ਸਰਕਾਰ ਨੇ ਕਿਸਾਨਾਂ ਵਾਸਤੇ ਕਰਫਿਊ ਵਰਗਾ ਮਾਹੌਲ ਬਣਾਇਆ, ਕੇਜਰੀਵਾਲ ਲਈ ਲਾਲ ਗਲੀਚਾ ਵਿਛਾਇਆ : ਡਾ.  ਚੀਮਾ

ਚੰਡੀਗੜ੍ਹ, 05 ਮਾਰਚ 2025 : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਕਿਸਾਨਾਂ ਵਾਸਤੇ ਕਰਫਿਊ ਵਰਗਾ ਮਾਹੌਲ ਬਣਾ ਰੱਖਿਆ ਹੈ ਜਦੋਂ ਕਿ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਹੁਸ਼ਿਆਰਪੁਰ ਵਿਚ ਵਿਪਾਸਨਾ ਕੈਂਪ ਵਿਚ ਆਉਣ ਵਾਸਤੇ ਸਿਰਫ ਲਾਲ ਗਲੀਚਾ ਹੀ ਨਹੀਂ ਵਿਛਾਇਆ ਗਿਆ ਬਲਕਿ ਉਹਨਾਂ ਦੀ ਸੁਰੱਖਿਆ ਲਈ 100 ਵਾਹਨਾਂ ਦਾ ਕਾਫਲਾ ਵੀ ਤਾਇਨਾਤ ਕੀਤਾ ਗਿਆ ਹੈ। ਇੱਥੇ ਇਕ ਪ੍ਰੈਸ ਕਾਨਫਰੰਸ ਵਿਚ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਉਹ ਅਜਿਹੇ ਹਾਲਾਤਾਂ ਨੂੰ ਸਪਸ਼ਟ ਕਰਨ ਕਿ ਅਜਿਹੇ ਕਿਉਂ ਹੋ ਰਿਹਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦੱਸਣ ਕਿ ਕੇਜਰੀਵਾਲ ਦਾ ਰਾਜਾਂ ਦੇ ਮੁਖੀਆਂ ਵਾਸਤੇ ਹੁੰਦੇ ਸਵਾਗਤ ਵਰਗਾ ਸਵਾਗਤ ਕਿਉਂ ਕੀਤਾ ਜਾ ਰਿਹਾ ਹੈ, ਜਦੋਂ ਕਿ ਉਹਨਾਂ ਨੂੰ ਨਾ ਤਾਂ ਕੋਈ ਸੰਵਿਧਾਨਕ ਰੁਤਬਾ ਹੈ ਤੇ ਨਾ ਹੀ ਪੰਜਾਬ ਨਾਲ ਉਹਨਾਂ ਦਾ ਕੋਈ ਲੈਣ ਦੇਣ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬੀਆਂ ਨੂੰ ਦੱਸਣ ਕਿ ਉਹਨਾਂ ਨੇ ਕਿਸਾਨ ਆਗੂਆਂ ਨੂੰ ਗੱਲਬਾਤ ਲਈ ਕਿਉਂ ਸੱਦਿਆ ਤੇ ਜਦੋਂ ਕਿਸਾਨਾਂ ਨੇ ਉਹਨਾਂ ਨੂੰ ਉਹਨਾਂ ਤੇ ਕੇਜਰੀਵਾਲ ਵੱਲੋਂ ਕਿਸਾਨਾਂ ਨਾਲ ਕੀਤੇ ਵਾਅਦੇ ਚੇਤੇ ਕਰਵਾਏ ਤਾਂ ਫਿਰ ਭਗਵੰਤ ਮਾਨ ਨੇ ਮੀਟਿੰਗ ਵਿਚੋਂ ਹਫੜਾ ਦਫੜੀ ਵਿਚ ਨਿਕਲ ਕੇ ਕਿਸਾਨ ਦਾ ਅਪਮਾਨ ਕਿਉਂ ਕੀਤਾ। ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿਚ ਕਿਸਾਨਾਂ ਦੇ ਹੱਕਾਂ ’ਤੇ ਡਾਕਾ ਮਾਰਿਆ ਜਾ ਰਿਹਾ ਹੈ ਜਦੋਂ ਕਿ ਰਾਜਸਥਾਨ ਵਰਗੇ ਰਾਜ ਨੇ ਕਣਕ ਦੇ ਆਉਂਦੇ ਸੀਜ਼ਨ ਵਾਸਤੇ 150 ਰੁਪਏ ਪ੍ਰਤੀ ਕੁਇੰਟਲ ਦੇ ਬੋਨਸ ਦਾ ਐਲਾਨ ਕੀਤਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਤਾਂ ਮੂੰਗੀ ਅਤੇ ਮੱਕੀ ਦੀ ਫਸਲ ਵਾਸਤੇ ਐਮ ਐਸ ਪੀ ਦਾ ਵਾਅਦਾ ਵੀ ਨਹੀਂ ਕੀਤਾ ਜਾ ਰਿਹਾ ਅਤੇ ਉਹਨਾਂ ਨੂੰ ਵਾਰ-ਵਾਰ ਹੋਏ ਫਸਲੀ ਨੁਕਸਾਨ ਦਾ ਵੀ ਕੋਈ ਮੁਆਵਜ਼ਾ ਨਹੀਂ ਮਿਲਿਆ। ਉਹਨਾਂ ਨੇ ਮੁੱਖ ਮੰਤਰੀ ਵੱਲੋਂ ਭ੍ਰਿਸ਼ਟਾਚਾਰ ਤੇ ਨਸ਼ਿਆਂ ਖਿਲਾਫ ਨਕਲੀ ਮੁਹਿੰਮ ਵਿੱਢ ਕੇ ਕਿਸਾਨਾਂ ਦੀਆਂ ਮੰਗਾਂ ਤੋਂ ਧਿਆਨ ਪਾਸੇ ਕਰਨ ਦਾ ਯਤਨ ਕਰਨ ਦੀ ਵੀ ਨਿਖੇਧੀ ਕੀਤੀ। ਉਹਨਾਂਕਿਹਾ ਕਿ ਸੱਚਾਈ ਇਹ ਹੈ ਕਿ ਆਪ ਸਰਕਾਰ ਦੇ ਰਾਜ ਵਿਚ ਭ੍ਰਿਸ਼ਟਾਚਾਰ ਨੂੰ ਸੰਸਥਾਗਤ ਰੂਪ ਮਿਲਿਆ ਹੈ ਜਦੋਂ ਕਿ ਸੂਬੇ ਵਿਚ ਸਿਆਸੀ ਗੰਢਤੁੱਪ ਕਾਰਣ ਨਸ਼ਿਆਂ ਦੇ ਵਪਾਰ ਵਿਚ ਚੋਖਾ ਵਾਧਾ ਹੋਇਆ ਹੈ ਅਤੇ ਓਵਰਡੋਜ਼ ਨਾਲ ਮੌਤਾਂ ਵਧੀਆਂ ਹਨ। ਡਾ. ਚੀਮਾ ਨੇ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਦੀ ਮੈਂਬਰਸ਼ਿਪ ਭਰਤੀ ਮੁਹਿੰਮ ਪੂਰੀ ਹੋਣ ਨੇੜੇ ਹੈ ਅਤੇ ਅਕਾਲੀ ਦਲ ਨੂੰ 20 ਲੱਖ ਮੈਂਬਰਸ਼ਿਪ ਪਰਚੀਆਂ ਵਾਪਸ ਮਿਲ ਗਈਆਂ ਹਨ ਤੇ 10 ਲੱਖ ਹੋਰ ਅਗਲੇ ਕੁਝ ਦਿਨਾਂ ਵਿਚ ਮਿਲ ਜਾਣਗੀਆਂ। ਉਹਨਾਂ ਨੇ ਜ਼ਮੀਨੀ ਪੱਧਰ ’ਤੇ ਭਰਤੀ ਮੁਹਿੰਮ ਨੂੰ ਪੂਰੀ ਮਿਹਨਤ ਨਾਲ ਚਲਾਉਣ ਵਾਸਤੇ ਪਾਰਟੀ ਦੇ ਸਾਰੇ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ। ਉਹਨਾਂ ਇਹ ਵੀ ਐਲਾਨ ਕੀਤਾ ਕਿ ਪਾਰਟੀ ਦੇ ਆਬਜ਼ਰਵਰਾਂ ਦੀ ਪਾਰਟੀ ਦੇ ਪਾਰਲੀਮਾਨੀ ਬੋਰਡ ਨਾਲ ਮੀਟਿੰਗ 10 ਮਾਰਚ ਨੂੰ ਹੋਵੇਗੀ ਜਿਸ ਵਿਚ ਡੈਲੀਗੇਟਾਂ ਦੀ ਚੋਣ ਕੀਤੀ ਜਾਵੇਗੀ ਤੇ ਇਸ ਉਪਰੰਤ ਪਾਰਟੀ ਦੇ ਸਾਰੇ ਜਥੇਬੰਦਕ ਢਾਂਚੇ ਦੀ ਚੋਣ ਦੀ ਪ੍ਰਕਿਰਿਆ ਆਰੰਭੀ ਜਾਵੇਗੀ। ਇਕ ਸਵਾਲ ਦੇ ਜਵਾਬ ਵਿਚ ਡਾ. ਚੀਮਾ ਨੇ ਸਪਸ਼ਟ ਕੀਤਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਨਿਗਰਾਨ ਕਮੇਟੀ ਨੂੰ ਅਕਾਲੀ ਦਲ ਨੇ ਪੂਰਨ ਸਹਿਯੋਗ ਦਿੱਤਾ ਪਰ ਕਮੇਟੀ ਦੇ ਕੁਝ ਮੈਂਬਰਾਂ ਦਾ ਆਪਣਾ ਹੀ ਏਜੰਡਾ ਹੈ ਤੇ ਉਹ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਕੰਮ ਕਰ ਰਹੇ ਹਨ। ਉਹਨਾਂ ਕਿਹਾ ਕਿ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਨਿਗਰਾਨ ਕਮੇਟੀ ਦੇ ਮੈਂਬਰਾਂ ਨੂੰ ਪਾਰਟੀ ਦਫਤਰ ਵਿਚ ਸੱਦਿਆ ਸੀ ਪਰ ਉਹਨਾਂ ਨੇ ਇਹ ਸੱਦਾ ਠੁਕਰਾ ਦਿੱਤਾ। ਉਹਨਾਂ ਕਿਹਾ ਕਿ ਉਹਨਾਂ ਨੂੰ ਇਹ ਵੀ ਆਖਿਆ ਗਿਆ ਸੀ ਕਿ ਉਹ ਆਪਣੀ ਲੋੜ ਮੁਤਾਬਕ ਭਰਤੀ ਪਰਚੀਆਂ ਲਿਜਾ ਸਕਦੇ ਹਨ ਪਰ ਉਹਨਾਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਉਹਨਾਂ ਕਿਹਾ ਕਿ ਕੁਝ ਮੈਂਬਰ ਕਮੇਟੀ ਦੇ ਕੋਆਰਡੀਨੇਟਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ’ਤੇ ਨਿਰੰਤਰ ਨਜਾਇਜ਼ ਦਬਾਅ ਬਣਾ ਰਹੇ ਹਨ ਜਿਸ ਕਾਰਦ ਉਹਨਾਂ ਨੇ ਅਤੇ ਬਜ਼ੁਰਗ ਅਕਾਲੀ ਆਗੂ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕਮੇਟੀ ਮੈਂਬਰਾਂ ਵਜੋਂ ਅਸਤੀਫਾ ਦੇ ਦਿੱਤਾ। ਅਕਾਲੀ ਆਗੂ ਨੇ ਸਪਸ਼ਟ ਕੀਤਾ ਕਿ ਸਿਰਫ ਪਾਰਟੀ ਦੀ ਵਰਕਿੰਗ ਕਮੇਟੀ ਹੀ ਭਰਤੀ ਬਾਰੇ ਫੈਸਲਾ ਲੈਣ ਦਾ ਅਧਿਕਾਰ ਰੱਖਦੀ ਹੈ। ਉਹਨਾਂ ਕਿਹਾ ਕਿ ਜੇਕਰ ਕਮੇਟੀ ਦੇ ਪੰਜ ਮੈਂਬਰ ਕਿਸੇ ਨਵੀਂ ਪਾਰਟੀ ਵਾਸਤੇ ਮੈਂਬਰ ਭਰਤੀ ਕਰਨਾ ਚਾਹੁੰਦੇ ਹਨ ਤਾਂ ਉਹਨਾਂ ਦਾ ਸਵਾਗਤ ਹੈ ਪਰ ਉਹ ਅਕਾਲੀ ਦਲ ਜੋ ਕਿ ਮਾਨਤਾ ਪ੍ਰਾਪਤ ਪਾਰਟੀ ਹੈ, ਲਈ ਕਿਸੇ ਕਿਸਮ ਦੀ ਭਰਤੀ ਨਹੀਂ ਕਰ ਸਕਦੇ। ਡਾ. ਚੀਮਾ ਨੇ ਕਿਹਾ ਕਿ ਅਜਿਹੇ ਮੈਂਬਰਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਂ ’ਤੇ ਲੋਕਾਂ ਨੂੰ ਗੁੰਮਰਾਹ ਨਹੀਂ ਕਰਨਾ ਚਾਹੀਦਾ। ਡਾ. ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਸਿਰਫ ਪਾਰਟੀ ਕੋਲ ਹੀ ਮੈਂਬਰਸ਼ਿਪ ਪਰਚੀਆਂ ਛਪਵਾਉਣ ਦਾ ਅਧਿਕਾਰ ਹੈ। ਇਸੇ ਤਰੀਕੇ ਸਿਰਫ ਪਾਰਟੀ ਕੋਲ ਹੀ ਮੈਂਬਰਸ਼ਿਪ ਫੀਸ ਲੈਣ ਦਾ ਅਧਿਕਾਰ ਹੈ ਤੇ ਇਹ ਮੈਂਬਰਸ਼ਿਪ ਫੀਸ ਪਾਰਟੀ ਦੇ ਬੈਂਕ ਖ਼ਾਤੇ ਵਿਚ ਜਮ੍ਹਾਂ ਕਰਵਾਈ ਜਾਂਦੀ ਹੈ ਤੇ ਇਸ ਬੈਂਕ ਖ਼ਾਤੇ ਨੂੰ ਸਿਰਫ ਅਧਿਕਾਰਤ ਵਿਅਕਤੀ ਹੀ ਚਲਾਉਂਦੇ ਹਨ।