ਚੰਡੀਗੜ੍ਹ: ਦੇਰ ਸ਼ਾਮ ਨੂੰ ਮੁਹਾਲੀ ਸਿਟੀ ਸੈਂਟਰ-2 ਵਿਚ ਇੱਕ ਨਿਰਮਾਣ ਅਧੀਨ ਇਮਾਰਤ ਵਿੱਚ ਡਬਲ ਬੇਸਮੈਂਟ ਦੀ ਖੁਦਾਈ ਦੌਰਾਨ ਹਾਦਸਾ ਵਾਪਰ ਗਿਆ। ਦੱਸਿਆ ਜਾ ਰਿਹਾ ਹੈ ਕਿ ਬੇਸਮੈਂਟ 'ਚ ਕੱਚੀ ਮਿੱਟੀ ਡਿੱਗਣ ਕਾਰਨ 8 ਲੋਕ ਦੱਬੇ ਗਏ ਹਨ। ਪ੍ਰਸ਼ਾਸਨ ਅਤੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਚਾਰ ਨੌਜਵਾਨਾਂ ਨੂੰ ਬਾਹਰ ਕੱਢ ਕੇ ਹਸਪਤਾਲ ਭੇਜਿਆ ਗਿਆ ਹੈ, ਜਦਕਿ ਦੋ ਲੋਕਾਂ ਦੀ ਮੌਤ ਹੋ ਗਈ ਹੈ। ਹਾਲਾਂਕਿ, ਅਧਿਕਾਰੀ ਹੁਣ ਸਿਰਫ ਇੱਕ ਮੌਤ ਦੀ ਪੁਸ਼ਟੀ ਕਰ ਰਹੇ ਹਨ। ਮੌਕੇ 'ਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਚਾਰ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਘਟਨਾ ਦੇ ਸਮੇਂ ਮੌਕੇ 'ਤੇ ਕਿੰਨੇ ਲੋਕ ਕੰਮ ਕਰ ਰਹੇ ਸਨ। ਪ੍ਰਸ਼ਾਸਨ ਫਿਲਹਾਲ ਰਾਹਤ ਅਤੇ ਬਚਾਅ ਕਾਰਜਾਂ 'ਤੇ ਧਿਆਨ ਦੇ ਰਿਹਾ ਹੈ। ਇਸ ਦੇ ਨਾਲ ਹੀ ਘਟਨਾ ਤੋਂ ਬਾਅਦ ਸਿਟੀ ਸੈਂਟਰ-2 ਇਲਾਕੇ 'ਚ ਹਫੜਾ-ਦਫੜੀ ਮਚ ਗਈ। ਲੋਕਾਂ ਦੀ ਭੀੜ ਇਕੱਠੀ ਹੋ ਗਈ। ਚਸ਼ਮਦੀਦਾਂ ਮੁਤਾਬਕ ਜਿਸ ਥਾਂ 'ਤੇ ਹਾਦਸਾ ਹੋਇਆ ਹੈ, ਉਸ ਦੇ ਨਾਲ ਹੀ ਅੱਠ ਮੰਜ਼ਿਲਾ ਇਮਾਰਤ ਬਣੀ ਹੋਈ ਹੈ। ਹੁਣ ਇਸ ਥਾਂ ’ਤੇ ਇਮਾਰਤ ਉਸਾਰੀ ਜਾਣੀ ਸੀ। ਇੱਥੇ ਇੱਕ ਡਬਲ ਬੇਸਮੈਂਟ ਦੀ ਖੁਦਾਈ ਕੀਤੀ ਜਾ ਰਹੀ ਸੀ। ਦੋ ਜੇਸੀਬੀ ਮਸ਼ੀਨਾਂ ਖੁਦਾਈ ਵਿੱਚ ਲੱਗੀਆਂ ਹੋਈਆਂ ਸਨ। ਅਚਾਨਕ ਉਪਰੋਂ ਕੱਚੀ ਮਿੱਟੀ ਡਿੱਗਣ ਕਾਰਨ ਉਥੇ ਕੰਮ ਕਰਦੇ ਲੋਕ ਦੱਬ ਗਏ। ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਮੁਹਾਲੀ ਵਿੱਚ ਪਹਿਲਾਂ ਵੀ ਅਜਿਹੇ ਹਾਦਸੇ ਵਾਪਰ ਚੁੱਕੇ ਹਨ, ਫਰਵਰੀ 2020 ਵਿੱਚ ਖਰੜ-ਲਾਂਡਰਾਂ ਰੋਡ ’ਤੇ ਸਥਿਤ ਅੰਬਿਕਾ ਗਰੀਨ ਦੀ ਤਿੰਨ ਮੰਜ਼ਿਲਾ ਇਮਾਰਤ ਡਿੱਗ ਗਈ ਸੀ। ਘਟਨਾ ਸਮੇਂ ਅੰਬਿਕਾ ਗ੍ਰੀਨ ਦਾ ਸਟਾਫ਼ ਬਿਲਡਿੰਗ ਵਿੱਚ ਮੌਜੂਦ ਸੀ।