ਨਿਊਜ਼ੀਲੈਂਡ : ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ‘2021 ਰੈਜ਼ੀਡੈਂਟ ਵੀਜ਼ਾ’ ਸ਼੍ਰੇਣੀ ਤਹਿਤ 01 ਦਸੰਬਰ ਤੋਂ 2021 ਤੋਂ ਅਰਜ਼ੀਆਂ ਲੈਣੀਆਂ ਸ਼ੁਰੂ ਕੀਤੀਆਂ ਗਈਆਂ ਸਨ ਅਤੇ ਪਹਿਲਾ ਵੀਜ਼ਾ 6 ਦਸੰਬਰ 2021 ਨੂੰ ਲਾ ਕੇ ਰੈਜ਼ੀਡੈਂਟ ਵੀਜ਼ਿਆਂ ਦੀਆਂ ਅਰਜ਼ੀਆਂ ਉਤੇ ਰੋਜ਼ਾਨਾ ਠਾਹ-ਠਾਹ ਮੋਹਰ ਲੱਗਣੀ ਜਾਰੀ ਹੈ। 18 ਅਕਤੂਬਰ 2022 ਤੱਕ ਜਾਰੀ ਅੰਕੜਿਆਂ ਅਨੁਸਾਰ ਹੁਣ ਤੱਕ ਕੁੱਲ 106,068 ਅਰਜ਼ੀਆਂ ਪ੍ਰਾਪਤ ਕੀਤੀਆਂ ਗਈਆਂ ਹਨ ਜਿਨ੍ਹਾਂ ਦੇ ਵਿਚੋਂ 59,830 ਅਰਜ਼ੀਆਂ ਪਾਸ ਕਰ ਦਿੱਤੀਆਂ ਗਈਆਂ ਹਨ ਅਤੇ 110,141 ਤੋਂ ਵੱਧ ਲੋਕ ਰੈਜੀਡੈਂਟ ਵੀਜ਼ਾ ਪ੍ਰਾਪਤ ਕਰ ਚੁੱਕੇ ਹਨ। ਕੁੱਲ ਪ੍ਰਾਪਤ ਅਰਜ਼ੀਆਂ ਦੇ ਵਿਚ 2,14,349 ਲੋਕ ਸ਼ਾਮਿਲ ਨੇ ਜਿਨ੍ਹਾਂ ਨੇ ਰੈਜੀਡੈਂਟ ਵੀਜ਼ੇ ਪ੍ਰਾਪਤ ਕਰਨੇ ਨੇ। 164 ਅਰਜ਼ੀਆਂ ਅਯੋਗ ਵੀ ਪਾਈਆਂ ਗਈਆਂ ਹਨ। ਇਹ ਸਾਰਾ ਕੁਝ ਇਮੀਗ੍ਰੇਸ਼ਨ ਨੇ 18 ਮਹੀਨਿਆਂ ਦੇ ਵਿਚ ਨਿਬੇੜਨਾ ਹੈ ਅਤੇ ਦਸੰਬਰ ਤੱਕ ਬਹੁਤਿਆਂ ਦੇ ਹੋਰ ਵੀਜ਼ੇ ਲੱਗ ਸਕਦੇ ਹਨ। ਦਿਤੇ ਵੇਰਵੇ ਅਨੁਸਾਰ ਅਜੇ 1,04, 044 ਹੋਰ ਲੋਕਾਂ ਦੇ ਪੱਕੇ ਹੋਣ ਦੀ ਆਸ ਬਣੀ ਹੋਈ ਹੈ। ਇਸ ਤੋਂ ਇਲਾਵਾ ਵਿਜ਼ਟਰ ਵੀਜ਼ੇ ਵੀ ਲਗਾਤਾਰ ਲੱਗ ਰਹੇ ਹਨ ਅਤੇ ਲੋਕ ਮਹਿੰਗੀਆਂ ਟਿਕਟਾਂ ਖਰੀਦ ਕੇ ਪਹੁੰਚ ਰਹੇ ਹਨ। ਕਈਆਂ ਨੂੰ ਬਿਨਾਂ ਮੰਗਿਆ ਵਾਧੂ ਸਮੇਂ ਵਾਲਾ ਵੀਜ਼ਾ ਵੀ ਦਿੱਤਾ ਜਾ ਰਿਹਾ ਹੈ। ਕਿੰਨੇ ਭਾਰਤੀਆਂ ਦੇ ਲੱਗੇ ਪੱਕੇ ਵੀਜ਼ੇ?