ਨਵੀਂ ਦਿੱਲੀ : ਪੰਜਾਬ ਦੇ ਨੌਜਵਾਨਾਂ ਦੀ ਭਲਾਈ ਅਤੇ ਉੱਨਤੀ ਲਈ ਆਪਣੇ ਸੁਹਿਰਦ ਯਤਨਾਂ ਦੀ ਨਿਰੰਤਰਤਾ ਵਿੱਚ ਅੱਜ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਨੇ ਇਸ ਸਾਲ ਗ੍ਰੈਜੂਏਟ ਹੋਣ ਵਾਲੇ ਪੰਜਾਬ ਦੇ ਸਾਰੇ ਆਈ.ਟੀ.ਆਈ ਵਿਦਿਆਰਥੀਆਂ ਨੂੰ ਉਦਯੋਗਿਕ ਕਿੱਟਾਂ ਵੰਡਣ ਦਾ ਐਲਾਨ ਕੀਤਾ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਐਨਜੀਓ ਸਨ ਫਾਊਂਡੇਸ਼ਨ ਈਸਟਮੈਨ ਕਾਸਟ ਐਂਡ ਫੋਰਜ ਲਿਮਟਿਡ ਨਾਲ ਸਹਿਯੋਗ ਕਰ ਰਹੀ ਹੈ। ਇਹ ਉਪਰਾਲਾ ਤਕਨੀਕੀ ਸਿੱਖਿਆ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਕੀਤਾ ਜਾਵੇਗਾ। ਇਹ ਕਿੱਟਾਂ ਆਈਟੀਆਈ ਪਾਸ ਵਿਦਿਆਰਥੀਆਂ ਨੂੰ ਆਈਟੀਆਈ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਹੀ ਨੌਕਰੀ ਅਤੇ ਸਵੈ-ਰੁਜ਼ਗਾਰ ਪ੍ਰਾਪਤ ਕਰਨ ਵਿੱਚ ਮਦਦ ਕਰਨਗੀਆਂ। ਪੰਜਾਬ ਭਰ ਦੇ 15000 ਤੋਂ ਵੱਧ ਵਿਦਿਆਰਥੀ ਇਸ ਨੇਕ ਉਪਰਾਲੇ ਦਾ ਲਾਭ ਉਠਾਉਣਗੇ। ਇਹ ਉਪਰਾਲਾ ਪੰਜਾਬ ਦੇ ਨੌਜਵਾਨਾਂ ਲਈ ਦੀਵਾਲੀ ਦਾ ਤੋਹਫ਼ਾ ਹੈ। ਇਸ ਮੌਕੇ ਈਸਟਮੈਨ ਤੋਂ ਰੀਮਾ ਸਿੰਘਲ ਅਤੇ ਮੀਨਾਕਸ਼ੀ ਜੈਨ, ਫੀਕੋ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਅਤੇ ਟਾਟਾ ਪਾਵਰ ਤੋਂ ਅਪੂਰਵਾ ਗੁਪਤਾ ਹਾਜ਼ਰ ਸਨ।