ਆਮ ਆਦਮੀ ਪਾਰਟੀ ਵੱਲੋਂ ਸੱਤਾ ‘ਤੇ ਕਾਬਜ਼ ਹੁੰਦਿਆਂ ਹੀ ਕਾਂਗਰਸ ਸਰਕਾਰ ਦੇ ਭ੍ਰਿਸ਼ਟ ਮੰਤਰੀਆਂ ‘ਤੇ ਸ਼ਿਕੰਜਾ ਕਸਣਾ ਸੁਰੂ ਕਰਦਿਆਂ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਸੰਗਤ ਸਿੰਘ ਗਿਲਜੀਆਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਡੱਕਣ ਪਿੱਛੋਂ ਹੁਣ ਕਾਂਗਰਸ ਦੇ ਸਾਬਕਾ ਕਾਂਗਰਸੀ ਵਜ਼ੀਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀਆਂ ਪੰਚਾਇਤ ਵਿਭਾਗ ਵਿੱਚ ਕੀਤੀਆਂ ਧਾਂਦਲੀਆਂ ਨੂੰ ਨੰਗਿਆਂ ਕਰਨ ਦੀ ਤਿਆਰੀ ਖਿੱਚ ਲਈ ਹੈ । ਬਾਜਵਾ ਅਤੇ ਉਸਦੇ ਉਸ ਸਮੇਂ ਵਿਭਾਗ ਦੇ ਦੋ ਆਈ ਏ ਐੱਸ ਅਫਸਰਾਂ ‘ਤੇ ਪੰਚਾਇਤੀ ਜ਼ਮੀਨ ਦੇ ਸੌਦੇ ਵਿੱਚ 28 ਕਰੋੜ ਦਾ ਘਪਲਾ ਕਰਨ ਦਾ ਗੰਭੀਰ ਦੋਸ਼ ਹੈ । ਇਸ ਸਬੰਧੀ ਕੁਲਦੀਪ ਸਿੰਘ ਧਾਲੀਵਾਲ , ਕੈਬਨਿਟ ਮੰਤਰੀ ਦਿਹਾਤੀ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਸਰਕਾਰ ਨੇ ਦੱਸਿਆ ਕਿ 20 ਮਈ ਨੂੰ ਗਠਿਤ ਕੀਤੀ ਤਿੰਨ ਮੈਂਬਰੀ ਵਿਭਾਗੀ ਜਾਂਚ ਕਮੇਟੀ ਨੇ ਇਸ ਘਪਲੇ ‘ਚ ਮੁੱਖ ਦੋਸ਼ੀ ਵਜੋਂ ਸਾਬਕਾ ਮਨਿਸਟਰ ਅਤੇ ਦੋ ਆਈ ਏ ਐੱਸ ਅਫਸਰਾਂ ਦੇ ਨਾਂ ਹੋਣ ਕਾਰਨ ਇਹ ਕੇਸ ਉਸਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ ਅਤੇ ਇਹ ਕੇਸ ਮੁੱਖ ਮੰਤਰੀ ਦੇ ਅਧਿਕਾਰ ਖੇਤਰ ਵਿੱਚ ਹੋਣ ਕਾਰਨ ਸਬੰਧਤ ਕੇਸ ਦੀ ਫਾਈਲ ਮੁੱਖ ਮੰਤਰੀ ਨੂੰ ਸੌਂਪ ਦਿੱਤੀ ਹੈ । ਜ਼ਮੀਨ ਘੁਟਾਲੇ ਦੇ ਕੇਸ ਵਾਰੇ ਜਾਣਕਾਰੀ ਦਿੰਦੇ ਹੋਏ ਪੰਚਾਇਤ ਮੰਤਰੀ ਨੇ ਦੱਸਿਆ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਸਮੇਂ ਸਬੰਧਤ ਦੋਸ਼ੀਆਂ ਨੇ ਜਿਲ੍ਹਾ ਅਮ੍ਰਿਤਸਰ ਵਿੱਚ ਪੈਂਦੀ ਗ੍ਰਾਮ ਪੰਚਾਇਤ ਭਗਤੂਪੁਰਾ ਦੀ ਸ਼ਾਮਲਾਤ ਜ਼ਮੀਨ ਅਲਫ਼ਾ ਇੰਟਰਨੈਸ਼ਨਲ ਨਾਮੀ ਕੰਪਨੀ ਨੂੰ ਵੇਚੀ ਸੀ , ਜਿਸ ਵਿੱਚ ਜਾਂਚ ਕਮੇਟੀ ਵੱਲੋਂ 28 ਕਰੋੜ ਦੀ ਵੱਡੀ ਧੋਖਾਧੜੀ ਕਰਨ ਦਾ ਕੇਸ ਸਾਹਮਣੇ ਆਇਆ ਹੈ । ਉਹਨਾਂ ਅੱਗੇ ਦੱਸਿਆ ਕਿ ਇਸ ਜਾਂਚ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਇਸ ਬਹੁ ਕਰੋੜੀ ਘੁਟਾਲੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪਈ ਭਿਣਕ ਦੀ ਖ਼ਬਰ ਕੰਨੀਂ ਪੈਂਦਿਆਂ ਹੀ 11 ਮਾਰਚ ਨੂੰ ਸਵੇਰੇ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਦੇ ਪਦ ਤੋਂ ਅਸਤੀਫਾ ਦੇ ਦਿੱਤਾ ਸੀ । ਪ੍ਰੰਤੂ ਚੰਨੀ ਦੇ ਅਸਤੀਫਾ ਦੇਣ ਪਿੱਛੋਂ 11 ਮਾਰਚ ਨੂੰ ਚੋਣ ਜਾਬਤਾ ਲੱਗਾ ਹੋਣ ਦੇ ਬਾਵਜੂਦ ਵੀ ਭਗਤੂਪੁਰਾ ਦੀ ਪੰਚਾਇਤੀ ਜਮੀਨ ਦੇ ਸੌਦੇ ਦੀ ਫਾਈਲ ਨੂੰ ਦਸਤਖਤ ਕਰਕੇ ਪ੍ਰਵਾਨਗੀ ਦੇ ਦਿੱਤੀ । ਉਹਨਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਪਿਛਲੇ ਚਾਰ-ਪੰਜ ਸਾਲਾਂ ਤੋਂ ਪੈਂਡਿੰਗ ਪਈ ਇਸ ਕੇਸ ਦੀ ਫਾਈਲ ਉੱਤੇ ਤ੍ਰਿਪਤ ਬਾਜਵਾ ਨੇ ਚੋਣ ਜਾਬਤੇ ਵਿੱਚ ਕਿਹੜੀ ਮਨਸਾ ਨਾ ਸਾਈਨ ਕਰ ਦਿੱਤੇ !