ਚੰਡੀਗੜ੍ਹ, 5 ਅਗਸਤ 2024 : ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ, ਲੁਧਿਆਣਾ ਤੋਂ ਐਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੁਖਬੀਰ ਬਾਦਲ ਦੇ ਸਪੱਸ਼ਟੀਕਰਨ ਦੇ ਜਨਤਕ ਹੋਣ ਤੋਂ ਬਾਅਦ ਅਕਾਲੀ ਦਲ ਉੱਤੇ ਨਿਸ਼ਾਨਾ ਸਾਧਿਆ। ਰਾਜਾ ਵੜਿੰਗ ਨੇ ਕਿਹਾ ਕਿ ਅਕਾਲੀ ਦਲ ਬਾਦਲ ਖ਼ਤਮ ਹੋ ਜਾਵੇਗਾ ਤੇ ਨਵਾਂ ਬਾਦਲ ਸਾਹਮਣੇ ਆਵੇਗਾ। ਸ਼੍ਰੋਮਣੀ ਅਕਾਲੀ ਦਲ ਨੂੰ ਸੁਖਬੀਰ ਬਾਦਲ ਨੇ ਕੁਰਸੀ ਤੇ ਪਰਿਵਾਰਵਾਦ ਖਾਤਿਰ ਪਾਰਟੀ ਨੂੰ ਖੇਰੂੰ-ਖੇਰੂੰ ਕਰ ਦਿੱਤਾ। ਜਿਹੜੇ ਅਕਾਲੀ ਦਲ ਦੇ ਆਗੂ ਮਿੰਨਤਾ ਕਰਕੇ ਵਾਪਿਸ ਲੈ ਕੇ ਆਏ ਸੀ, ਹੁਣ ਫਿਰ ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਫਾਰਗ ਕਰ ਦਿੱਤੇ। ਪਾਰਟੀ ਵਿੱਚ ਗਿਣ ਕੇ 2 ਜਣੇ ਰਹਿ ਗਏ ਹਨ। ਰਾਜਾ ਵੜਿੰਗ ਨੇ ਕਿਹਾ ਕਿ ਸੁਖਬੀਰ ਬਾਦਲ ਦੇ ਵੱਲੋਂ ਪਾਰਟੀ ਦੇ ਸੀਨੀਅਰ ਲੀਡਰਾਂ ਨੂੰ ਪਾਰਟੀ ਵਿੱਚੋਂ ਬਾਹਰ ਕੱਢ ਕੇ ਅਕਾਲੀ ਦਲ ਦੀ ਹੋਂਦ ਨੂੰ ਖਤਰੇ ਵਿੱਚ ਪਾ ਦਿੱਤਾ ਹੈ। ਰਾਜਾ ਵੜਿੰਗ ਨੇ ਕਿਹਾ ਕਿ ਸੁਖਬੀਰ ਬਾਦਲ ਕਿਸੇ ਦੀ ਸੁਣਦੇ ਨਹੀਂ ਅਤੇ ਆਪਣੀ ਮਰਜ਼ੀ ਕਰਦੇ ਹਨ। ਵਡਿੰਗ ਨੇ ਕਿਹਾ ਕਿ ਜੇਕਰ ਅਕਾਲੀ ਦਲ ਨੂੰ ਬਚਾਉਣਾ ਹੈ ਤਾਂ ਸੁਖਬੀਰ ਨੂੰ ਪਾਸੇ ਆਉਣਾ ਪਵੇਗਾ। ਦੱਸ ਦਈਏ ਕਿ ਇਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਆਪਣੇ ਸਪਸ਼ਟੀਕਰਨ ਵਿੱਚ ਲਿਖਿਆ ਸੀ ਕਿ 24 ਸਤੰਬਰ 2015 ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਤ ਸਿੰਘ ਸਾਹਿਬਾਨਾਂ ਦੀ ਹੋਈ ਇਕੱਤਰਤਾ ਵਿੱਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਮਾਮਲੇ ਵਿੱਚ ਗੁਰਮਤਾ ਕੀਤਾ ਗਿਆ ਸੀ। ਇਸ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਅਵਤਾਰ ਸਿੰਘ ਦੇ ਹੁਕਮ ਉੱਤੇ ਹੀ ਮੁੱਖ ਸਕੱਤਰ ਹਰਚਰਨ ਸਿੰਘ ਵੱਲੋਂ ਇਸ਼ਤਿਹਾਰ ਜਾਰੀ ਕੀਤੇ ਗਏ ਸੀ। ਜਦਕਿ ਦੂਜੇ ਪਾਸੇ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਸਪੱਸ਼ਟੀਕਰਨ ਵਿੱਚ ਕਿਹਾ ਹੈ ਕਿ ਅਕਾਲੀ ਦਲ ਦੇ ਕੁਝ ਲੀਡਰਾਂ ਵੱਲੋਂ ਮਾਫੀਨਾਮਾ ਪੱਤਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸੌਂਪਿਆ ਗਿਆ ਸੀ, ਜੋ ਵੀ ਸਾਡੇ ਖਿਲਾਫ ਲਿਖ ਕੇ ਉਨ੍ਹਾਂ ਨੇ ਦਿੱਤਾ ਸੀ ਬਸ ਉਨ੍ਹਾਂ ਸਭ ਨੂੰ ਆਪਣੇ ਝੋਲੀ ਪਾਉਂਦੇ ਹਨ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜੋ ਵੀ ਫੈਸਲਾ ਦਿੱਤਾ ਜਾਵੇਗਾ ਉਹ ਉਨ੍ਹਾਂ ਨੂੰ (ਸੁਖਬੀਰ ਬਾਦਲ) ਨੂੰ ਪ੍ਰਵਾਨ ਹੋਵੇਗਾ।