ਸੱਤ ਸੂਬਿਆਂ ਦੀਆਂ ਕਮੇਟੀਆਂ ਨੇ ਰਾਹੁਲ ਗਾਂਧੀ ਨੂੰ ਕਾਂਗਰਸ ਪ੍ਰਧਾਨ ਬਣਾਉਣ ਦਾ ਮਤਾ ਕੀਤਾ ਪਾਸ

ਨਵੀਂ ਦਿੱਲੀ : ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਦੀ ਕਮਾਂਡ 7 ਸੂਬਿਆਂ ਦੀਆਂ ਕਾਂਗਰਸ ਕਮੇਟੀਆਂ ਨੇ  ਰਾਹੁਲ ਗਾਂਧੀ ਨੂੰ ਸੌਂਪਣ ਦਾ ਮਤਾ ਪਾਸ ਕੀਤਾ ਹੈ। ਜਦੋਂ ਕਿ ਰਾਜਸਥਾਨ, ਗੁਜਰਾਤ ਅਤੇ ਛੱਤੀਸਗੜ੍ਹ ਪਹਿਲਾਂ ਹੀ ਇਸ ਨੂੰ ਮਨਜ਼ੂਰੀ ਦੇ ਚੁੱਕੇ ਹਨ। ਕਾਂਗਰਸ ਪ੍ਰਧਾਨ ਦੀ ਚੋਣ ਲਈ ਨੋਟੀਫਿਕੇਸ਼ਨ 23 ਸਤੰਬਰ ਨੂੰ ਜਾਰੀ ਕੀਤਾ ਜਾਵੇਗਾ, ਜਦੋ ਕਿ ਚੋਣ 17 ਅਕਤੂਬਰ ਨੂੰ ਪ੍ਰਸਤਾਵਿਤ ਹੈ। ਜਿੰਨ੍ਹੀ ਦੇਰ ਨਵੇਂ ਪ੍ਰਧਾਨ ਦੀ ਚੋਣ ਨਹੀਂ ਕੀਤੀ ਜਾਂਦੀ, ਉਸ ਸਮੇਂ ਤੱਕ ਸੋਨੀਆ ਗਾਂਧੀ ਕਾਂਗਰਸ ਦੀ ਅੰਤਰਿਮ ਪ੍ਰਧਾਨ ਰਹਿਣਗੇ। ਜੇਕਰ ਸੂਤਰਾਂ ਦੀ ਮੰਨੀ ਜਾਵੇ ਤਾਂ ਆਉਣ ਵਾਲੇ ਦਿਨਾਂ ਵਿੱਚ ਤੇਲੰਗਾਨਾ, ਦਿੱਲੀ, ਹਿਮਾਚਲ ਪ੍ਰਦੇਸ਼ ਆਦਿ ਸੂਬਿਆਂ ਦੀਆਂ ਕਾਂਗਰਸ ਕਮੇਟੀਆਂ ਵੱਲੋਂ ਵੀ ਰਾਹੁਲ ਗਾਂਧੀ ਨੂੰ ਕਾਂਗਰਸ ਪ੍ਰਧਾਨ ਬਣਾਉਣ ਦੀ ਮੰਗ ਵਾਲਾ ਮਤਾ ਪਾਸ ਕਰਨ ਲਈ ਵਿਚਾਰਾਂ ਕਰ ਰਹੀਆਂ ਹਨ।

ਚੋਣ ਲੜਾਂਗਾ ਜਾਂ ਨਹੀਂ ਬਾਅਦ ਵਿੱਚ ਦੱਸਾਂਗਾ : ਰਾਹੁਲ
ਭਾਰਤ ਜੋੜੋ ਯਾਤਰਾ ਦੌਰਾਨ ਤਾਮਿਲਨਾਡੂ ਵਿਖੇ ਹੋਈ ਪ੍ਰੈਸ ਕਾਨਫਰੰਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਉਹ ਚੋਣ ਲੜਨਗੇ ਜਾਂ ਨਹੀਂ, ਇਸ ਬਾਰੇ ਬਾਅਦ ਵਿੱਚ ਚਰਚਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਇਸ ’ਤੇ ਆਪਣਾ ਫੈਸਲਾ ਲੈ ਲਿਆ ਹੈ, ਹੁਣ ਉਨ੍ਹਾਂ ਦੇ ਦਿਮਾਗ ’ਚ ਕੋਈ ਉਲਝਣ ਨਹੀਂ ਹੈ। ਜੇਕਰ ਮੈਂ ਚੋਣ ਨਹੀਂ ਲੜਦਾ ਤਾਂ ਮੈਂ ਤੁਹਾਨੂੰ ਕਾਰਨ ਵੀ ਦੱਸਾਂਗਾ।


ਕਾਂਗਰਸ ਪਾਰਟੀ ਨੂੰ 19 ਅਕਤੂਬਰ ਨੂੰ ਮਿਲੇਗਾ ਨਵਾਂ ਪ੍ਰਧਾਨ
ਕਾਂਗਰਸ ਪ੍ਰਧਾਨ ਦੇ ਅਹੁਦੇ ਲਈ 17 ਅਕਤੂਬਰ ਨੂੰ ਵੋਟਾਂ ਪੈਣਗੀਆਂ ਅਤੇ 19 ਅਕਤੂਬਰ ਨੂੰ ਗਿਣਤੀ ਹੋਵੇਗੀ। ਚੋਣ ਪ੍ਰੋਗਰਾਮ ਅਨੁਸਾਰ ਚੋਣਾਂ ਸਬੰਧੀ ਨੋਟੀਫਿਕੇਸ਼ਨ 22 ਸਤੰਬਰ ਨੂੰ ਜਾਰੀ ਕੀਤਾ ਜਾਵੇਗਾ। ਨਾਮਜ਼ਦਗੀ 24 ਸਤੰਬਰ ਤੋਂ 30 ਸਤੰਬਰ ਤੱਕ ਕੀਤੀ ਜਾ ਸਕਦੀ ਹੈ। ਹਾਲਾਂਕਿ ਜੇਕਰ ਪ੍ਰਧਾਨ ਦੇ ਅਹੁਦੇ ਲਈ ਇੱਕ ਹੀ ਉਮੀਦਵਾਰ ਹੈ ਤਾਂ ਅਜਿਹੀ ਸਥਿਤੀ ਵਿੱਚ ਨਤੀਜਾ 30 ਸਤੰਬਰ ਨੂੰ ਹੀ ਐਲਾਨਿਆ ਜਾ ਸਕਦਾ ਹੈ।