
ਦਾਮੋਹ, 6 ਅਪ੍ਰੈਲ, 2025 : ਮੱਧ ਪ੍ਰਦੇਸ਼ ਦੇ ਦਾਮੋਹ ਤੋਂ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਇਕ ਨਕਲੀ ਡਾਕਟਰ ਨੇ ਆਪ੍ਰੇਸ਼ਨ ਕਰ ਕੇ ਸੱਤ ਮਰੀਜ਼ਾਂ ਦੀ ਜਾਨ ਲੈ ਲਈ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਇਸ ਨਕਲੀ ਡਾਕਟਰ ਨੇ ਨਿੱਜੀ ਮਿਸ਼ਨਰੀ ਹਸਪਤਾਲ 'ਚ ਮਰੀਜ਼ਾਂ ਦਾ ਆਪ੍ਰੇਸ਼ਨ ਕੀਤਾ ਜਿਸ ਕਾਰਨ ਸੱਤ ਮਰੀਜ਼ਾਂ ਦੀ ਮੌਤ ਹੋ ਗਈ। ਇਸ ਪੂਰੇ ਮਾਮਲੇ ਨੂੰ ਲੈ ਕੇ ਇਕ ਸਥਾਨਕ ਨਿਵਾਸੀ ਨੇ ਐਨਐਚਆਰਸੀ 'ਚ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ 'ਚ ਦੱਸਿਆ ਗਿਆ ਹੈ ਕਿ ਹਸਪਤਾਲ 'ਚ ਕੰਮ ਕਰਨ ਵਾਲੇ ਇਕ ਡਾਕਟਰ ਨੇ ਦਾਅਵਾ ਕੀਤਾ ਸੀ ਕਿ ਉਹ ਵਿਦੇਸ਼ ਤੋਂ ਸਿੱਖਿਆ ਪ੍ਰਾਪਤ ਤੇ ਟ੍ਰੇਨਡ ਹੈ। ਉਸ ਡਾਕਟਰ ਨੇ ਆਪਣਾ ਨਾਂ 'ਡਾਕਟਰ ਐਨ ਜੌਨ ਕੈਮ' ਦੱਸਿਆ ਸੀ। ਹਾਲਾਂਕਿ ਦਾਅਵਾ ਕੀਤਾ ਗਿਆ ਕਿ ਉਸਦਾ ਅਸਲ ਨਾਂ ਨਰਿੰਦਰ ਵਿਕਰਮਾਦਿਤਿਆ ਯਾਦਵ ਹੈ। ਆਪ੍ਰੇਸ਼ਨ ਦੇ ਨਤੀਜੇ ਵਜੋਂ ਸੱਤ ਲੋਕਾਂ ਦੀ ਮੌਤ ਹੋਈ। ਐਨਐਚਆਰਸੀ ਨੂੰ ਦਿੱਤੀ ਗਈ ਸ਼ਿਕਾਇਤ 'ਚ ਦੱਸਿਆ ਗਿਆ ਹੈ ਕਿ ਡਾਕਟਰ ਨੇ ਮਰੀਜ਼ਾਂ ਨੂੰ ਗੁਮਰਾਹ ਕਰਨ ਲਈ ਯੂਨਾਈਟਡ ਕਿੰਗਡਮ ਦੇ ਪ੍ਰਸਿੱਧ ਦਿਲ ਦੇ ਰੋਗਾਂ ਦੇ ਮਾਹਿਰ ਪ੍ਰੋਫੈਸਰ ਜੌਨ ਕੈਮ ਦੇ ਨਾਂ ਦੀ ਦੁਰਵਰਤੋਂ ਕੀਤੀ। ਇਸ ਡਾਕਟਰ ਦੇ ਆਪ੍ਰੇਸ਼ਨ ਕਾਰਨ ਸੱਤ ਮਰੀਜ਼ਾਂ ਦੀ ਜ਼ਿੰਦਗੀ ਖਤਮ ਹੋ ਗਈ। ਹਾਲਾਂਕਿ, ਇਸ ਪੂਰੇ ਮਾਮਲੇ ਵਿਚ ਹਸਪਤਾਲ ਪ੍ਰਸ਼ਾਸਨ ਨਾਲ ਹੁਣ ਤੱਕ ਕੋਈ ਸੰਪਰਕ ਨਹੀਂ ਹੋ ਸਕਿਆ ਹੈ।