ਕੁਪਵਾੜਾ : ਕਸ਼ਮੀਰ ਵਿਚ ਹੋ ਰਹੀ ਬਰਫਬਾਰੀ ਵਿਚ ਫੌਜ ਦੇ ਤਿੰਨ ਜਵਾਨਾਂ ਦੇ ਸ਼ਹੀਦ ਹੋਣ ਦੀ ਖਬਰ ਹੈ। ਭਾਰਤੀ ਫੌਜ ਦੇ 56 ਰਾਸ਼ਟਰੀ ਰਾਈਫਲਸ ਦੇ ਤਿੰਨ ਜਵਾਨ ਮਾਛਿਲ ਖੇਤਰ ਵਿ ਡਿਊਟੀ ਦੌਰਾਨ ਜੰਮੂ-ਕਸ਼ਮੀਰ ਦੇ ਕੁਪਵਾੜਾ ਸੈਕਟਰ ਵਿਚ ਕੰਟਰੋਲ ਰੇਖਾ ਕੋਲ ਬਰਫ ਦੇ ਤੋਦੇ ਡਿਗਣ ਨਾਲ ਫੌਜ ਦੇ ਜਵਾਨ ਫਸ ਗਏ ਸਨ। ਫੌਜ ਦੇ ਜਵਾਨਾਂ ਦੀ ਮ੍ਰਿਤਕ ਦੇਹ ਬਰਾਮਦ ਕਰ ਲਈ ਗਈ ਹੈ। ਖਰਾਬ ਮੌਸਮ ਦੇ ਚੱਲਦਿਆਂ ਬਰਫੀਲੀ ਉਚਾਈਆਂ ਤੇ ਮੁਸ਼ਕਲ ਇਲਾਕਿਆਂ ਵਿਚ ਡਿਊਟੀ ਦੌਰਾਨ ਬਲਿਦਾਨ ਦੇਣ ਵਾਲੇ ਬਹਾਦੁਰਾਂ ਦੀ ਪਛਾਣ ਸੌਵਿਕ ਹਾਜਰਾ, ਮੁਕੇਸ਼ ਕੁਮਾਰ ਤੇ ਗਾਇਕਵਾੜ ਮਨੋਜ ਲਕਸ਼ਮਣ ਰਾਏ ਵਜੋਂ ਹੋਈ ਹੈ। ਠੰਡ ਦੇ ਵਧਦੇ ਹੀ ਕਸ਼ਮੀਰ ਵਿਚ ਭਾਰੀ ਬਰਫਬਾਰੀ ਸ਼ੁਰੂ ਹੋ ਗਈ ਹੈ। ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਮਾਛਿਲ ਵਿਚ ਫੌਜ ਦਾ ਬੰਕਰ ਬਰਫ ਦੇ ਤੋਦੇ ਦੀ ਲਪੇਟ ਵਿਚ ਆ ਗਿਆ ਸੀ। ਇਸ ਵਿਚ ਫੌਜ ਦੇ 3 ਜਵਾਨ ਸ਼ਹੀਦ ਹੋ ਗਏ। ਫੌਜ ਨੇ ਰੈਸਕਿਊ ਕਰਕੇ ਮ੍ਰਿਤਕ ਦੇਹਾਂ ਨੂੰ ਕੱਢਿਆ। ਤਿੰਨੋਂ ਮ੍ਰਿਤਕ ਦੇਹਾਂ ਨੂੰ 168 ਫੌਜ ਹਸਪਤਾਲ ਦੁਰਗ ਮੁੱਲਾ ਭੇਜਿਆ ਗਿਆ ਹੈ। ਹਾਦਸੇ ਦੇ ਬਾਅਦ ਫੌਜ ਦੇ ਉਚ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ ਹਨ। ਜਵਾਨਾਂ ਦੇ ਪਰਿਵਾਰ ਵਾਲਿਆਂ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ।