ਮੋਦੀ ਸਰਕਾਰ ਦੇ ਨਵੇਂ ਖੇਤੀ ਬਿੱਲਾਂ ਦੇ ਵਿਰੋਧ ‘ਚ ਦਿੱਲੀ ਧਰਨੇ ਤੇ ਬੈਠੇ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਵਾਲੇ ਖੱਟਰ ਨੂੰ ਸਮਰਥਨ ਦੇਣ ਵਾਲੇ ਵਿਧਾਇਕਾਂ ਦਾ ਝੂਠ ਉਸ ਵੇਲੇ ਨੰਗਾ ਅਤੇ ਜੱਗ ਜਾਹਿਰ ਹੋ ਗਿਆ ਜਦੋਂ ਹਰਿਆਣਾ ਵਿਧਾਨਸਭਾ ਵਿੱਚ ਵਿਰੋਧੀ ਧਿਰ ਕਾਂਗਰਸ ਵੱਲੋਂ ਸਪੀਕਰ ਅੱਗੇ ਭਰੋਸੇ ਬੀਜੇਪੀ ਸਰਕਾਰ ਨੂੰ ਭਰੋਸੇ ਦਾ ਵੋਟ ਹਾਸਲ ਕਰਨ ਲਈ ਪ੍ਰਸਤਾਵ ਰੱਖਿਆ । ਸਪੀਕਰ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ 10 ਮਾਰਚ ਨੂੰ ਵਿਧਾਨ ਸਭਾ ਵਿੱਚ ਭਰੋਸੇ ਦਾ ਵੋਟ ਹਾਸਲ ਕਰਨ ਦਾ ਸਮਾਂ ਨਿਯਤ ਕੀਤਾ । ਖੱਟਰ ਸਰਕਾਰ ਨੂੰ ਸਮਰਥਨ ਦੇਣ ਵਾਲੇ ਜੇਜੇਪੀ ਦੇ ਅਤੇ ਕੁਝ ਹੋਰ ਵਿਧਾਇਕ ਕਿਸਾਨੀ ਮੋਰਚੇ ਦਾ ਸਮਰਥਨ ਕਰਨ ਦਾ ਨਕਲੀ ਡਰਾਮਾ ਤਾਂ ਕਰ ਬੈਠੇ ਪਰ ਭਰੋਸੇ ਦਾ ਵੋਟ ਦੇਣ ਸਮੇਂ ਕਿਸਾਨਾਂ ਨਾਲ ਪ੍ਰਗਟਾਈ ਸਹਿਮਤੀ ਨੂੰ ਅੱਖੋਂ ਪਰੋਖੇ ਕਰਕੇ ਮੁੜ ਖੱਟਰ ਦੇ ਹੱਕ ਵਿੱਚ ਭੁਗਤ ਗਏ । ਇਸ ਤਰਾਂ ਇਹ ਦੋਗਲੀ ਨੀਤੀ ਅਪਨਾਉਣ ਵਾਲੇ ਵਿਧਾਇਕ ਕਸੂਤੇ ਫਸ ਗਏ ਨਜ਼ਰ ਆ ਰਹੇ ਹਨ ਅਤੇ ਆਪਣਾ ਰਾਜਨੀਤਿਕ ਭਵਿੱਖ ਦੇ ਰਾਹ ‘ਚ ਕੰਡੇ ਵੀ ਉੱਗਾ ਬੈਠੇ ਹਨ ।
ਇਸ ਘਟਨਾ ਪਿੱਛੋਂ ਸੰਯੁਕਤ ਕਿਸਾਨ ਮੋਰਚੇ ਨੇ ਇਹਨਾਂ ਵਿਧਾਇਕਾਂ ਦਾ ਸਮਾਜਕ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਹੈ । ਸੰਯੁਕਤ ਕਿਸਾਨ ਮੋਰਚੇ ਦਾ ਮੰਨਣਾ ਹੈ ਕਿ ਭਾਵੇਂ ਬੀਜੇਪੀ-ਜੇਜੇਪੀ ਗੱਠਜੋੜ ਸਫਲ ਨਹੀਂ ਰਿਹਾ, ਪਰ ਇਸ ਨਾਲ ਇਹਨਾਂ ਵਿਧਾਇਕਾਂ ਦਾ ਕਿਸਾਨ ਵਿਰੋਧੀ ਚਿਹਰਾ ਸਾਹਮਣੇ ਆ ਗਿਆ ਹੈ । ਸੰਯੁਕਤ ਮੋਰਚੇ ਵਿੱਚ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਹਰਿਆਣਾ ਦੀਆਂ ਕਿਸਾਨ ਜੱਥੇਬੰਦੀਆਂ ਅਤੇ ਖਾਪ ਪੰਚਾਇਤਾਂ ਨੇ ਕੇਂਦਰ ਦੇ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਕਿਸਾਨੀ ਹਿੱਤਾਂ ਖਾਤਰ ਵੋਟ ਮੰਗੀ ਸੀ ਪਰ ਵਿਧਾਇਕਾਂ ਨੇ ਆਪਣੇ ਸੂਬੇ ਅਤੇ ਦੇਸ਼ ਦੇ ਕਿਸਾਨਾਂ ਦੇ ਹਿੱਤਾਂ ਨੂੰ ਨਜ਼ਰਅੰਦਾਜ ਕਰਕੇ ਪੂੰਜੀਪਤੀਆਂ ਦੇ ਹੱਕ ਵਿੱਚ ਭੁਗਤੇ ਹਨ l ਉਹਨਾਂ ਸੂਬੇ ਦੇ ਲੋਕਾਂ ਨੂੰ ਆਗਾਹ ਕਰਦਿਆਂ ਕਿਹਾ ਕਿ ਜਿਹੜੇ ਵਿਧਾਇਕ ਤੁਹਾਡੇ ਨਹੀਂ ਹੋ ਸਕਦੇ, ਤੁਹਾਨੂੰ ਵੀ ਉਹਨਾਂ ਦਾ ਹੋਣ ਦੀ ਲੋੜ ਨਹੀਂ । ਚੜੂਨੀ ਨੇ ਇਹਨਾਂ ਸਾਰੇ ਵਿਧਾਇਕਾਂ ਦਾ ਮੁਕੰਮਲ ਸਮਾਜਕ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ । ਕਿਸਾਨ ਆਗੂ ਦਰਸ਼ਨਪਾਲ ਨੇ ਵੀ ਇਸ ਸਬੰਧੀ ਕਿਹਾ ਕਿ ਦੇਸ਼ ਅਤੇ ਹਰਿਆਣਾ ਦੇ ਕਿਸਾਨਾਂ ਦੀ ਬਜਾਏ ਕਾਰਪੋਰੇਟਰਾਂ ਦੇ ਹੱਕ ਵਿੱਚ ਭੁਗਤਣ ਵਾਲੇ ਵਿਧਾਇਕ ਹੁਣ ਆਪਣਾ ਸਿਆਸੀ ਭਵਿੱਖ ਖਤਮ ਕਰ ਚੁੱਕੇ ਹਨ ਕਿਉਂਕਿ ਇਹਨਾਂ ਸਭ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ ।