ਭਾਰਤੀ ਰਾਜਨੀਤੀ ਦੇ ਗੰਦੇ ਸਿਸਟਮ ਤੋਂ ਬਾਹਰ ਨਿਕਲਣ ਦੇ ਮਕਸਦ ਨਾਲ ਪੰਜਾਬ ਦੇ ਵੋਟਰਾਂ ਨੇ ਪਹਿਲਕਦਮੀ ਕਰਦੇ ਹੋਏ, ਇੱਕ ਬਦਲਾਅ ਲਿਆਉਣ ਲਈ ਪੰਜਾਬ ਦੀਆਂ ਰਵਾਇਤੀ ਰਾਜਨੀਤਿਕ ਪਾਰਟੀਆਂ ਦਰ ਕਿਨਾਰ ਕਰਕੇ ਪੰਜਾਬ ਵਿੱਚ ਤੀਜੀ ਧਿਰ ਭਾਵ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮੱਤ ਨਾਲ ਜਿਤਾਇਆ ਤਾਂ ਕਿ ਸੂਬੇ ਵਿੱਚ ਇੱਕ ਪਾਰਦਰਸ਼ੀ ਅਤੇ ਸਾਫ ਸੁਥਰਾ ਪ੍ਰਸ਼ਾਸ਼ਨਿਕ ਢਾਂਚਾ ਸਥਾਪਿਤ ਕਰਕੇ ਪੰਜਾਬ ਨੂੰ ਫਿਰ ਤੋਂ ਬੁਲੰਦੀਆਂ ‘ਤੇ ਲਿਆਂਦਾ ਜਾ ਸਕੇ ।
ਪਰ ਸ਼ਹੀਦੇ-ਏ-ਆਜ਼ਮ ਭਗਤ ਸਿੰਘ ਦੇ ਨਕਸ਼ੇ ਕਦਮਾਂ ‘ਤੇ ਸਹੁੰ ਚੁੱਕਣ ਸਮੇਂ ਚੱਲਣ ਦਾ ਵਾਅਦਾ ਕਰਨ ਵਾਲੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਆਪਣੇ ਦਿੱਲੀ ਵਾਲੇ ਆਕਾਵਾਂ ਦਾ ਹੱਥ-ਠੋਕਾ ਬਣਕੇ ਰਹਿ ਗਏ । ਭਗਵੰਤ ਮਾਨ ਸਰਕਾਰ ਵੱਲੋਂ ਬਦਲਾਅ ਦੇ ਨਾਂਅ ‘ਤੇ ਆਏ ਦਿਨ ਲਏ ਜਾ ਰਹੇ ਫੈਸਲੇ ਪੰਜਾਬ ਵਾਸੀਆਂ ਨੂੰ ਹਾਜ਼ਮ ਨਹੀਂ ਹੋ ਰਹੇ । ਸਥਿਤੀ ਇਸ ਕਦਰ ਤੱਕ ਪਹੁੰਚ ਚੁੱਕੀ ਹੈ ਕਿ ਪੰਜਾਬ ਦਾ ਹਰ ਵੋਟਰ ਕੀ, ਹੁਣ ਤਾਂ ਆਮ ਆਦਮੀ ਪਾਰਟੀ ਦਾ ਵਲੰਟੀਅਰ ਵੀ ਆਪਣੇ ਆਪ ਨੂੰ ਠੱਗਿਆ-ਠੱਗਿਆ ਮਹਿਸੂਸ ਕਰਨ ਲੱਗਾ ਹੈ । ਕਿਉਂਕਿ ਉਹਨਾਂ ਨੇ ਆਪਣੇ ਚਹੇਤੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੀ ਕੁਰਸੀ ਨਿਵਾਜ਼ਕੇ ਆਪਣੇ ਪੰਜਾਬ ਨੂੰ ਸਹੀ ਲੀਹਾਂ ‘ਤੇ ਲਿਆਉਣ ਦੇ ਸੁਪਨੇ ਸੰਜੋਏ ਸੀ, ਨਾ ਕਿ ਰਬੜ ਦੀ ਮੋਹਰ ਬਣੇ ਆਪਣੇ ਦਿੱਲੀ ਬੈਠੇ ਆਕਾਵਾਂ ਨੂੰ ਖੁਸ਼ ਕਰਕੇ ਪੰਜਾਬ ਦੇ ਹਿੱਤਾਂ ਦਾ ਖਿਲਵਾੜ ਕਰਨ ਦੇ ਕੁਰਾਹੇ ਤੁਰਨ ਲਈ । ਮੁੱਖ ਮੰਤਰੀ ਮਾਨ ਦੇ ਮੋਢੇ ਧਰ ਦਿੱਲੀ ਦਰਬਾਰ ਵੱਲੋਂ ਐਲਾਨੇ ਪੰਜਾਬ ਵਿਰੋਧੀ ਫੈਸਲੇ ਪੰਜਾਬ ਦੀ ਜਨਤਾ ਨੂੰ ਮੁੱਖ ਮੰਤਰੀ ਮਾਨ ਤੋਂ ਦੂਰ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੇ । ਇਸੇ ਲਈ ਸੋਸ਼ਲ ਮੀਡੀਆ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੁੱਤੀ ਜ਼ਮੀਰ ‘ਚੋਂ ਜਾਗ ਪੈਣ ਲਈ ਤਰਾਂ-ਤਰਾਂ ਦੇ ਕੁਮੈਂਟ ਸੁਣਨ ਨੂੰ ਮਿਲ ਰਹੇ ਹਨ ।
ਹੁਣੇ-ਹੁਣੇ ਲੰਘੇ ਦਿਨੀਂ ਸੋਸ਼ਲ ਮੀਡੀਆ ਉੱਤੇ ਪੰਜਾਬ ਦਾ ਰਿਮੋਟ ਚਲਾਉਣ ਵਾਲੇ ਮੰਨੇ ਜਾਂਦੇ ਚਰਚਿਤ ਰਾਘਵ ਚੱਢਾ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਅਣਬਣ ਦੀ ਸੋਸ਼ਲ ਮੀਡੀਆ ਉੱਤੇ ਤਾਜ਼ੀ ਚੱਲ ਰਹੀ ਖ਼ਬਰ ਦਾ ਆਮ ਆਦਮੀ ਪਾਰਟੀ ਦੇ ਵਿਰੋਧੀ ਪੂਰਾ ਸੁਆਦ ਲੈ ਰਹੇ ਹਨ । ਰਾਘਵ ਚੱਢਾ ਨਾਲ ਭਗਵੰਤ ਮਾਨ ਦੀ ਅਣਬਣ ਦਾ ਮੁੱਖ ਕਾਰਨ ਹੁਣੇ ਹੁਣੇ ਹੀ ਅਟਾਰਨੀ ਜਨਰਲ ਪੰਜਾਬ ਨੂੰ ਬਦਲਕੇ ਨਵੇਂ ਏ ਜੀ ਦੀ ਨਿਯੁਕਤੀ ਕਰਨਾ ਮੰਨਿਆ ਜਾ ਰਿਹਾ ਹੈ । ਭਾਵੇਂ ਹੁਣ ਤੱਕ ਭਗਵੰਤ ਮਾਨ ਆਪਣੇ ਦਿੱਲੀ ਵਾਲੇ ਆਕਾਵਾਂ ਦੇ ਭੇਜੇ ਫੁਰਮਾਨ ਪੰਜਾਬ ਵਾਸੀਆਂ ਉੱਤੇ ਮੜ੍ਹਦਾ ਰਿਹਾ , ਪਰ ਹੁਣ ਰਾਘਵ ਚੱਢਾ ਵੱਲੋਂ ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਨੂੰ ਬਦਲਕੇ ਆਪਣੇ ਚਹੇਤੇ ਸ਼੍ਰੀ ਵਿਨੋਦ ਘਈ ਨੂੰ ਐਡਵੋਕੇਟ ਜਨਰਲ ਪੰਜਾਬ ਲਾਉਣਾ ਭਗਵੰਤ ਸਿੰਘ ਮਾਨ ਨੂੰ ਪੰਜਾਬੀਆਂ ਦੇ ਮੱਥੇ ਨਾ ਲੱਗ ਸਕਣ ਸਮਾਨ ਮੰਨਿਆ ਜਾ ਰਿਹਾ ਹੈ । ਕਿਉਂਕਿ ਅਨਮੋਲ ਰਤਨ ਸਿੰਘ ਸਿੱਧੂ ਮੁੱਖ ਮੰਤਰੀ ਮਾਨ ਦਾ ਅਤਿ ਨਜ਼ਦੀਕੀ ਮੰਨਿਆ ਜਾਂਦਾ ਸੀ ਅਤੇ ਦਿੱਲੀ ਦਰਬਾਰ ਵੱਲੋਂ ਲਏ ਜਾਂਦੇ ਗਲਤ ਫੈਸਲਿਆਂ ਉੱਤੇ ਵੀ ਬੋਲਣ ਤੋਂ ਸੰਕੋਚ ਨਹੀਂ ਕਰਦਾ ਸੀ । ਇਸੇ ਕਾਰਨ ਮੁੱਖ ਮੰਤਰੀ ਦਫਤਰ ਦੇ ਸਿਰ ‘ਤੇ ਬੈਠੀ ਦਿੱਲੀ ਦੇ ਦਰਬਾਰ ਦੀ ਟੀਮ ਅਤੇ ਐਡਵੋਕੇਟ ਜਨਰਲ ਸਿੱਧੂ ਵਿਚਕਾਰ ਸੁਰੂ ਤੋਂ ਹੀ ਕਸ਼ਮਕਸ਼ ਚੱਲੀ ਆ ਰਹੀ ਸੀ । ਦਿੱਲੀ ਦਰਬਾਰ ਅੱਗੇ ਨਾ ਝੁਕਣ ਨਾਲੋਂ ਐਡਵੋਕੇਟ ਜਨਰਲ ਸਿੱਧੂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਹੀ ਮੁਨਾਸਿਬ ਸਮਝਿਆ । ਪਰ ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅਨਮੋਲ ਰਤਨ ਸਿੱਧੂ ਨੂੰ ਅਸਤੀਫਾ ਦੇਣ ਤੋਂ ਰੋਕਣ ਲਈ ਆਪਣੀ ਪੂਰੀ ਵਾਹ ਲਾਈ ਸੀ ਜੋ ਕਿਸੇ ਹੱਦ ਤੱਕ ਵਿਅਰਥ ਹੀ ਗਈ । ਇਹ ਵੀ ਸੁਣਨ ਵਿੱਚ ਆ ਰਿਹਾ ਹੈ ਕਿ ਆਪ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਵੀ ਭਗਵੰਤ ਮਾਨ ਅਤੇ ਰਾਘਵ ਚੱਢਾ ਵਿਚਕਾਰ ਪੈਦਾ ਹੋਈ ਖਟਾਸ ਨੂੰ ਦੂਰ ਕਰਨ ਦਾ ਪੂਰਾ ਯਤਨ ਕਰ ਰਹੇ ਹਨ ।
