ਦਾ ਮੁੱਦਾ ਗੂੰਜਿਆ
ਚੰਡੀਗੜ੍ਹ, 24 ਮਾਰਚ 2025 : ਪੰਜਾਬ ਵਿਧਾਨ ਸਭਾ ‘ਚ ਬਜਟ 2024-25 ਸੈਸ਼ਨ ਦੇ ਦੂਜੇ ਦਿਨ ਦੀ ਸ਼ੁਰੂਆਤ ਜ਼ੀਰੋ ਆਵਰ ਨਾਲ ਹੋਈ ਹੈ। ਵਿਧਾਨ ਸਭਾ ‘ਚ ਪੰਜਾਬ ਦੇ ਵਿਧਾਇਕ ਆਪੋ-ਆਪਣੇ ਇਲਾਕਿਆਂ ਸੰਬੰਧੀ ਮੁੱਦੇ ਵਿਧਾਨ ਸਭਾ ‘ਚ ਚੁੱਕ ਰਹੇ ਹਨ। ਜਿਕਰਯੋਗ ਹੈ ਕਿ ਵਿਧਾਨ ਸਭਾ ਸੈਸ਼ਨ ਦੀ ਸ਼ੁਰੂਆਤ ਸ਼ੁੱਕਰਵਾਰ ਨੂੰ ਹੋਈ ਸੀ। ਇਸ ਦੌਰਾਨ ਸੂਬੇ ਦੇ ਮੁੱਖ ਮੁੱਦਿਆਂ ਅਤੇ ਵਿਧਾਨ ਸਭਾ ‘ਚ ਪਾਸ ਹੋਏ ਸਾਰੇ ਬਿੱਲਾਂ ‘ਤੇ ਚਰਚਾ ਕੀਤੀ ਜਾਵੇਗੀ। ਵਿਧਾਨ ਸਭਾ ਸੈਸ਼ਨ ਸ਼ੁੱਕਰਵਾਰ ਨੂੰ ਹੀ ਸ਼ੁਰੂ ਹੋ ਗਿਆ ਸੀ, ਮੁੱਖ ਮੰਤਰੀ ਨੂੰ ਉਸੇ ਦਿਨ ਰਾਜਪਾਲ ਨੇ ਸੱਦਾ ਦਿੱਤਾ ਸੀ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਮੁੱਖ ਮੰਤਰੀ ਵਿਚਕਾਰ ਸਬੰਧ ਬਹੁਤ ਚੰਗੇ ਰਹੇ ਹਨ। ਜਦੋਂ ਤੋਂ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਦੇ ਰਾਜਪਾਲ ਵਜੋਂ ਅਹੁਦਾ ਸੰਭਾਲਿਆ ਹੈ, ਉਨ੍ਹਾਂ ਨੇ ਪੰਜਾਬ ਸਰਕਾਰ ਦੁਆਰਾ ਪਾਸ ਕੀਤੇ ਜ਼ਿਆਦਾਤਰ ਬਜਟਾਂ ਨੂੰ ਪਹਿਲ ਦੇ ਆਧਾਰ ‘ਤੇ ਮਨਜ਼ੂਰੀ ਦਿੱਤੀ ਹੈ।
ਸਰਕਾਰ ਨੂੰ ਇੱਕ ਵ੍ਹਾਈਟ ਪੇਪਰ ਲਿਆਉਣਾ ਚਾਹੀਦਾ ਹੈ : ਵਿਰੋਧੀ ਧਿਰ
ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਸਦਨ ‘ਚ ਭਾਰੀ ਹੰਗਾਮਾ ਹੋਇਆ। ਸੀਨੀਅਰ ਕਾਂਗਰਸ ਆਗੂ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੀ ਸਰਕਾਰ ਨੇ ਤਿੰਨ ਸਾਲਾਂ ‘ਚ 52 ਹਜ਼ਾਰ ਜਣਿਆਂ ਨੂੰ ਨੌਕਰੀਆਂ ਦਿੱਤੀਆਂ ਹਨ। ਵਿਰੋਧੀ ਧਿਰ ਨੇ ਕਿਹਾ ਕਿ ਇਸ ਮੁੱਦੇ ‘ਤੇ ਵਿਧਾਨ ਸਭਾ ‘ਚ ਇੱਕ ਵ੍ਹਾਈਟ ਪੇਪਰ ਲਿਆਉਣਾ ਚਾਹੀਦਾ ਹੈ। ਪੰਜਾਬ ਕਾਂਗਰਸ ਨੇ ਮੰਗ ਕੀਤੀ ਹੈ ਕਿ ਜਿਨ੍ਹਾਂ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ, ਉਨ੍ਹਾਂ ਦੇ ਵਿਭਾਗਾਂ ਦੇ ਨਾਮ, ਪਤੇ ਅਤੇ ਪੂਰੇ ਵੇਰਵੇ ਜਨਤਕ ਕੀਤੇ ਜਾਣ। ਦੂਜੇ ਪਾਸੇ ਇਸ ਦੌਰਾਨ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਉਹ ਵੀ ਗੱਲ ਕਰਨਾ ਚਾਹੁੰਦੇ ਹਨ, ਪਰ ਉਨ੍ਹਾਂ ਨੂੰ ਸੈਸ਼ਨ ‘ਚ ਮੌਕਾ ਨਹੀਂ ਦਿੱਤਾ ਗਿਆ ਹੈ। ਸਪੀਕਰ ਨੇ ਕਿਹਾ ਕਿ ਅਜਿਹਾ ਕੋਈ ਵਿਧਾਇਕ ਨਹੀਂ ਜਿਸਨੂੰ ਬੋਲਣ ਦਾ ਸਮਾਂ ਨਹੀਂ ਦਿੱਤਾ ਗਿਆ। ਇਸਦੇ ਨਾਲ ਹੀ ਸਦਨ ਦੀ ਕਾਰਵਾਈ ਤੋਂ ਕਾਂਗਰਸ ਨੇ ਵਾਕਆਊਟ ਕਰ ਦਿੱਤਾ। ਹਾਲਾਂਕਿ, ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਾਰਵਾਈ ‘ਚ ਹਿੱਸਾ ਲਿਆ। ਪੰਜਾਬ ਵਿਧਾਨ ਸਭਾ ‘ਚ ਅੱਜ ਇੱਕ ਵਾਰ ਫਿਰ ਕੇਂਦਰ ਕੋਲ ਆਰਡੀਐਫ ਦਾ ਮੁੱਦਾ ਗੂੰਜਿਆ। ਜਦੋਂ ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਨੇ ਪੁੱਛਿਆ ਕਿ ਉਨ੍ਹਾਂ ਦੇ ਇਲਾਕੇ ਦੀਆਂ ਲਿੰਕ ਸੜਕਾਂ ਖਰਾਬ ਹੋ ਰਹੀਆਂ ਹਨ, ਇਸ ਤੋਂ ਇਲਾਵਾ ਕੁਝ ਸੜਕਾਂ ਦੀ ਹਾਲਤ ਵੀ ਮਾੜੀ ਹੈ। ਇਸ ‘ਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਨੇ ਕਿਹਾ ਕਿ ਆਰਡੀਐਫ ਦੀ ਰਕਮ ਪ੍ਰਾਪਤ ਨਹੀਂ ਹੋਈ ਹੈ। ਹੁਣ ਅਸੀਂ ਨਾਬਾਰਡ ਤੋਂ ਕਰਜ਼ਾ ਲੈ ਕੇ ਸੜਕ ਬਣਾਉਣ ਜਾ ਰਹੇ ਹਾਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਕੇਂਦਰ ਤੋਂ ਆਰਡੀਐਫ ਫੰਡ ਦਿਵਾ ਦੇਣ ਤਾਂ ਇਹ ਕੰਮ ਤੇਜ਼ ਹੋ ਜਾਵੇਗਾ। ਇਸ ‘ਤੇ ਵਿਧਾਇਕ ਨੇ ਕਿਹਾ ਕਿ ਉਹ ਹਰ ਸਮੇਂ ਤੁਹਾਡੇ ਨਾਲ ਚੱਲਣ ਲਈ ਤਿਆਰ ਹਨ। ਜਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ 21 ਮਾਰਚ ਨੂੰ ਸ਼ੁਰੂ ਹੋਇਆ ਸੀ। ਇਸ ਦੌਰਾਨ, ਵਿਰੋਧੀ ਪਾਰਟੀਆਂ ਕਿਸਾਨਾਂ ਅਤੇ ਕਰਨਲ ‘ਤੇ ਹਮਲੇ ਦੇ ਮੁੱਦੇ ਨੂੰ ਲੈ ਕੇ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਹਮਲਾਵਰ ਰਹੀਆਂ। ਕਾਂਗਰਸ ਨੇ ਪੰਜਾਬ ਰਾਜਪਾਲ ਦੇ ਭਾਸ਼ਣ ਦਾ ਬਾਈਕਾਟ ਕੀਤਾ ਸੀ।
ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ, ਪਰ ਅੱਜ ਤੱਕ ਲਾਗੂ ਨਹੀਂ ਹੋ ਸਕਿਆ : ਬਾਜਵਾ
ਪ੍ਰਤਾਪ ਸਿੰਘ ਬਾਜਵਾ ਨੇ ਮੁੱਦਾ ਚੁੱਕਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ, ਪਰ ਅੱਜ ਤੱਕ ਲਾਗੂ ਨਹੀਂ ਹੋ ਸਕਿਆ। ਪ੍ਰਤਾਪ ਸਿੰਘ ਬਾਜਵਾ ਨੇ ਬੋਲਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਸ ਨੋਟੀਫਿਕੇਸ਼ਨ ਨੂੰ ਜਾਰੀ ਹੋਏ ਕਰੀਬ ਡੇਢ ਸਾਲ ਬੀਤ ਚੁੱਕਿਆ ਹੈ, ਪ੍ਰੰਤੂ ਅੱਜ ਤੱਕ ਲਾਗੂ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਿੱਚ ਸਾਡੀ ਕਾਂਗਰਸ ਸਰਕਾਰਾਂ ਨੇ ਲਾਗੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਵੇਤਨ ਸਬੰਧੀ ਤਾਂ ਅਜੇ 12 ਫੀਸਦੀ ਦੇਣ ਦਾ ਕੋਈ ਪਤਾ ਨਹੀਂ ਹੈ।