ਆਪ ਕੱਟੜਵਾਦੀ ਅਪਰਾਧੀਆਂ ਨਾਲ ਰਲ ਕੇ ਆਪਣੇ ਸਿਆਸੀ ਵਿਰੋਧੀਆਂ ਨੂੰ ਖ਼ਤਮ ਕਰਨ ਲਈ ਸਰਗਰਮ : ਡਾ. ਦਲਜੀਤ ਸਿੰਘ ਚੀਮਾ

  • ਮਹੇਸ਼ ਇੰਦਰ ਸਿੰਘ ਗਰੇਵਾਲ ਤੇ ਡਾ. ਦਲਜੀਤ ਸਿੰਘ ਚੀਮਾ ਨੇ ਨਰਾਇਣ ਚੌੜਾ ਨੂੰ ਜ਼ਮਾਨਤ ਦੇਣ ਦੀ ਕੀਤੀ ਨਿਖੇਧੀ ਤੇ ਸਰਦਾਰ ਸੁਖਬੀਰ ਸਿੰਘ ਬਾਦਲ ’ਤੇ ਹੋਏ ਕਾਤਲਾਨਾ ਹਮਲੇ ਦੀ ਜਾਂਚ ਐਨ ਆਈ ਏ ਨੂੰ ਸੌਂਪਣ ਦੀ ਕੀਤੀ ਮੰਗ

ਚੰਡੀਗੜ੍ਹ, 27 ਮਾਰਚ 2025 : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ (ਆਪ) ’ਤੇ ਦੋਸ਼ ਲਗਾਇਆ ਕਿ ਉਹ ਆਪਣੇ ਸਿਆਸੀ ਵਿਰੋਧੀਆਂ ਨੂੰ ਖ਼ਤਮ ਕਰਨ ਵਾਸਤੇ ਕੱਟੜਵਾਦੀ ਅਪਰਾਧੀਆਂ ਨਾਲ ਰਲ ਕੇ ਕੰਮ ਕਰ ਰਹੀ ਹੈ ਤੇ ਕਿਹਾ ਕਿ ਇਸਨੇ 3 ਦਸੰਬਰ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ’ਤੇ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਕਾਤਲਾਨਾ ਹਮਲੇ ਦੀ ਜਾਣ ਬੁੱਝ ਕੇ ਢਿੱਲੀ ਜਾਂਚ ਕੀਤੀ ਹੈ ਤਾਂ ਜੋ ਹਮਲਾਵਰ ਨਰਾਇਣ ਚੌੜਾ ਨੂੰ ਜ਼ਮਾਨਤ ਮਿਲ ਸਕੇ। ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਅਕਾਲੀ ਆਗੂ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਤੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅੰਮ੍ਰਿਤਸਰ ਪੁਲਿਸ ਨੇ ਜਾਣ ਬੁੱਝ ਕੇ ਸ੍ਰੀ ਦਰਬਾਰ ਸਾਹਿਬ ਵਿਚ ਸਰਦਾਰ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੇ ਮਾਮਲੇ ਵਿਚ ਸਰਦਾਰ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਬਿਆਨ ਦਰਜ ਨਹੀਂ ਕੀਤਾ। ਉਹਨਾਂ ਕਿਹਾ ਕਿ ਪੁਲਿਸ ਨੇ ਆਰਮਜ਼ ਐਕਟ ਦੀ ਧਾਰਾ 39 ਤਹਿਤ ਪ੍ਰਵਾਨਗੀ ਵੀ ਨਹੀਂ ਮੰਗੀ। ਇਹਨਾਂ ਆਗੂਆਂ ਨੇ ਕਿਹਾ ਕਿ ਜਾਂਚ ਵਿਚ ਦੋਵਾਂ ਉਣਤਾਈਆਂ ਦੇ ਕਾਰਣ ਹੀ ਸਿਰਫ ਸਾਢੇ ਤਿੰਨ ਮਹੀਨਿਆਂ ਵਿਚ ਮੁਲਜ਼ਮ ਨਰਾਇਣ ਚੌੜਾ ਦੀ ਜ਼ਮਾਨਤ ਹੋ ਗਈ ਹੈ। ਸਰਦਾਰ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਜ਼ਮਾਨਤ ਦੇ ਹੁਕਮ ਨਾਲ ਅਸੰਤੁਸ਼ਟੀ ਜ਼ਾਹਰ ਕਰਦਿਆਂ ਕਿਹਾ ਕਿ ਮਾਣਯੋਗ ਜੱਜ ਨੂੰ ਮਾਮਲੇ ਦਾ ਆਪ ਨੋਟਿਸ ਲੈਣਾ ਚਾਹੀਦਾ ਸੀ ਕਿਉਂਕਿ ਸਾਰਾ ਮਾਮਲਾ ਲਾਈਵ ਕਵਰ ਹੋਇਆ ਸੀ ਤੇ ਇਹ ਜਨਤਕ ਤੌਰ ’ਤੇ ਉਪਲਬਧ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਨੂੰ ਪੰਜਾਬ ਪੁਲਿਸ ’ਤੇ ਵਿਸ਼ਵਾਸ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਕੇਸ ਕੌਮੀ ਜਾਂਚ ਏਜੰਸੀ (ਐਨ ਆਈ ਏ) ਕੋਲ ਤਬਦੀਲ ਕੀਤਾ ਜਾਵੇ ਤਾਂ ਜੋ ਇਸ ਕਾਰਵਾਈ ਪਿੱਛੇ ਸਾਜ਼ਿਸ਼ਕਾਰਾਂ ਨੂੰ ਬੇਨਕਾਬ ਕੀਤਾ ਜਾ ਸਕੇ। ਵੇਰਵੇ ਸਾਂਝੇ ਕਰਦਿਆਂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕੇਸ ਵਿਚ ਨਿਆਂਇਕ ਅਦਾਲਤ ਨੇ ਵੀ ਜ਼ਮਾਨਤ ਦਿੰਦਿਆਂ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਮਾਮਲੇ ਵਿਚ ਪੀੜਤ ਨੂੰ ਸੀ ਸੀ ਟੀ ਵੀ ਕੈਮਰੇ ਦੀ ਫੁਟੇਜ ਸਪਲਾਈ ਨਹੀਂ ਕੀਤੀ ਗਈ ਤੇ ਇਹ ਮੁਹਾਲੀ ਵਿਚ ਫੋਰੈਂਸਿੰਕ ਲੈਬਾਰਟਰੀ ਨੂੰ ਸੌਂਪੀ ਗਈ ਹੈ। ਉਹਨਾਂ ਕਿਹਾ ਕਿ ਅਦਾਲਤ ਵੀ ਅੰਮ੍ਰਿਤਸਰ ਪੁਲਿਸ ਵੱਲੋਂ ਪੀੜਤ ਦਾ ਬਿਆਨ ਦਰਜ ਨਾ ਕਰਨ ਤੇ ਆਰਮਜ਼ ਐਕਟ ਤਹਿਤ ਪ੍ਰਵਾਨਗੀ ਨਾ ਮੰਗਣ ਦੇ ਰਵੱਈਏ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਇਹਨਾਂ ਆਗੂਆਂ ਨੇ ਜ਼ੋਰ ਦੇ ਕੇ ਕਿਹਾ ਕਿ ਕੇਸ ਵਿਚ ਐਫ ਆਈ ਆਰ ਵਿਚ ਪੁਲਿਸ ਨੂੰ ਇਸ ਗੱਲ ਦਾ ਜ਼ਿਕਰ ਕਰਨਾ ਚਾਹੀਦਾ ਸੀ ਕਿ ਪੁਲਿਸ ਵੱਲੋਂ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਬਚਾਅ ਕਿਸਨੇ ਕੀਤਾ  ? ਉਹਨਾਂ ਮੰਗ ਕੀਤੀ ਕਿ ਅੰਮ੍ਰਿਤਸਰ ਦੇ ਐਸ ਪੀ ਸਮੇਤ ਸੀਨੀਅਰ ਪੁਲਿਸ ਅਫਸਰਾਂ ਜਿਹਨਾਂ ਨੇ ਨਰਾਇਣ ਚੌੜਾ ਦੀ ਆਵਾਜਾਈ ਲਈ ਸਹੂਲਤ ਪ੍ਰਦਾਨ ਕੀਤੀ ਦੀ ਭੂਮਿਕਾ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਆਪ ਸਰਕਾਰ ਉਹਨਾਂ ਕੱਟੜਵਾਦੀ ਤਾਕਤਾਂ ਨਾਲ ਨੇੜਤਾ ਨਾ ਨਿਭਾਵੇ ਜੋ ਸੂਬੇ ਵਿਚ ਸ਼ਾਂਤੀ ਤੇ ਆਪਸੀ ਭਾਈਚਾਰਕ ਸਾਂਝ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੀਆਂ ਹਨ।