-ਇਹ ਅੰਕੜੇ ਇਕੱਠੇ ਕਰਨ ਲਈ ਇਸ ਪੱਤਰਕਾਰ ਵੱਲੋਂ ਸਬੰਧਿਤ ਮਹਿਕਮੇ ਨਾਲ ਚਿੱਠੀ ਪੱਤਰ ਕਰਕੇ ਰਾਬਤਾ ਕਾਇਮ ਕੀਤਾ ਗਿਆ ਅਤੇ ਤਾਜ਼ਾ ਜਾਣਕਾਰੀ ਹਾਸਿਲ ਕੀਤੀ ਗਈ ਹੈ। 7 ਅਕਤੂਬਰ 2022 ਤੱਕ ਮਹਿਕਮੇ ਵੱਲੋਂ ਸੰਗ੍ਰਹਿ ਕੀਤੇ ਗਏ ਅੰਕੜਿਆਂ ਅਨੁਸਾਰ ਹੁਣ ਤੱਕ ਭਾਰਤੀ ਮੂਲ ਦੇ ਲੋਕਾਂ ਦੀਆਂ 19,290 ਫਾਈਲਾਂ ਉਤੇ ਰੈਜੀਡੈਂਟ ਵੀਜ਼ੇ ਵਾਲੀ ਮੋਹਰ ਲੱਗ ਚੁੱਕੀ ਹੈ ਜਿਨ੍ਹਾਂ ਦੇ ਰਾਹੀਂ 30,086 ਲੋਕ ਪੱਕੇ ਹੋ ਚੁੱਕੇ ਹਨ। ਇਸ ਤੋਂ ਇਲਾਵਾ 12,886 ਹੋਰ ਫਾਈਲਾਂ ਅਜੇ ਕਤਾਰ ਵਿਚ ਹਨ ਜਿਨ੍ਹਾਂ ਬਾਰੇ ਫੈਸਲਾ ਹੋਣਾ ਹੈ। ਕਿੰਨੇ ਭਾਰਤੀਆਂ ਦੇ ਲੱਗੇ ਵਿਜ਼ਟਰ ਵੀਜ਼ੇ?-7 ਅਕਤੂਬਰ 2022 ਤੱਕ ਮਿਲੇ ਅੰਕੜਿਆਂ ਅਨੁਸਾਰ ਭਾਰਤ ਤੋਂ ਇਥੇ ਵਿਜ਼ਟਰ ਵੀਜ਼ੇ ਉਤੇ ਆਉਣ ਵਾਲਿਆਂ ਨੇ ਵੀ ਹਨ੍ਹੇਰੀ ਲਿਆਂਦੀ ਪਈ ਹੈ। ਪਹਿਲੀ ਅਗਸਤ 2022 ਨੂੰ ਅਰਜ਼ੀਆਂ ਖੁੱਲ੍ਹੀਆਂ ਸਨ ਤੇ ਇਹ ਵੀਜ਼ੇ ਸ਼ੁਰੂ ਹੋਏ ਸਨ। 01 ਅਗਸਤ 2022 ਤੋਂ 7 ਅਕਤੂਬਰ 2022 ਤੱਕ ਭਾਰਤੀਆਂ ਦੀਆਂ 19,951 ਅਰਜ਼ੀਆਂ ਵਿਜ਼ਟਰ ਵੀਜੇ ਵਾਸਤੇ ਲੱਗੀਆਂ ਜਿਨ੍ਹਾਂ ਵਿਚੋਂ 3,339 ਲੋਕ ਵੀਜ਼ੇ ਪ੍ਰਾਪਤ ਕਰਕੇ ਇਥੇ ਆ ਵੀ ਚੁੱਕੇ ਹਨ।