
- ਮੁੱਖ ਮੰਤਰੀ ਭਗਵੰਤ ਮਾਨ ਨੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਦਿੱਤੀ ਵਧਾਈ
ਮਾਲੇਰਕੋਟਲਾ, 31 ਮਾਰਚ 2025 : ਅੱਜ ਈਦ ਦੇ ਪਵਿੱਤਰ ਦਿਹਾੜੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਲੇਰਕੋਟਲਾ ਦੀ ਈਦਗਾਹ ਵਿਖੇ ਪੁੱਜ ਕੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਵਧਾਈ ਦਿੱਤੀ। ਇਸ ਮੌਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਰਬ ਸਾਝੀਵਾਲਤਾ, ਸ਼ਾਂਤੀ ਅਤੇ ਸਦਭਾਵਨਾ ਦੇ ਪ੍ਰਤੀਕ ਤਿਓਹਾਰ ਹੈ। ਉਨ੍ਹਾਂ ਕਿਹਾ ਕਿ ਈਦ ਦਾ ਤਿਓਹਾਰ ਰਮਜ਼ਾਨ ਦੇ ਪਵਿੱਤਰ ਮਹੀਨੇ ਦੀ ਸਮਾਪਤੀ ਨੁੰ ਦਰਸਾਉਂਦਾ ਹੈ, ਜੋ ਦਾਨ ਅਤੇ ਉਦਾਰਤਾ ਦੀ ਭਾਵਨਾ ਨੂੰ ਦ੍ਰਿੜ ਕਰਵਾਉਂਦਾ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਈਦ ਦਾ ਤਿਓਹਾਰ ਸਾਨੂੰ ਸਾਰਿਆਂ ਨੂੰ ਪਿਆਰ, ਦੋਸਤੀ ਤੇ ਸਦਭਾਵਨਾ ਦੇ ਮਾਰਗ ਤੇ ਚੱਲਣ ਲਈ ਪ੍ਰੁੇਰਿਤ ਕਰਦਾ ਹੈ। ਉਨ੍ਹਾਂ ਇਸ ਮੌਕੇ ਮੁਸਲਿਮ ਭਾਈਚਾਰੇ ਨੂੰ ਈਦ ਦਾ ਤੋਹਫਾ ਦਿੰਦਿਆਂ ਮਲੇਰਕੋਟਲਾ ਦੇ ਸਰਬਪੱਖੀ ਵਿਕਾਸ ਲਈ 200 ਕਰੋੜ ਦੇ ਵਿਕਾਸ ਕਾਰਜਾਂ ਦਾ ਐਲਾਨ ਕੀਤਾ। ਇਸ ਮੌਕੇ ਪਾਰਲੀਮੈਂਟ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ ਮੁਸਲਿਮ ਭਾਈਚਾਰੇ ਨੂੰ ਈਦ ਦੀ ਮੁਬਾਰਕ ਵਾਦ ਦਿੱਤੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ, ਜਿਸ ਲਈ ਪਹਿਲਾਂ ਹੀ ਰੋਡਮੈਪ ਤਿਆਰ ਕੀਤਾ ਜਾ ਚੁੱਕਾ ਹੈ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਜ਼ਿਲ੍ਹੇ ਨੂੰ ਅਤਿ ਆਧੁਨਿਕ ਬੁਨਿਆਦੀ ਢਾਂਚੇ ਅਤੇ ਬੁਨਿਆਦੀ ਨਾਗਰਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ, ਜਿਸ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਸੂਬੇ ਵਿੱਚ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਭਗਵੰਤ ਸਿੰਘ ਮਾਨ ਨੇ ਦੁਹਰਾਇਆ ਕਿ ਪੰਜਾਬ ਵਿੱਚ ਸਮਾਜਿਕ ਸਾਂਝ ਇੰਨੀ ਮਜ਼ਬੂਤ ਹੈ ਕਿ ਪੰਜਾਬ ਦੀ ਉਪਜਾਊ ਧਰਤੀ ’ਤੇ ਕੋਈ ਵੀ ਬੀਜ ਉੱਗ ਸਕਦਾ ਹੈ ਪਰ ਇੱਥੇ ਨਫ਼ਰਤ ਦਾ ਬੀਜ ਕਿਸੇ ਵੀ ਕੀਮਤ ’ਤੇ ਨਹੀਂ ਉੱਗੇਗਾ।