ਇਥੇ ਇਹ ਵੀ ਇੱਕ ਸਵਾਲ ਪੈਦਾ ਹੈ ਕਿ ਆਖਰ ਰਾਘਵ ਚੱਢਾ ਲਈ ਭਗਵੰਤ ਮਾਨ ਦੀ ਨਾਰਾਜਗੀ ਮੁੱਲ ਲੈ ਕੇ ਐਡਵੋਕੇਟ ਜਨਰਲ ਬਦਲਣਾ ਕਿਉਂ ਜਰੂਰੀ ਹੋ ਗਿਆ ? ਇਹ ਇੱਕ ਬਹੁਤ ਹੀ ਸੰਜੀਦਾ , ਗੰਭੀਰ ਅਤੇ ਕਬਿਲ-ਏ-ਗੌਰ ਸੁਆਲ ਹੈ , ਜਿਸਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਜ਼ਮੀਰ ਨੂੰ ਸ਼ਾਇਦ ਸੱਚਮੁੱਚ ਹੀ ਹਲੂਣਿਆ ਹੋਵੇ । ਕਿਉਂਕਿ ਹਾਲਾਤ ਇਸ ਕਦਰ ਬਣ ਚੁੱਕੇ ਹਨ ਕਿ ਭਗਵੰਤ ਮਾਨ ਲਈ ਪੰਜਾਬ ਵਾਸੀਆਂ ਦੇ ਸੁਆਲਾਂ ਦੇ ਜਵਾਬ ਦੇਣ ਤੋਂ ਮੁਨਕਰ ਹੋਣਾ ਲੱਗਭਗ ਔਖਾ ਹੋ ਚੁੱਕਾ ਹੈ । ਕਿਉਂਕਿ ਪੰਜਾਬ ਵਾਸੀਆਂ ਦਾ ਪੰਜਾਬ ਸਰਕਾਰ ਪ੍ਰਤੀ ਸਬਰ ਦਾ ਪਿਆਲਾ ਹੁਣ ਭਰ ਚੁੱਕਾ ਲੱਗਦਾ ਹੈ ।
ਅਸਲ ਮੁੱਦੇ ‘ਤੇ ਆਉਣ ਦਾ ਜਿਕਰ ਕਰਨਾ ਜਰੂਰੀ ਹੈ ਕਿ ਬੀਤੇ ਵਿੱਚ ਸੋਨੇ ਦੀ ਚਿੜੀ ਅਖਵਾਉਣ ਵਾਲੇ ਪੰਜਾਬ ਨੂੰ ਲੁੱਟਿਆ ਅਤੇ ਕੁੱਟਿਆ ਹੀ ਸੀ , ਪਰ ਹੁਣ ਇੰਝ ਪ੍ਰਤੀਤ ਹੋ ਰਿਹਾ ਹੈ ਕਿ ਰਾਘਵ ਚੱਢਾ ਨੇ ਤਾਂ ਪੰਜਾਬੀਆਂ ਵੱਲੋਂ ਦਿੱਲੀ ਦਰਬਾਰ ਨੂੰ ਝੁਕਾਉਣ ਦੇ ਬਣੇ ਵਿਸ਼ਵ ਇਤਿਹਾਸ ਹੀ ਨੂੰ ਜਿਵੇਂ ਬਦਲਣ ਦੀ ਠਾਣ ਲਈ ਹੋਵੇ । ਰਾਘਵ ਚੱਢਾ ਨੇ ਭਾਵੇਂ ਭਗਵੰਤ ਮਾਨ ਸਰਕਾਰ ਵਿੱਚ ਹਰ ਜਗ੍ਹਾਹ ਹੀ ਆਪਣੀ ਪੁਗਾ ਕੇ ਮੁੱਖ ਮੰਤਰੀ ਮਾਨ ਰਾਹੀਂ ਸਮੁੱਚੀ ਪੰਜਾਬੀ ਜਨਤਾ ਨੂੰ ਨੀਵਾਂ ਦਿਖਾਉਣਾ ਸੁਰੂ ਤੋਂ ਹੀ ਜਾਰੀ ਰੱਖਿਆ । ਇਸ ਗੱਲ ਦਾ ਪੰਜਾਬੀਆਂ ਨੇ ਖੁੱਲ੍ਹਕੇ ਵਿਰੋਧ ਕਰਨਾ ਜਾਰੀ ਰੱਖਿਆ , ਆਪ ਵਲੰਟੀਅਰ ਤਾਂ ਇਸਨੂੰ ਲੋਕ ਲੱਜਾ ਕਰਕੇ ਸੱਪ ਦੇ ਮੂੰਹ ਪਈ ਕੋਹੜ ਕਿਰਲੀ ਮੰਨਦੇ ਆ ਰਹੇ ਸਨ । ਪਰ ਰਾਘਵ ਚੱਢਾ ਵੱਲੋਂ ਐਡਵੋਕੇਟ ਜਨਰਲ ਨੂੰ ਬਦਲਣਾ ਸ਼ਾਇਦ ਮੁੱਖ ਮੰਤਰੀ ਦੀ ਮਰੀ ਰਹੀ ਜ਼ਮੀਰ ਦੇ ਮੂੰਹ ਵਿੱਚ ਪਾਣੀ ਪਾ ਕੇ ਜਿਉਂਦਾ ਜਰੂਰ ਕਰੇਗਾ । ਕਿਉਂਕਿ ਰਾਘਵ ਚੱਢਾ ਨਹੀਂ ਚਹੁੰਦਾ ਸੀ ਕਿ ਇੱਕ ਲੱਖ ਤੋਂ ਲੈ ਕੇ ਦੋ ਲੱਖ ਤੱਕ ਪ੍ਰਤੀ ਮਹੀਨੇ ਦੀ ਤਨਖਾਹ ਵਾਲ਼ੀਆਂ ਏ ਜੀ ਦਫਤਰ ਦੀਆਂ ਸੌ ਤੋਂ ਡੇਢ ਸੌ ਤੱਕ ਦੀਆਂ ਲਾਅ ਅਫਸਰ ਦੀਆਂ ਮਲਾਈਦਾਰ ਪੋਸਟਾਂ ਯੋਗ ਪੰਜਾਬੀ ਕਾਨੂੰਨੀ ਮਾਹਿਰਾਂ ਚੋਂ ਭਰੀਆਂ ਜਾਣ ਅਤੇ ਇਹ ਪੋਸਟਾਂ ਕੇਵਲ ਅਤੇ ਕੇਵਲ ਦਿੱਲੀ ਦਰਬਾਰ ਤੋਂ ਤਿਆਰ ਹੋਣ ਵਾਲੀ ਸੂਚੀ ਰਾਹੀਂ ਹੀ ਭਰੀਆਂ ਜਾਣ । ਜਦੋਂ ਕਿ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਪੰਜਾਬ ਦੇ ਕਾਬਿਲ ਕਾਨੂੰਨੀ ਲਾਅ ਅਫਸਰਾਂ ਦੀ ਆਪਣੀ ਇੱਛਾ ਅਨੁਸਾਰ ਇੱਕ ਚੰਗੀ ਟੀਮ ਤਿਆਰ ਕਰਨਾ ਚਾਹੁੰਦੇ ਸਨ । ਪਰ ਇਹ ਗੱਲ ਦਿੱਲੀ ਦਰਬਾਰੀ ਰਾਘਵ ਚੱਢਾ ਦੇ ਹਾਜ਼ਮ ਨਹੀਂ ਹੋ ਰਹੀ ਸੀ , ਕਿਉਂਕਿ ਰਾਘਵ ਚੱਢਾ ਨਾਲ ਪੰਜਾਬ ਵਿੱਚ ਮਨਮਰਜੀਆਂ ਕਰਕੇ ਪਹਿਲਾਂ ਹੀ ਆਪਣੇ ਚਹੇਤਿਆਂ ਦੀਆਂ ਨਿਯੁਕਤੀਆਂ ਕਰਕੇ ਕੁੱਤੇ ਦੇ ਮੂੰਹ ਨੂੰ ਹੱਡ ਲੱਗਣ ਵਾਲੀ ਹੋ ਚੁੱਕੀ ਹੈ ।
