ਦਿੱਲੀ ਵਿੱਚ ਖੇਤੀ ਅਰਡੀਨੈਂਸਾਂ ਵਿਰੁੱਧ ਕਿਸਾਨ ਅੰਦੋਲਨ ਚੌਥੇ ਮਹੀਨੇ ਵਿੱਚ ਪੈਰ ਰੱਖ ਚੁੱਕਾ ਹੈ । ਪਰ ਸਰਕਾਰ ਦੇ ਅਜੇ ਤੱਕ ਕੰਨ ਤੇ ਜੂੰ ਤੱਕ ਨਹੀਂ ਸਰਕੀ। ਸੰਯੁਕਤ ਕਿਸਾਨ ਮੋਰਚਾ ਇਹ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਦੇਸ਼ ਦੇ ਕਿਸਾਨਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਲਾਮਬੰਦ ਕਰਨ ਲਈ ਵੱਖ-ਵੱਖ ਸੂਬਿਆਂ ਵਿੱਚ ਮਹਾਂ-ਪੰਚਾਇਤਾਂ ਬੁਲਾ ਕੇ ਸਰਕਾਰ ਉੱਤੇ ਦਬਾਅ ਬਣਾ ਰਿਹਾ ਹੈ । ਪਰ ਪ੍ਰਧਾਨ ਮੰਤਰੀ ਮੋਦੀ ਦੇ ਅੜੀਅਲ ਰਵਈਏ ਕਾਰਨ ਕਿਸਾਨ ਨੇਤਾਵਾਂ ਨਾਲ 12 ਗੇੜ ਦੀ ਵਾਰਤਾ ਪਿੱਛੋਂ ਵੀ ਗੱਲ ਕਿਸੇ ਕੰਢੇ ਨਹੀਂ ਲੱਗ ਸਕੀ । ਹੁਣ ਇਸੇ ਤੇ ਹੀ ਚੱਲਦਿਆਂ ਗਵਾਲੀਅਰ ਵਿਖੇ ਪੱਤਰਕਾਰਾਂ ਦੇ ਰੂਬਰੂ ਹੁੰਦੇ ਹੋਏ ਕੇਂਦਰੀ ਖੇਤੀ ਮੰਤਰੀ ਨੇ ਅਜਿਹਾ ਬਿਆਨ ਦਿੱਤਾ ਹੈ,ਜਿਸਤੋਂ ਲੱਗਦਾ ਹੈ ਕਿ ਖੇਤੀ ਮੰਤਰੀ ਨਰੇਂਦਰ ਤੋਮਰ ਜੀ ਆਪਣਾ ਦਿਮਾਗੀ ਤਵਾਜਨ ਖੋ ਚੁੱਕੇ ਹਨ । ਉਹਨਾਂ ਕਿਹਾ -“ਭੀੜ ਇਕੱਠੀ ਕਰਨ ਨਾਲ ਕਾਨੂੰਨ ਨਹੀਂ ਬਦਲੇ ਜਾਂਦੇ। ਕਿਸਾਨ ਧਰਨੇ ਲਗਾ ਕੇ ਸਿਰਫ ਆਪਣਾ ਸਮਾਂ ਬਰਬਾਦ ਕਰ ਰਹੇ ਹਨ , ਇਸ ਤੋਂ ਵੱਧ ਹੋਰ ਕੁਝ ਨਹੀਂ । ਜੇਕਰ ਕਿਸਾਨ ਆਗੂ ਸਰਕਾਰ ਨੂੰ ਸਿੱਧਾ ਹੀ ਕਾਨੂੰਨ ਬਦਲਣ ਲਈ ਕਹਿਣਹਗੇ ਤਾਂ ਅਜਿਹਾ ਨਹੀਂ ਹੋਵੇਗਾ ।” ਇਸ ਮੌਕੇ ਉਹਨਾਂ ਖੇਤੀ ਕਾਨੂੰਨਾਂ ਸਬੰਧੀ ਆਪਣਾ ਰਟਿਆ ਰਟਾਇਆ ਬਿਆਨ ਦਿੰਦੇ ਹੋਏ ਤਿੰਨੋਂ ਖੇਤੀ ਕਾਨੂੰਨ ਕਿਸੇ ਵੀ ਕੀਮਤ ‘ਤੇ ਨਾ ਰੱਦ ਕਰਨ ਦੀ ਗੱਲ ਸਪਸ਼ਟ ਕੀਤੀ ।