ਵਿਧਾਇਕਾਂ ਨੂੰ ਖ੍ਰੀਦਣ ਦੇ ਲਗਾਏ ਦੋਸ਼ਾਂ ਵਿੱਚ ਕੋਈ ਸੱਚਾਈ ਹੈ ਤਾਂ ਜਨਤਾ ਸਾਹਮਣੇ ਕਰੋ ਪੇਸ਼ : ਅਸ਼ਵਨੀ ਸ਼ਰਮਾਂ


ਚੰਡੀਗੜ੍ਹ : ਸੂਬੇ ਦੀ ਸਰਕਾਰ ਦੇ ਮੰਤਰੀ ਅਤੇ ਆਪ ਪਾਰਟੀ ਦੇ ਸੀਨੀਅਰ ਆਗੂ ਹਰਪਾਲ ਸਿੰਘ ਚੀਮਾਂ ਵੱਲੋਂ ਵਿਧਾਇਕਾਂ ਨੂੰ ਖ੍ਰੀਦਣ ਦੇ ਦਿੱਤੇ ਬਿਆਨ ਦਾ ਜਵਾਬ ਦਿੰਦਿਆਂ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾਂ ਨੇ ਕਿਹਾ ਕਿ ਮੰਤਰੀ ਚੀਮਾ ਦਾ ਬਿਆਨ, ਉਨ੍ਹਾਂ ਦੀ ਬੌਖਲਾਹਟ ਦਾ ਨਤੀਜਾ ਹੈ, ਕਿਉਂਕਿ ਦਿੱਲੀ ਵਿੱਚ ਆਪ ਆਗੂਆਂ ਦੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਅਤੇ ਆਪ ਆਗੂਆਂ ਦੇ ਜੇਲ੍ਹ ਜਾਣ ਕਾਰਨ ਇਹ ਸਭ ਡਰੇ ਹੋਏ ਹਨ। ਪ੍ਰਧਾਨ ਸ਼ਰਮਾਂ ਨੇ ਕਿਹਾ ਕਿ ਆਪ ਦੇ ਆਗੂ ਰੋਜਾਨਾ ਹੀ ਭ੍ਰਿਸ਼ਟਾਚਾਰ ਦੇ ਨਵੇਂ ਰਿਕਾਰਡ ਬਣਾ ਰਹੇ ਹਨ, ਇੰਨ੍ਹਾਂ ਘੁਟਾਲਿਆਂ ਦੀ ਸੂਚੀ ਬਹੁਤ ਲੰਬੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਘੁਟਾਲਿਆਂ ਦਾ ਪਰਦਾਫਾਸ਼ ਕਰਨ ਵਾਲਾ ਹੋਰ ਕੋਈ ਨਹੀਂ ਸਗੋਂ ਖੁਦ ਦਿੱਲੀ ਦੇ ਰਾਜਪਾਲ ਹਨ, ਜਿੰਨ੍ਹਾਂ ਨੇ ਇੰਨ੍ਹਾਂ ਹੋਏ ਘੁਟਾਲਿਆਂ ਦੀ ਜਾਂਚ ਦੀ ਮੰਗ ਕੀਤੀ ਹੈ। ਪਹਿਲਾਂ ਦਿੱਲੀ ਵਿੱਚ ਆਬਕਾਰੀ ਘੁਟਾਲਾ ਸਾਹਮਣੇ ਆਇਆ, ਫਿਰ ਸਕੂਲ ਘੁਟਾਲਾ, ਹੁਣ ਇੱਕ ਹੋਰ ਬੱਸ ਖ੍ਰੀਦ ਘੁਟਾਲਾ ਸਾਹਮਣੇ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਆਬਕਾਰੀ ਘੁਟਾਲੇ ਦਾ ਸੇਕ ਪੰਜਾਬ ਤੱਕ ਵੀ ਪਹੁੰਚ ਗਿਆ ਹੈ। ਜਿਸ ਕਾਰਨ ਆਪ ਆਗੂ ਬੁਖਲਾ ਗਏ ਹਨ। ਪ੍ਰਧਾਨ ਅਸ਼ਵਨੀ ਸ਼ਰਮਾਂ ਨੇ ਕਿਹਾ ਕਿ ਵਿਧਾਇਕਾਂ ਨੂੰ ਖ੍ਰੀਦਣ ਦੇ ਲਗਾਏ ਦੋਸ਼ਾਂ ਵਿੱਚ ਕੋਈ ਸੱਚਾਈ ਹੈ ਤਾਂ ਉਹ ਉਨ੍ਹਾਂ ਨੂੰ ਜਨਤਾ ਸਾਹਮਣੇ ਪੇਸ਼ ਕਰਨ, ਨਾ ਕਿ ਝੂਠ ਬੋਲ ਕੇ ਜਨਤਾ ਦਾ ਧਿਆਨ ਕਿਸੇ ਹੋਰ ਪਾਸੇ ਭਟਕਾਉਣ।