ਰਾਘਵ ਚੱਢਾ ਵੱਲੋਂ ਅਨਮੋਲ ਰਤਨ ਸਿੱਧੂ ਨੂੰ ਬਦਲਣ ਦਾ ਦੂਸਰਾ ਵੱਡਾ ਕਾਰਨ ਇਹ ਵੀ ਸੀ ਕਿ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਏ ਜੀ ਦਫਤਰ ਪੰਜਾਬ ਵਿੱਚ ਲਾਅ ਅਫਸਰਾਂ ਸਮੇਤ ਬਾਕੀ ਪਈਆਂ ਖਾਲੀ ਆਸਾਮੀਆਂ ਰਿਜ਼ਰਵੇਸ਼ਨ ਕੋਟੇ ਨਾਲ ਪੁਰ ਕਰਨ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ । ਸੀ ਐੱਮ ਆਫਿਸ ਬੈਠੇ ਦਿੱਲੀ ਦਰਬਾਰੀਆਂ ਵੱਲੋਂ ਅਨਮੋਲ ਰਤਨ ਸਿੱਧੂ ਨੂੰ ਕਮਿਸ਼ਨ ਦੇ ਇਸ ਫੈਸਲੇ ਨੂੰ ਮਾਣਯੋਗ ਹਾਈਕੋਰਟ ਵਿੱਚ ਚੈਲਿੰਜ ਕਰਨ ਲਈ ਹੁਕਮ ਜਾਰੀ ਕੀਤਾ ਗਿਆ । ਪ੍ਰੰਤੂ ਇਹ ਭਿਣਕ ਪੈਣ ਤੇ , ਕਿ ਜਨਤਾ ਵਿੱਚ ਇਸਦਾ ਕਰੜਾ ਵਿਰੋਧ ਹੋਣ ਨਾਲ ਆਮ ਆਦਮੀ ਪਾਰਟੀ ਇੱਕ ਵੱਡੇ ਸਿਆਸੀ ਸੰਕਟ ਵਿੱਚ ਆ ਸਕਦੀ ਹੈ , ਐਡਵੋਕੇਟ ਜਨਰਲ ਨੂੰ ਦਿੱਲੀ ਦਰਬਾਰੀਆਂ ਵੱਲੋਂ ਪਿੱਛੇ ਹਟਣ ਲਈ ਤੁਰੰਤ ਨਵਾਂ ਫੁਰਮਾਨ ਜਾਰੀ ਕਰ ਦਿੱਤਾ ਜਾਂਦਾ ਹੈ । ਸ਼ਾਇਦ ਇਸ ਮੌਕੇ ਅਨਮੋਲ ਰਤਨ ਸਿੱਧੂ ਆਪਣੀ ਜ਼ਮੀਰ ਦਾ ਗਲ਼ਾ ਨਾ ਘੁੱਟ ਸਕੇ ਅਤੇ ਨਮੋਸ਼ੀ ਤੋਂ ਬਚਣ ਲਈ ਮੁੱਖ ਮੰਤਰੀ ਭਗਵੰਤ ਮਾਨ ਅੱਗੇ ਅਸਤੀਫਾ ਦੇਣਾ ਹੀ ਮੁਨਾਸਿਬ ਸਮਝਿਆ ਅਤੇ ਉਹਨਾਂ ਦੇ ਅਸਤੀਫਾ ਦੇਣ ਬਾਅਦ ਹੁਣ ਪੰਜਾਬ ਸਰਕਾਰ ਦੀਆਂ ਸਭ ਉੱਚ ਅਹੁਦੇ ਦੀਆਂ ਪੋਸਟਾਂ ਜਿਵੇਂ ਕਿ ਪੁਲੀਸ ਮੁੱਖੀ , ਪ੍ਰਮੁੱਖ ਸਕੱਤਰ ਅਤੇ ਐਡਵੋਕੇਟ ਜਨਰਲ ਆਦਿ ਸੀਐੱਮ ਦਫਤਰ ਪੰਜਾਬ ਵਿੱਚ ਕਾਬਜ਼ ਦਿੱਲੀ ਦਰਬਾਰੀਆਂ ਨੇ ਆਪਣੇ ਅਧੀਨ ਕਰ ਲਈਆਂ ਹਨ । ਹੁਣ ਭਗਵੰਤ ਸਿੰਘ ਮਾਨ ਪੰਜਾਬੀਆਂ ਲਈ ਸਿਰਫ ਤੇ ਸਿਰਫ ਇੱਕ ਦਿਖਾਵੇ ਦਾ ਮੁੱਖ ਮੰਤਰੀ ਬਣਕੇ ਰਹਿ ਗਿਆ ਹੈ ।
ਇੱਥੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਈ ਬਹੁਤ ਵੱਡਾ ਚੁਣੌਤੀ ਭਰਿਆ ਸਵਾਲ ਖੜ੍ਹਾ ਹੁੰਦਾ ਹੈ ਕਿ ਦਿੱਲੀ ਦਰਬਾਰ ਵੱਲੋਂ ਭੇਜੇ ਗਏ ਨਵੇਂ ਐਡਵੋਕੇਟ ਜਨਰਲ ਵਿਨੋਦ ਘਈ ਪੰਜਾਬ ਦੀਆਂ ਕਈ ਬਹੁਤ ਚਰਚਿਤ ਹਸਤੀਆਂ ਦੇ ਕੇਸਾਂ ਦੀ ਪੈਰਵਾਈ ਕਰ ਚੁੱਕੇ ਹਨ ਜਾਂ ਕਰ ਰਹੇ ਹਨ । ਇਹਨਾ ਵਿੱਚੋਂ ਗੁਰਮੀਤ ਰਾਮ ਰਹੀਮ ਦਾ ਬੇਅਦਬੀ ਅਤੇ ਪੰਚਕੂਲਾ ਹਿੰਸਾ ਕੇਸ , ਸਿਮਰਨਜੀਤ ਸਿੰਘ ਬੈਂਸ ਦਾ ਬਲਾਤਕਾਰ ਕੇਸ , ਸਾਬਕਾ ਮੰਤਰੀ ਡਾ. ਵਿਜੇ ਸਿੰਗਲਾ ਅਤੇ ਭਾਰਤ ਭੂਸ਼ਣ ਆਸ਼ੂ ਨਾਲ ਸਬੰਧਤ ਕੁਰਪਸ਼ਨ ਦਾ ਕੇਸ , ਤੇਜਿੰਦਰਪਾਲ ਬੱਗਾ ਅਤੇ ਸਾਬਕਾ ਡੀ ਜੀ ਪੀ ਸੁਮੇਧ ਸੈਣੀ ਆਦਿ ਦੇ ਕੇਸ ਸ਼ਾਮਲ ਹਨ । ਕੀ ਹੁਣ ਵਿਨੋਦ ਘਈ ਪੰਜਾਬ ਸਰਕਾਰ ਦੇ ਸਰਕਾਰੀ ਵਕੀਲ ਬਣਕੇ ਆਪਣੇ ਉਪਰੋਕਤ ਕੇਸਾਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਆਪਣੀ ਸਹੀ ਭੂਮਿਕਾ ਨਿਭਾਉਂਦੇ ਹੋਏ ਪੈਰਵਾਈ ਕਰ ਸਕਣਗੇ ?
ਸਵਾਲ ਸੋਚਣ , ਸਮਝਣ ਅਤੇ ਗ਼ੌਰ ਕਰਨਯੋਗ ਹੈ । ਆਪਣੇ ਵਿਚਾਰ ਕੁਮੈਂਟ ਕਰਕੇ ਜਰੂਰ ਦਿਉ ।
ਬਲਜਿੰਦਰ ਭਨੋਹੜ ।