ਸੂਰਮਿਆਂ ਦੀਆਂ ਧਰਤੀ ’ਤੇ ਨਸ਼ਿਆਂ ਦਾ ਕੋਈ ਕੰਮ ਨਹੀਂ : ਰਾਜਪਾਲ ਕਟਾਰੀਆ

  • ਪੰਜਾਬ ਦੀ ਧਰਤੀ ਤੋਂ ਨਸ਼ਿਆਂ ਨੂੰ ਖਤਮ ਕਰਨ ਲਈ ਸਰਕਾਰ ਦੀ ਮੁਹਿੰਮ ਨਾਲ ਸਮਾਜ ਦਾ ਸਹਿਯੋਗ ਵੀ ਲਾਜ਼ਮੀ
  • ਖਰੜ ਵਿਖੇ ਨਸ਼ਿਆਂ ਵਿਰੁੱਧ ਪੈਦਲ ਯਾਤਰਾ ਕਰ ਦਿੱਤਾ ਕੀਤੀ ਨਸ਼ਿਆਂ ਵਿਰੁੱਧ ਜਾਗਰੂਕਤਾ
  • ਖਰੜ ਵਿਖੇ ਇਤਿਹਾਸਕ ਅੱਜ ਸਰੋਵਰ ਦੇ ਕੀਤੇ ਦਰਸ਼ਨ
  • ਰਾਜਪਾਲ ਦੇ ਮਾਣ ਵਿੱਚ ਖਰੜ ਵਿਖੇ ਸ੍ਰੀ ਰਾਮ ਭਵਨ ਵਿਖੇ ਹੋਇਆ ਅਭਿਨੰਦਨ ਸਮਾਰੋਹ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 27 ਮਾਰਚ 2025 : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਇੱਥੇ ਨਸ਼ਿਆਂ ਵਿਰੁੱਧ ਪੈਦਲ ਯਾਤਰਾ ਦੀ ਅਗਵਾਈ ਕਰਦਿਆਂ ਆਖਿਆ ਕਿ ਸੂਰਮਿਆਂ ਦੀ ਧਰਤੀ ’ਤੇ ਨਸ਼ਿਆਂ ਦਾ ਕੋਈ ਕੰਮ ਨਹੀਂ। ਉਨ੍ਹਾਂ ਕਿਹਾ ਕਿ ਗੁਰੂਆਂ-ਪੈਗੰਬਰਾਂ ਅਤੇ ਬਾਹਰੀ ਹਮਲਿਆਂ ਦਾ ਮੂੰਹ ਤੋੜ ਜੁਆਬ ਦੇਣ ਵਾਲੇ ਬਹਾਦਰਾਂ ਅਤੇ ਵੀਰਾਂ ਦੀ ਧਰਤੀ ਤੋਂ ਨਸ਼ੇ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿੰਮ ’ਚ ਸਮਾਜ ਦਾ ਸਾਥ ਵੀ ਲਾਜ਼ਮੀ ਹੈ। ਅੱਜ ਖਰੜ ਦੇ ਸ੍ਰੀ ਰਾਮ ਭਵਨ ਤੋਂ ਨਸ਼ਿਆਂ ਵਿਰੁੱਧ ਪੈਦਲ ਯਾਤਰਾ ਦੀ ਅਗਵਾਨੀ ਕਰਦਿਆਂ ਉਨ੍ਹਾਂ ਆਖਿਆ ਕਿ ਪੰਜਾਬ ਦੀ ਧਰਤੀ ਧਰਮ ਅਤੇ ਸੰਸਕ੍ਰਿਤੀ ਦੀ ਰੱਖਿਆ ਦਾ ਪ੍ਰਤੀਕ ਹੈ। ਇੱਥੋਂ ਦੀ ਧਰਤੀ ਨੇ ਜ਼ੁਲਮ ਵਿਰੁੱਧ ਬਲੀਦਾਨ ਦਿੱਤੇ ਹਨ। ਉਨ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਸਰਹਿੰਦ ਵਿੱਚ ਧਰਮ ਦੀ ਰੱਖਿਆ ਖਾਤਰ ਦੀਵਾਰ ’ਚ ਚਿਣ ਕੇ ਸ਼ਹੀਦ ਕੀਤੇ ਗਏ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਵੱਲੋਂ ਕ੍ਰਮਵਾਰ 9 ਅਤੇ 7 ਸਾਲ ਦੀ ਉਮਰ ਵਿੱਚ ਜ਼ੁਲਮ ਦੀ ਇੰਤਹਾ ਵਿਰੁੱਧ ਦਿੱਤੇ ਸੁਨੇਹੇ ਨੂੰ ਯਾਦ ਕਰਦਿਆਂ ਕਿਹਾ ਕਿ ਅੱਜ ਵੀ ਜਦੋਂ ਉਸ ਥਾਂ ’ਤੇ ਜਾਈਏ ਤਾਂ ਅੱਖਾਂ ਨਮ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀ ਮਹਾਨ ਧਰਤੀ ’ਤੇ ਪੈਦਾ ਹੋਣ ਵਾਲੇ ਬਹਾਦਰ ਪੰਜਾਬੀਆਂ ਨੂੰ ਅੱਜ ਬਾਹਰੀ ਤਾਕਤਾਂ ਵੱਲੋਂ ਸਰੀਰਕ ਤੌਰ ’ਤੇ ਕਮਜ਼ੋਰ ਕਰਨ ਦੀ ਇਸ ਸਾਜਿਸ਼ ਦਾ ਸਾਨੂੰ ਡੱਟ ਕੇ ਵਿਰੋਧ ਕਰਨਾ ਚਾਹੀਦਾ ਹੈ ਅਤੇ ਪੰਜਾਬ ਦੀ ਧਰਤੀ ਤੋਂ ਨਸ਼ਿਆਂ ਨੂੰ ਜੜੋਂ ਪੁੱਟਣ ’ਚ ਸਰਕਾਰ ਵੱਲੋਂ ਆਰੰਭੀ ਲੜਾਈ ’ਚ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਪੰਜਾਬੀਆਂ ਨੂੰ ਮਹਾਨ ਵਿਰਸਾ ਯਾਦ ਕਰਵਾਉਂਦੇ ਹੋਏ ਕਿਹਾ ਕਿ ਸਰਹੱਦਾਂ ਦੀ ਰਾਖੀ ਕਰਨ ਦੇ ਨਾਲ-ਨਾਲ ਜਦੋਂ ਅਮਰੀਕਾ ਵੱਲੋਂ ਅਨਾਜ ਲਈ ਹੱਥ ਖਿੱਚ ਲਿਆ ਗਿਆ ਸੀ ਤਾਂ ਉਸ ਮੌਕੇ ਪੰਜਾਬ ਨੇ ਹੀ ਦੇਸ ਦੇ ਅਨਾਜ ਦੇ ਭੰਡਾਰ ਭਰੇ ਸਨ। ਇਸ ਲਈ ਹੁਣ ਜਦੋਂ ਪੰਜਾਬ ਅੱਗੇ ਨਸ਼ਿਆਂ ਦੀ ਚਣੌਤੀ ਬਣ ਖੜ੍ਹੀ ਹੈ ਤਾਂ ਸਾਨੂੰ ਫ਼ਿਰ ਤੋਂ ਇੱਕ ਵਾਰ ਜਨ ਅੰਦੋਲਨ ਦੇ ਰੂਪ ’ਚ ਇਸ ਦੇ ਖਾਤਮੇ ਲਈ ਉੱਠ ਖੜ੍ਹੇ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਇੱਕ ਮਹੀਨੇ ਤੋਂ ਆਰੰਭੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਸਾਰਥਿਕ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਹੁਣ ਪੰਜਾਬ ਦੇ ਹਰ ਜਾਗਰੂਕ ਨਾਗਰਿਕ ਲਈ ਮੌਕਾ ਹੈ ਕਿ ਉਹ ਇਸ ਲੜਾਈ ’ਚ ਸਰਕਾਰ ਦਾ ਸਾਥ ਦੇਵੇ ਅਤੇ ਪੰਜਾਬ ਦੀ ਧਰਤੀ ਨੂੰ ਨਸ਼ਾ ਮੁਕਤ ਬਣਾਵੇ। ਉੁਨ੍ਹਾਂ ਕਿਹਾ ਕਿ ਜਦੋਂ ਕਿਸੇ ਕਾਰਜ ਨੂੰ ਸਮਾਜਿਕ ਰੂਪ ’ਚ ਕੀਤਾ ਜਾਵੇ ਤਾਂ ਸਫ਼ਲਤਾ ਜ਼ਰੂਰ ਮਿਲਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਪੱਧਰ ’ਤੇ ਕੀਤੇ ਜਾ ਰਹੇ ਯਤਨਾਂ ਤਹਿਤ ਐਨ ਡੀ ਪੀ ਐਸ ਐਕਟ ਤਹਿਤ ਸਭ ਤੋਂ ਵੱਧ ਸਜ਼ਾ ਵੀ ਪੰਜਾਬ ’ਚ ਹੀ ਨੀਯਤ ਕੀਤੀ ਹੋਈ ਹੈ। ਇਸ ਨਸ਼ਿਆਂ ਵਿਰੁੱਧ ਪੈਦਲ ਯਾਤਰਾ ’ਚ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸੰਸਥਾਂਵਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਵਿਦਿਆਰਥੀ ਵੀ ਸ਼ਾਮਿਲ ਹੋਏ। ਉਪਰੰਤ ਸ੍ਰੀ ਰਾਮ ਭਵਨ ਵਿਖੇ ਸ੍ਰੀ ਰਾਮ ਮੰਦਰ ਅੱਜ ਸਰੋਵਰ ਵਿਕਾਸ ਸਮਿਤੀ ਵੱਲੋਂ ਕਰਵਾਏ ਗਏ ਅਭਿਨੰਦਨ ਸਮਾਰੋਹ ’ਚ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਦੇ ਸਨਮਾਨ ’ਚ ਲਲਿਤ ਕੁਮਾਰ, ਨਿਰਦੇਸ਼ਕ ਜਨ ਗਣਨਾ, ਪੰਜਾਬ ਤੇ ਹਰਿਆਣਾ, ਸਸ਼ੀ ਪਾਲ ਜੈਨ ਪ੍ਰਧਾਨ ਵਿਕਾਸ ਸਮਿਤੀ,ਸ. ਮਲਵਿੰਦਰ ਸਿੰਘ ਕੰਗ, ਮੈਂਬਰ ਲੋਕ ਸਭਾ ਸ੍ਰੀ ਆਨੰਦਪੁਰ ਸਾਹਿਬ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਸਾਬਕਾ ਐਮ ਪੀ, ਵਿਨੀਤ ਜੋਸ਼ੀ ਬੀ ਜੇ ਪੀ ਆਗੂ,  ਜਗਮੋਹਨ ਸਿੰਘ ਕੰਹ ਸਾਬਕਾ ਮੰਤਰੀ ਅਤੇ ਜਸਪ੍ਰੀਤ ਕੌਰ ਲੌਂਗੀਆ, ਪ੍ਰਧਾਨ ਨਗਰ ਕੌਂਸਲ ਖਰੜ ਨੇ ਆਪਣੇ ਵਿਚਾਰ ਰੱਖੇ ਅਤੇ ਉਨ੍ਹਾਂ ਦੀ ਸਖਸ਼ੀਅਤ ਅਤੇ ਲੰਬੇ ਸਿਆਸੀ ਅਤੇ ਸਮਾਜਿਕ ਪਿੜ ਬਾਰੇ ਦੱਸਿਆ। ਰਾਜਪਾਲ ਪੰਜਾਬ ਸ੍ਰੀ ਕਟਾਰੀਆ ਨੇ ਅਭਿਨੰਦਨ ਸਮਾਰੋਹ ਦੌਰਾਨ ਜਿੱਥੇ ਸ੍ਰੀ ਰਾਮ ਮੰਦਰ ਅੱਜ ਸਰੋਵਰ ਵਿਕਾਸ ਸਮਿਤੀ ਦੇ ਸੱਦੇ ’ਤੇ ਭਗਵਾਨ ਰਾਮ ਦੇ ਦਾਦਾ ਮਹਾਰਾਜਾ ਅੱਜ ਨਾਲ ਜੁੜੇ ਇਸ ਇਤਿਹਾਸਕ ਸਰੋਵਰ ਦੇ ਦਰਸ਼ਨਾਂ ਦਾ ਮੌਕਾ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਵਿਕਾਸ ਸਮਿਤੀ ਦੀ ਲੋਕਾਂ ਨੂੰ ਇਸ ਪਵਿੱਤਰ ਸਥਾਨ ਨਾਲ ਜੋੜਨ ਦੇ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ, ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਜੰਗ ’ਚ ਸਮਾਜਿਕ ਚੇਤਨਾ ਦੇ ਰੂਪ ’ਚ ਸਹਿਯੋਗ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸ਼ਹਿਰ ਦੇ ਪਤਵੰਤੇ ਲੋਕਾਂ ਸੁਦਰਸ਼ਨ ਵਰਮਾ, ਤਾਰਾ ਚੰਦ ਗੁਪਤਾ, ਅਮਨ ਕਾਂਸਲ, ਅਮ੍ਰਿਤ ਲਾਲ ਜੈਨ, ਜਸਪ੍ਰੀਤ ਕੌਰ ਲੌਂਗੀਆ, ਦਵਿੰਦਰ ਗੁਪਤਾ, ਜਸਪਾਲ ਧੀਮਾਨ, ਅਸ਼ੋਕ ਸ਼ਰਮਾ, ਐਮਐਸ ਸੰਧੂ, ਕੁਲਵੰਤ ਚੌਧਰੀ, ਜਤਿੰਦਰ ਅਰੋੜਾ, ਆਨੰਦ ਬਾਂਸਲ, ਨਿਤਿਨ ਗਰਗ, ਪ੍ਰਵੀਨ ਸ਼ਰਮਾ, ਜਤਿੰਦਰ ਗੁਪਤਾ ਤੇ ਕਮਲਜੀਤ ਟਿਵਾਣਾ ਤੋਂ ਇਲਾਵਾ ਪੀ ਏ ਯੂ ਲੁਧਿਆਣਾ ਦੇ ਵੀ ਸੀ ਸਤਬੀਰ ਸਿੰਘ ਗੋਸਲ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵੀ ਸੀ ਅਤੇ ਰਾਜਪਾਲ ਦੇ ਉੱਚ ਸਿਖਿਆ ਸਲਾਹਕਾਰ ਡਾ. ਜਸਪਾਲ ਸਿੰਘ ਸੰਧੂ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਆ ਗਿਆ। ਜ਼ਿਲ੍ਹਾ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ, ਐਸਐਸਪੀ ਦੀਪਕ ਪਾਰੀਕ, ਏਡੀਸੀ (ਯੂ ਡੀ) ਅਨਮੋਲ ਸਿੰਘ ਧਾਲੀਵਾਲ, ਐਸਡੀਐਮ ਖਰੜ ਗੁਰੰਮਦਰ ਸਿੰਘ, ਐਸਪੀ ਹਰਵੀਰ ਅਟਵਾਲ, ਮਨਪ੍ਰੀਤ ਸਿੰਘ ਤੇ ਐਨ ਐਸ ਮਾਹਲ ਵੀ ਮੌਜੂਦ ਸਨ।