ਜਗਰਾਓ, 1 ਅਕਤੂਬਰ 2024 : ਲੁਧਿਆਣਾ ਜ਼ਿਲ੍ਹੇ ਤੋਂ ਇੱਕ ਸ਼ਰਮਨਾਕ ਖ਼ਬਰ ਸਾਹਮਣੇ ਆਈ ਹੈ। ਲੁਧਿਆਣਾ ਦੇ ਥਾਣਾ ਵਿੱਚ ਇੱਕ ਮਹਿਲਾ ਕਾਂਸਟੇਬਲ ਨਾਲ ਐਸਐਚਓ ਵੱਲੋਂ ਬਲਾਤਕਾਰ ਕੀਤਾ ਗਿਆ ਹੈ। ਐੱਸਐੱਚਓ ਦਾ ਨਾਂ ਕੁਲਵਿੰਦਰ ਸਿੰਘ ਧਾਲੀਵਾਲ ਦੱਸਿਆ ਜਾ ਰਿਹਾ ਹੈ ਜੋ ਕਿ ਮਾਡਲ ਥਾਣਾ ਦਾਖਾ ਵਿਖੇ ਤਾਇਨਾਤ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਕਾਂਸਟੇਬਲ ਨੂੰ ਵੀਡੀਓ ਬਣਾ ਕੇ ਬਲੈਕਮੇਲ ਕਰ ਰਿਹਾ ਸੀ ਅਤੇ ਕਈ ਸਾਲਾਂ ਤੋਂ ਉਸ ਨਾਲ ਜ਼ਬਰਦਸਤੀ ਕਰਦਾ ਰਿਹਾ। ਪੀੜਤਾ ਨੇ ਦੋਸ਼ੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਸਟੇਟ ਕ੍ਰਾਈਮ ਬ੍ਰਾਂਚ ਮੋਹਾਲੀ ਨੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਕੁਲਵਿੰਦਰ ਸਿੰਘ ਧਾਲੀਵਾਲ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਜਾਣਕਾਰੀ ਦਿੰਦੇ ਹੋਏ ਪੀੜਤਾ ਨੇ ਦੱਸਿਆ ਕਿ ਮੇਰੇ ਨਾਲ ਜਬਰ ਜਨਾਹ ਕਰਦੇ ਹੋਏ ਦੋਸ਼ੀ ਨੇ ਦੂਜੇ ਮੋਬਾਇਲ 'ਤੇ ਵੀਡੀਓ ਬਣਾ ਲਈ ਅਤੇ ਮੈਨੂੰ ਧਮਕੀਆਂ ਦਿੰਦੇ ਹੋਏ ਕਿਹਾ ਕਿ ਜੇਕਰ ਮੈਂ ਇਸ ਸਬੰਧੀ ਕਿਸੇ ਨਾਲ ਗੱਲ ਕੀਤੀ ਤਾਂ ਉਹ ਇਸ ਵੀਡੀਓ ਨੂੰ ਇੰਟਰਨੈੱਟ 'ਤੇ ਵਾਇਰਲ ਕਰ ਦੇਵੇਗਾ। ਘਟਨਾ ਦੀ ਐਸਐਸਪੀ ਨਵਨੀਤ ਸਿੰਘ ਬੈਂਸ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਐਸਐਚਓ ਕੁਲਵਿੰਦਰ ਸਿੰਘ ਮੁੱਲਾਂਪੁਰ ਦਾਖਾ ਥਾਣੇ ਵਿਚ ਤਾਇਨਾਤ ਹੈ। ਉਸ ਖ਼ਿਲਾਫ਼ ਮਾਮਲਾ ਮੁਹਾਲੀ ਵਿੱਚ ਦਰਜ ਕੀਤਾ ਗਿਆ, ਜਿੱਥੇ ਉਸ ਨੇ ਮਹਿਲਾ ਕਾਂਸਟੇਬਲ ਨਾਲ ਜਬਰ ਜਨਾਹ ਕੀਤਾ ਸੀ। ਵਾਰਦਾਤ ਤੋਂ ਬਾਅਦ ਤੋਂ ਹੀ ਐਸਐਚਓ ਫਰਾਰ ਹੈ। ਪੁਲਿਸ ਉਸ ਦੀ ਗ੍ਰਿਫ਼ਤਾਰੀ ਦੇ ਲਈ ਛਾਪੇ ਮਾਰ ਰਹੀ ਹੈ।