ਗੁਜਰਾਤ : ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ ਤੋਂ ਪਹਿਲਾਂ ਹਰ ਪਾਰਟੀ ਜ਼ੋਰ-ਸ਼ੋਰ ਨਾਲ ਪ੍ਰਚਾਰ ਕਰਨ ਵਿੱਚ ਲੱਗੀ ਹੋਈ ਹੈ । ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਵੀ ਐਤਵਾਰ ਨੂੰ ਚੋਣ ਪ੍ਰਚਾਰ ਦੌਰਾਨ ਵੱਡੀ ਭਵਿੱਖਬਾਣੀ ਕੀਤੀ ਹੈ । ਉਨ੍ਹਾਂ ਕਿਹਾ ਕਿ ਗੁਜਰਾਤ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਹੀ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 27 ਸਾਲਾਂ ਵਿੱਚ ਪਹਿਲੀ ਵਾਰ ਭਾਜਪਾ ਇੰਨੀ ਬੌਖਲਾਈ ਹੈ। ਇੱਥੇ ਲੋਕ ਡਰੇ ਹੋਏ ਹਨ । ਮੈਂ ਪਹਿਲੀ ਵਾਰ ਸੁਣਿਆ ਹੈ ਕਿ ਵੋਟਰ ਇਹ ਦੱਸਣ ਤੋਂ ਡਰਦੇ ਹਨ ਕਿ ਉਹ ਕਿਸ ਨੂੰ ਵੋਟ ਦੇ ਰਹੇ ਹਨ । ਭਾਜਪਾ ਦੇ ਵੋਟਰ ‘ਆਪ’ ਨੂੰ ਵੋਟ ਪਾਉਣ ਜਾ ਰਹੇ ਹਨ। ਅੱਜ ਮੈਂ ਇੱਕ ਭਵਿੱਖਬਾਣੀ ਲਿਖਣ ਜਾ ਰਿਹਾ ਹਾਂ ਕਿ ਗੁਜਰਾਤ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਾਹੀਂ ਹੈ। ਇਸ ਤੋਂ ਇਲਾਵਾ ‘ਆਪ’ ਕਨਵੀਨਰ ਨੇ ਪੁਰਾਣੀ ਪੈਨਸ਼ਨ ਲਾਗੂ ਕਰਨ ਦਾ ਵਾਅਦਾ ਕਰਦਿਆਂ ਕਿਹਾ ਕਿ ਜੇਕਰ ਸਾਡੀ ਸਰਕਾਰ ਬਣੀ ਤਾਂ 31 ਜਨਵਰੀ ਤੱਕ ਪੁਰਾਣੀ ਪੈਨਸ਼ਨ ਸਕੀਮ ਜਾਰੀ ਕਰ ਦਿੱਤੀ ਜਾਵੇਗੀ । ਇੱਥੇ ਕੱਚੇ ਕਾਮੇ, ਡਰਾਈਵਰ, ਕੰਡਕਟਰ, ਹੋਮ ਗਾਰਡ ਤੇ ਵਰਕਰ ਹਨ, ਉਨ੍ਹਾਂ ਦੇ ਕਈ ਮਸਲੇ ਹਨ । ਅਸੀਂ ਕਰਮਚਾਰੀਆਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਾਂਗੇ। ਕੇਜਰੀਵਾਲ ਨੇ ਕਿਹਾ ਕਿ ਮੇਰੀ ਭਵਿੱਖਬਾਣੀ ਸਹੀ ਨਿਕਲਦੀ ਹੈ । 2014 ਵਿੱਚ ਜਦੋਂ ਦਿੱਲੀ ਵਿੱਚ ਚੋਣਾਂ ਹੋਈਆਂ ਤਾਂ ਮੈਂ ਇੱਕ ਪੱਤਰਕਾਰ ਨੂੰ ਲਿਖ ਕੇ ਦਿੱਤਾ ਸੀ ਕਿ ਇਸ ਵਾਰ ਕਾਂਗਰਸ ਨੂੰ ਜ਼ੀਰੋ ਸੀਟਾਂ ਮਿਲਣਗੀਆਂ । ਕਿਸੇ ਨੇ ਯਕੀਨ ਨਹੀਂ ਕੀਤਾ ਪਰ ਕਾਂਗਰਸ ਦੀ ਜ਼ੀਰੋ ਸੀਟ ਆਈ ਸੀ।